ਸਿਡਨੀ — ਸਿੱਖ ਐਸੋਸੀਏਸ਼ਨ ਦੇ ਸੀਨੀਅਰ ਗਰੁਪ ਨੂੰ, ਗੁਰਦੁਆਰਾ ਗਲੈਨਵੁੱਡ ਪ੍ਰਬੰਧਕ ਕਮੇਟੀ (ਏ.ਐਸ.ਏ.) ਦੇ ਸਹਿਯੋਗ ਅਤੇ ਸਹਾਇਤਾ ਨਾਲ, ਔਬਰਨ ਬੋਟੈਨੀਕਲ ਗਾਰਡਨ ਵਿੱਚ ਲਿਜਾਇਆ ਗਿਆ। ਸਾਰੇ ਹੀ ਸੀਨੀਅਰ ਸੱਜਣਾਂ ਨੇ ਇਸ ਯਾਤਰਾ ਦਾ ਭਰਪੂਰ ਆਨੰਦ ਮਾਣਿਆ।
ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪਾਰਕਲੀ ਤੋਂ, ਬੱਸਾਂ ਰਾਹੀਂ ਸਵੇਰੇ ਦਸ ਕੁ ਵਜੇ ਚੱਲ ਕੇ, ਸੰਗਤਾਂ ਅਧੇ ਘੰਟੇ ਵਿੱਚ ਪਾਰਕ ਵਿੱਚ ਪਹੁੰਚ ਗਈਆਂ। ਇਹ ਪਾਰਕ ਬਹੁਤ ਹੀ ਵਿਸ਼ਾਲ ਅਤੇ ਰਮਣੀਕ ਹੈ। ਇਕ ਬਹੁਤ ਵੱਡੇ ਸ਼ੈਡ ਹੇਠ ਉਤਾਰਾ ਕੀਤਾ ਗਿਆ ਜਿਥੇ ਬੈਠਣ ਵਾਸਤੇ ਬੈਂਚਾਂ ਦਾ ਪੂਰਾ ਪੂਰਾ ਪ੍ਰਬੰਧ ਸੀ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੇ ਪਾਰਕ ਦੀ ਖ਼ੂਬਸੂਰਤੀ ਨੂੰ ਹੋਰ ਵੀ ਨੇੜੇ ਹੋ ਕੇ ਵੇਖਣ ਦਾ ਭਰਪੂਰ ਆਨੰਦ ਮਾਣਿਆ। ਉਪ੍ਰੰਤ ਸਦਾ ਵਾਂਗ ਸ. ਜੀਵਨ ਸਿੰਘ ਦੁਸਾਂਝ ਦੇ ਗੀਤਾਂ ਅਤੇ ਅਗਵਾਈ ਹੇਠ, ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ। ਸਟੇਜ ਸੰਚਾਲਨ ਦੀ ਸੇਵਾ ਮੋਹਨ ਸਿੰਘ ਵਿਰਕ ਨੇ ਨਿਭਾਈ।
ਸਭ ਤੋਂ ਪਹਿਲਾਂ ਸਾਡੇ ਹਰਮਨ ਪਿਆਰੇ ਗਿਆਨੀ ਸੰਤੋਖ ਸਿੰਘ ਜੀ ਨੂੰ ਸਟੇਜ ਤੇ ਆਉਣ ਲਈ ਬੇਨਤੀ ਕੀਤੀ ਗਈ। ਉਹਨਾਂ ਨੇ ਹਸਰਸੀ ਸੁਭਾ ਅਨੁਸਾਰ ਮਾਹੌਲ ਨੂੰ ਤਾਜਗੀ ਦੇ ਕੇ ਖ਼ੁਸ਼ਗਵਾਰ ਕੀਤਾ ਫਿਰ ਇਕ ਪ੍ਰਸਿਧ ਕਵਿਤਾ ਸੁਣਾ ਕੇ ਵਾਹ ਵਾਹ ਹਾਸਲ ਕੀਤੀ। ਇਸ ਤੋਂ ਬਾਅਦ ਸਾਡੇ ਮਾਨਯੋਗ ਵਿਦਵਾਨ ਗਿਆਨੀ ਮਿਹਰ ਸਿੰਘ ਜੀ ਨੇ ੧੯੮੪ ਦੇ ਘੱਲੂਘਾਰੇ ਅਤੇ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਵਿਸ਼ੇ ਉਤੇ ਵਿਸਥਾਰ ਸਹਿਤ ਜਾਣਕਾਰੀ ਦਿਤੀ। ਉਪ੍ਰੰਤ ਏਸੇ ਵਿਸ਼ੇ ਤੇ ਹੀ ਇਕ ਸੋਗ ਭਰੀ ਕਵਿਤਾ ਵੀ ਸੁਣਾਈ ਜਿਸ ਨੂੰ ਸੁਣਕੇ ਸਰੋਤਿਆਂ ਵਿਚ ਉਦਾਸੀ ਦੇ ਨਾਲ਼ ਨਾਲ਼ ਰੋਹ ਵੀ ਪੈਦਾ ਹੋਇਆ। ਕਵਿਤਾ ਦੇ ਬੋਲ ਇਸ ਪਰਕਾਰ ਸਨ:
ਸੁਣ ਰਾਹੀਆ ਕਰਮਾਂ ਵਾਲਿਆ ਮੈਂ ਬੇਕਦਰੀ ਦੀ ਬਾਤ।
ਮੇਰਾ ਚੜ੍ਹਦਾ ਸੂਰਜ ਡੁੱਬਿਆ ਦਿਨ ਨੂੰ ਖਾ ਗਈ ਰਾਤ।
ਇਸ ਤੋਂ ਬਾਅਦ ਸ. ਊਧਮ ਸਿੰਘ ਸੁਹਾਣਾ ਜੀ ਨੇ ਸ਼ੇਰੇ ਪੰਜਾਬ ਮਹਾਂਰਾਜਾ ਰਨਜੀਤ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੀ ਦਰਿਆ ਦਿਲ ਬਹਾਦਰੀ ਦੇ ਕਾਰਨਾਮਿਆਂ ਤੇ ਭਰਪੂਰ ਜਾਣਕਾਰੀ ਦਿਤੀ ਅਤੇ ਏਸੇ ਵਿਸ਼ੇ ਤੇ ਇਕ ਕਵਿਤਾ ਸੁਣਾ ਕੇ ਸਰੋਤਿਆਂ ਦੇ ਲੂੰ ਕੰਢੇ ਖੜ੍ਹੇ ਕਰ ਦਿਤੇ।
ਉਪ੍ਰੰਤ ਸਮੂੰਹ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ ਜਿਸ ਦਾ ਸਾਰਿਆਂ ਨੇ ਭਰਪੂਰ ਆਨੰਦ ਮਾਣਿਅ। ਇਸ ਤੋਂ ਬਾਅਦ ਫਿਰ ਕਵੀ ਦਰਬਾਰ ਅਰੰਭ ਕੀਤਾ ਗਿਆ। ਜਿਸ ਦੀ ਸ਼ੁਰੂਆਤ ਦੁਸਾਂਝ ਜੀ ਦੇ ਗੀਤ ਛੱਲੇ ਨਾਲ ਹੋਈ ਜਿਸ ਨੂੰ ਸੁਣ ਕੇ ਸਰੋਤੇ ਵਾਹ ਵਾਹ ਕਰ ਉਠੇ।