ਨਵੀਂ ਦਿੱਲੀ – ਗ੍ਰਹਿ ਮੰਤਰੀ ਅਮਿੱਤ ਸ਼ਾਹ ਨੇ ਸੋਮਵਾਰ ਨੂੰ ਰਾਜਸਭਾ ਵਿੱਚ ਧਾਰਾ 370 ਹਟਾਉਣ ਦਾ ਪ੍ਰਸਤਾਵ ਪੇਸ਼ ਕੀਤਾ। ਸ਼ਾਹ ਦੀ ਇਸ ਘਟੀਆ ਹਰਕਤ ਦੇ ਸਬੰਧ ਵਿੱਚ ਪੀਡੀਪੀ ਮੁੱਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਅੱਜ ਭਾਰਤੀ ਲੋਕਤੰਤਰ ਦਾ ਸੱਭ ਤੋਂ ਕਾਲਾ ਦਿਨ ਹੈ। 1947 ਵਿੱਚ ਦੋ ਰਾਸ਼ਟਰ ਸਿਧਾਂਤ ਨੂੰ ਖਾਰਿਜ਼ ਕਰਨ ਅਤੇ ਭਾਰਤ ਦੇ ਨਾਲ ਮਿਲਣ ਦੇ ਜੰਮੂ-ਕਸ਼ਮੀਰ ਨੇਤਰਵ ਦੇ ਫੈਂਸਲੇ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਭਾਰਤ ਸਰਕਾਰ ਦਾ ਧਾਰਾ 370 ਰੱਦ ਕਰਨ ਦਾ ਫੈਂਸਲਾ ਗੈਰਕਾਨੂੰਨੀ, ਇੱਕਤਰਫ਼ਾ ਅਤੇ ਅਸੰਵਿਧਾਨਿਕ ਹੈ। ਇਹ ਭਾਰਤ ਨੂੰ ਜੰਮੂ-ਕਸ਼ਮੀਰ ਵਿੱਚ ਇੱਕ ਜਾਲਿਮ ਸ਼ਕਤੀ ਬਣਾ ਦੇਵੇਗਾ।
ਮੁਫ਼ਤੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਦੇ ਸਿੱਟੇ ਭਿਆਨਕ ਨਿਕਲਣਗੇ। ਭਾਰਤ ਸਰਕਾਰ ਦੇ ਇਰਾਦੇ ਸਪੱਸ਼ਟ ਹਨ। ਉਹ ਇੱਥੋਂ ਦੇ ਲੋਕਾਂ ਨੂੰ ਭੈਭੀਤ ਕਰਕੇ ਜੰਮੂ-ਕਸ਼ਮੀਰ ਦਾ ਖੇਤਰ ਹੱਥਿਆਉਣਾ ਚਾਹੁੰਦੇ ਹਨ। ਭਾਰਤ ਕਸ਼ਮੀਰ ਤੇ ਆਪਣੇ ਵਾਅਦੇ ਨਿਭਾਉਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਤੇ ਜਸ਼ਨ ਮਨਾ ਰਹੇ ਹਨ, ਉਹ ਇਸ ਗੱਲ ਤੋਂ ਅਨਜਾਣ ਹਨ ਕਿ ਭਾਰਤ ਸਰਕਾਰ ਦੁਆਰਾ ਉਠਾਏ ਗਏ ਕਿਸੇ ਵੀ ਕਦਮ ਦੇ ਦੂਰਅੰਦਾਜੀ ਸਿੱਟੇ ਨਿਕਲਣਗੇ।
ਵਰਨਣਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਰਾਤ ਦੇ 12 ਵਜੇ ਧਾਰਾ-144 ਲਾਗੂ ਕਰ ਦਿੱਤੀ ਗਈ ਸੀ ਅਤੇ ਰਾਜ ਦੇ ਉਚਕੋਟੀ ਦੇ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪੂਰੇ ਰਾਜ ਵਿੱਚ ਇੰਟਰਨੈਟ ਅਤੇ ਫੋਨ ਆਦਿ ਦੀਆਂ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।