ਲੁਧਿਆਣਾ,(ਪਰਮਜੀਤ ਸਿੰਘ ਬਾਗੜੀਆ) – ਤੇਜੀ ਨਾਲ ਭਰੀ ਮਨੁੱਖ ਦੀ ਅਜੋਕੀ ਜਿੰਦਗੀ ਵਿਚ ਕਈ ਪੁਰਾਤਨ ਅਤੇ ਰਵਾਇਤੀ ਢੰਗ ਬਦਲਦੇ ਜਾ ਰਹੇ ਹਨ ਪਰ ਮੁਟਿਆਰਾਂ ਦੇ ਆਪਣੀਆਂ ਅੰਦਰੂਨੀ ਭਾਵਨਾਵਾਂ ਦੇ ਜੋਰਦਾਰ ਅਤੇ ਨਿਸੰਗ ਪ੍ਰਗਟਾਵੇ ਦਾ ਜਰੀਆ ਤੀਆਂ ਦੇ ਆਉਣ ਸਾਰ ਉਨ੍ਹਾਂ ਵਿਚ ਇਕ ਵੱਖਰਾ ਜੋਸ਼ ਆ ਜਾਂਦਾ ਹੈ। ਇਸ ਤਰ੍ਹਾਂ ਦੇ ਹੀ ਇਕ ਸਮਾਗਮ ਨੂੰ ਪਿLਡ ਲਹਿਲ (ਲੁਧਿਆਣਾ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਨੇੜਿੳਂ ਵਾਚਣ ਦਾ ਸਬੱਬ ਬਣਿਆ। ਸਾਲ ਕੁ ਭਰ ਪਹਿਲੇ ਇਥੇ ਨਿਯੁਕਤ ਹੋਏ ਪ੍ਰਿੰਸੀਪਲ ਮੈਡਮ ਨਵਦੀਪ ਕੌਰ ਵਲੋਂ ਪਹਿਲੇ ਸਾਲ ਹੀ ਦਸਵੀ ਅਤੇ ਬਾਰ੍ਹਵੀ ਦੇ ਨਤੀਜੇ 100 ਪ੍ਰਤੀਸ਼ਤ ਦੇਣ ਉਪਰੰਤ ਸਹਿਕ੍ਰਿਆਵਾਂ ਵੱਲ ਵੀ ਧਿਆਨ ਦਿੱਤਾ ਗਿਆ। ‘ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਵਿਰਸੇ ਨਾਲ ਜੋੜੀ ਰੱਖਣ ਦੇ ਮੌਕੇ ਪ੍ਰਦਾਨ ਕਰਨ ਨਾਲ ਉਨ੍ਹਾਂ ਵਿਚ ਬਹੁਪੱਖੀ ਵਿਆਕਤੀਤਵ ਪੈਦਾ ਹੁੰਦਾ ਹੈ’ ਇਹ ਬੋਲ ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਨਵਦੀਪ ਕੌਰ ਰੋਮਾਣਾ ਨੇ ਸੰਸਥਾ ਵਿਚ ਉਲੀਕੇ ਤੀਆਂ ਦੇ ਸਮਾਗਮ ਦੌਰਾਨ ਕਹੇ। ਸਕੂਲ ਵਿਚ ਵਿਦਿਆਰਥਣਾਂ ਵਿਚ ਤੀਂਆਂ ਨੂੰ ਲੈ ਕੇ ਲੋਹੜੇ ਦੇ ਉਤਸ਼ਾਹ ਸਦਕਾ ਉਨ੍ਹਾਂ ਦਾ ਪੈਰ ਭੁੰਜੇ ਨਹੀ ਲਗ ਰਿਹਾ ਸੀ। ਵਿਦਿਆਰਥਣਾਂ ਹੁਣ ਤੱਕ ਪਹਿਲੀ ਵਾਰ ਅਜਿਹੇ ਕਿਸੇ ਸਮਾਗਮ ਦਾ ਹਿੱਸਾ ਬਣਨ ਜਾ ਰਹੀਆਂ ਸਨ ਜੋ ਪੰਜਾਬਣ ਮੁਟਿਆਰਾਂ ਦੇ ਚਾਅ-ਮਲਾਰਾਂ ਦੇ ਤਿਉਹਾਰ ਤੀਆਂ ਨਾਲ ਸਬੰਧਤ ਸੀ। ਨਿੱਕੀਆ-ਵੱਡੀਆਂ ਲੜਕੀਆਂ ‘ਚੋਂ ਬਹੁਤੀਆਂ ਗਿੱਧੇ ਵਾਲੇ ਵਿਸ਼ੇਸ਼ ਪਹਿਰਾਵੇ ਵਿਚ ਸਨ। ਜੋ ਵਿਸ਼ੇਸ਼ ਪਹਿਰਾਵੇ ‘ਚ ਨਹੀਂ ਸਨ, ਉਹਨਾਂ ਨੇ ਪੰਜਾਬਣ ਮੁਟਿਆਰਾਂ ਵਲੋਂ ਸਮੇਂ ਸਮੇਂ ਪਹਿਨੇ ਜਾਂਦੇ ਵੱਖ ਵੱਖ ਤਰਾਂ੍ਹ ਦੇ ਸਿੰਗਾਰ ਗਹਿਣੇ ਜਰੂਰ ਪਾਏ ਹੋਏ ਸਨ। ਸਕੂਲ ਵਿਚ ਪੰਜਾਬੀ ਹਸਤ ਕਲਾਂ ਵਸਤਾਂ ਦਰੀਆਂ, ਸੂਤੀ ਚਾਦਰਾਂ, ਚਰਖੇ ਅਤੇ ਪੁਰਾਤਨ ਭਾਂਡਿਆਂ ਦੀ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਇਹ ਵਿਦਿਆਰਥੀ ਸਾਡੇ ਅਮੀਰ ਵਿਰਸੇ ‘ਤੇ ਮਾਣ ਕਰ ਸਕਣ।
ਸਕੂਲ ਦੀਆਂ ਅਧਿਆਪਕਾਵਾਂ ਅਤੇ ਬੱਚਿਆਂ ਵਿਚ ਤੀਆਂ ਦੇ ਇਸ ਪਲੇਠੇ ਸਮਾਗਮ ਦਾ ਏਨਾ ਚਾਅ ਸੀ ਕਿ ਹੁੰਮਸ ਭਰੀ ਦੁਪਹਿਰ ਵੀ ਉਨ੍ਹਾਂ ਦਾ ਜੋਸ਼ ਮੱਠਾ ਨਾ ਕਰ ਸਕੀ। ਸਾਡੀ ਪੱਰਤਰਕਾਰਾਂ ਦੀ ਟੋਲੀ ਵਿਚੋਂ ਅਵਤਾਰ ਨੰਦਪੁਰੀ, ਪਰਮਜੀਤ ਸਿੰਘ ਬਾਗੜੀਆ ਅਤੇ ਗੁਰਸੇਵਕ ਸਿੰਘ ਦੇ ਜਾਣ ਸਾਰ ਹੀ ਉਨ੍ਹਾਂ ਸਕੂਲ ਦੇ ਮੁੱਖ ਦੁਆਰ ਨੇੜੇ ਖੜ੍ਹੇ ਵਿਸ਼ਾਲ ਪਿੱਪਲ ‘ਤੇ ਪਾਈ ਪੀਂਘ ਕੋਲ ਝੁਰਮਟ ਪਾ ਲਿਆ। ਸਭ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਮੈਡਮ ਨਵਦੀਪ ਕੌਰ ਰੋਮਾਣਾ ਜੋ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਟੀਮ ਨੂੰ ਗੋਲਡ ਮੈਡਲ ਜਿਤਾ ਚੁੱਕੇ ਹਨ, ਨੇ ਬੋਲੀਆਂ ਦਾ ਛੇੜਾ ਛੇੜਿਆ। ਫਿਰ ਤਾਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਿਚਕਾਰ ਅਜਿਹਾ ਤਾਲ-ਮੇਲ ਬੈਠਿਆ ਕਿ ਦੋਵੇਂ ਪਾਸਿਓਂ ਬੋਲੀ ਨਾ ਟੁੱਟੀ । ਜਿਵੇਂ ਦੋਵਾਂ ਧਿਰਾਂ ਵਿਚ ਕੋਈ ਮੁਕਾਬਲਾ ਹੋ ਰਿਹਾ ਹੋਵੇ। ਇਕ ਧਿਰ ਵਲੋਂ ਪਾਈ ਬੋਲੀ ਦੂਜੀ ਧਿਰ ਵਲੋਂ ਚੁੱਕਣ ਨਾਲ ਹੀ ਗਿੱਧੇ ਦਾ ਪਿੜ ਪੂਰਾ ਮਘ ਪਿਆ। ਜੇ ਵਿਦਿਆਰਥਣਾਂ ਗੇੜਾ ਦੇ ਕੇ ਹਟਦੀਆਂ ਤਾਂ ਅਧਿਆਪਕਾਵਾਂ ਆ ਪਿੜ੍ਹ ਮੱਲਦੀਆਂ। ਦਸਵੀਂ ਦੀਆਂ ਵਿਦਿਆਰਥਣਾਂ ਗੁਰਦੀਪ ਕੌਰ ਅਤੇ ਹਰਜੋਤ ਕੌਰ ਦਾ ਬੋਲੀਆਂ ਪਾਉਣ ਅਤੇ ਗਿੱਧਾ ਪਾਉਣ ਦਾ ਅਣਥੱਕ ਪ੍ਰਦਰਸ਼ਨ ਤਾਂ ਅਧਿਆਪਕਾਵਾਂ ਨੂੰ ਵੀ ਹੈਰਾਨ ਕਰ ਗਿਆ। ਐਨਾ ਜੋਸ਼ ਕਿ ਗਿੱਧੇ ਦੀ ਧਮਕ ਪਿੰਡ ਤੱਕ ਗੂੰਜਣ ਲਾ ਦਿੱਤੀ । ਦੋਵੇਂ ਧਿਰਾਂ ਬੋਲੀਆਂ ਵੀ ਜਿਵੇਂ ਚੁਣ ਚੁਣ ਕੇ ਲਿਆਈਆਂ ਹੋਣ । ਬੋਲੀਆਂ ਰਾਹੀਂ ਨੂੰਹ-ਸੱਸ, ਦਰਾਣੀ-ਜਠਾਣੀ ਅਤੇ ਨਣਦ-ਭਰਜਾਈ ਆਦਿ ਰਿਸ਼ਤਿਆਂ ਕੌੜੇ-ਮਿੱਠੇ ਅਨੁਭਵਾਂ ਦੇ ਨਾਲ ਨਾਲ ਭੈਣ-ਭਰਾ ਦੇ ਪਿਆਰ ਨੂੰ ਵੀ ਵਡਿਆਇਆ ਗਿਆ।। ਉਨਹਾਂ ਸਾਉਣ ਮਹੀਨੇ ਨਾਲ ਸਬੰਧਤ ਵੀ ਦਰਜਨਾਂ ਬੋਲੀਆਂ ਪਾ ਛੱਡੀਆਂ। ਲਗਭਗ 2 ਘੰਟੇ ਦੇ ਸਮੇਂ ਬਾਅਦ ਵੀ ਇੰਝ ਲਗਦਾ ਸੀ ਕਿ ਤੂੰ ਨਾ ਹਾਰੀ ਮੁਟਿਆਰੇ ਨੀ ਗਿੱਧਾ ਹਾਰ ਗਿਆ। ਸਮੂਹ ਸਟਾਫ ਵਿਚੋਂ ਸ੍ਰੀਮਤੀ ਜਸਪਾਲ ਕੌਰ, ਸੰਦੀਪ ਕੌਰ, ਚਰਨਜੀਤ ਕੌਰ, ਨਵਦੀਪ ਕੌਰ ਅਤੇ ਦਵਿੰਦਰ ਕੌਰ ਨੇ ਸਰਗਰਮ ਭੁਮਿਕਾ ਨਿਭਾਈ। ਅੰਤ ਵਿਚ ਮੈਡਮ ਨਵਦੀਪ ਕੌਰ ਨੇ ਸਾਰਿਆਂ ਨਾਲ ਖੀਰ ਦਾ ਵੀ ਅਨੰਦ ਲਿਆ।