ਫ਼ਤਹਿਗੜ੍ਹ ਸਾਹਿਬ – “ਦੁਨੀਆਂ ਵਿਚ ਵੱਸਣ ਵਾਲੀਆਂ ਸਭ ਕੌਮਾਂ ਤੇ ਮੁਲਕਾਂ ਨੂੰ ਇਹ ਜਾਣਕਾਰੀ ਹੈ ਕਿ ਇੰਡੀਆ ਉਤੇ ਰਾਜ ਕਰਨ ਵਾਲੇ ਸ੍ਰੀ ਮੋਦੀ ਅਤੇ ਬੀਜੇਪੀ ਜਮਾਤ ਕੱਟੜਵਾਦੀ ਹਿੰਦੂ ਸੋਚ ਤੇ ਪਹਿਰਾ ਦੇ ਰਹੀ ਹੈ ਅਤੇ ਘੱਟ ਗਿਣਤੀ ਕੌਮਾਂ ਉਤੇ ਗੈਰ-ਵਿਧਾਨਿਕ ਅਣਮਨੁੱਖੀ ਢੰਗਾਂ ਦੀ ਵਰਤੋਂ ਕਰਕੇ ਜ਼ਬਰ-ਜੁਲਮ ਵੀ ਕਰਦੀ ਆ ਰਹੀ ਹੈ । ਇਸੇ ਮੰਦਭਾਵਨਾ ਭਰੀ ਸੋਚ ਅਧੀਨ ਮੋਦੀ ਹਕੂਮਤ ਨੇ ਮੁਸਲਿਮ ਬਹੁਵੱਸੋ ਵਾਲੇ ਸੂਬੇ ਜੰਮੂ-ਕਸ਼ਮੀਰ ਨੂੰ ਵਿਧਾਨ ਦੀ ਧਾਰਾ 35ਏ ਅਤੇ ਆਰਟੀਕਲ 370 ਰਾਹੀ ਮਿਲੇ ਵਿਸ਼ੇਸ਼ ਅਧਿਕਾਰਾਂ ਨੂੰ ਰੱਦ ਕਰਕੇ, ਲੇਹ-ਲਦਾਖ ਅਤੇ ਕਸ਼ਮੀਰ ਨੂੰ ਯੂ.ਟੀ. ਖੇਤਰ ਐਲਾਨਕੇ ਕਸ਼ਮੀਰੀਆਂ ਦੇ ਵਿਧਾਨਿਕ ਆਜ਼ਾਦੀ ਦੇ ਹੱਕ ਉਤੇ ਵੱਡਾ ਡਾਕਾ ਮਾਰਿਆ ਹੈ । ਇਸ ਕਾਰਵਾਈ ਦਾ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਵੱਲੋਂ ਜਿਥੇ ਵੱਡਾ ਵਿਰੋਧ ਹੋਇਆ ਹੈ, ਉਥੇ ਕਈ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਅਮਲ ਵਿਰੁੱਧ ਰੋਹ ਦਰਜ ਕੀਤਾ ਜਾ ਰਿਹਾ ਹੈ । ਫਿਰ ਇਮਰਾਨ ਖਾਨ ਅਤੇ ਪਾਕਿਸਤਾਨ ਹਕੂਮਤ ਨਾਲ ਇੰਡੀਆਂ ਵਿਚ ਵੱਸਣ ਵਾਲੀ ਸਿੱਖ ਕੌਮ ਦੇ ਅੱਛੇ ਤੇ ਡੂੰਘੇ ਸੰਬੰਧ ਹਨ, ਵੱਡੀ ਗਿਣਤੀ ਵਿਚ ਮੁਸਲਿਮ ਨਾਗਰਿਕ ਵੀ ਇੰਡੀਆ ਵਿਚ ਵੱਸਦੇ ਹਨ । ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਉਤਸਵ ਆ ਰਿਹਾ ਹੈ, ਸਿੱਖ ਕੌਮ ਤੇ ਪੰਜਾਬੀ ਗਵਾਰਡਰ ਪਾਕਿ-ਚੀਨ ਕੋਰੀਡੋਰ ਰਾਹੀ ਆਪਣੇ ਵਪਾਰ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰਨ ਦੇ ਚਾਹਵਾਨ ਹਨ ਅਤੇ ਅਸੀਂ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਨੂੰ ਸਭ ਸਰਹੱਦਾਂ ਖ਼ਤਮ ਕਰਕੇ ਇਕ ਕਰਨ ਦੇ ਕੱਟੜ ਹਾਮੀ ਹਾਂ । ਫਿਰ ਅਜਿਹੇ ਹਾਲਾਤਾਂ ਵਿਚ ਸ੍ਰੀ ਇਮਰਾਨ ਖਾਨ ਵੱਲੋਂ ਇੰਡੀਆਂ ਨਾਲੋ ਡਿਪਲੋਮੈਟਿਕ ਸੰਬੰਧ ਤੋੜਨਾ ਗੈਰ-ਦਲੀਲ ਹੈ । ਅਜਿਹਾ ਨਹੀਂ ਸੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਇਮਰਾਨ ਖਾਨ ਵੱਲੋਂ ਜੰਮੂ-ਕਸ਼ਮੀਰ ਦੇ ਸੰਬੰਧ ਵਿਚ ਮੋਦੀ ਹਕੂਮਤ ਵੱਲੋਂ ਕੀਤੇ ਗਏ ਫੈਸਲੇ ਵਿਰੁੱਧ ਇੰਡੀਆਂ ਨਾਲ ਆਪਣੇ ਡਿਪਲੋਮੈਟਿਕ ਸੰਬੰਧ ਖ਼ਤਮ ਕਰਨ ਦੇ ਅਮਲਾਂ ਨਾਲ ਅਸਹਿਮਤੀ ਪ੍ਰਗਟਾਉਦੇ ਹੋਏ ਅਤੇ ਇੰਡੀਆ ਵਿਚ ਵੱਸਣ ਵਾਲੀ ਮੁਸਲਿਮ ਤੇ ਸਿੱਖ ਕੌਮ ਦੇ ਪਾਕਿਸਤਾਨ ਨਾਲ ਅੱਛੇ ਸੰਬੰਧਾਂ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਮੋਦੀ ਹਕੂਮਤ ਨੇ ਮੰਦਭਾਵਨਾ ਭਰੀ ਸੋਚ ਅਧੀਨ ਜੰਮੂ-ਕਸ਼ਮੀਰ ਦੇ ਕਸ਼ਮੀਰੀਆਂ ਦੀਆਂ ਭਾਵਨਾਵਾਂ ਨੂੰ ਕੁੱਚਲਕੇ ਅਤੇ ਉਨ੍ਹਾਂ ਦੇ ਵਿਧਾਨਿਕ ਅਤੇ ਸਮਾਜਿਕ ਹੱਕਾਂ ਉਤੇ ਡਾਕਾ ਮਾਰਕੇ ਇਹ ਵੱਡੀ ਕਾਰਵਾਈ ਕੀਤੀ ਹੈ, ਤਾਂ ਕੌਮਾਂਤਰੀ ਪੱਧਰ `ਤੇ ਇਸ ਵਿਰੁੱਧ ਦੂਸਰੇ ਮੁਲਕਾਂ ਤੇ ਉਥੋਂ ਦੇ ਨਿਵਾਸੀਆ ਨੂੰ ਇਸ ਹੋਈ ਜਿਆਦਤੀ ਦੀ ਸਹੀ ਜਾਣਕਾਰੀ ਪ੍ਰਦਾਨ ਕਰਕੇ ਸ੍ਰੀ ਇਮਰਾਨ ਖਾਨ ਕੌਮਾਂਤਰੀ ਪੱਧਰ ਤੇ ਆਪਣੀ ਦਲੀਲ ਵਾਲੀ ਗੱਲ ਨੂੰ ਮਜ਼ਬੂਤੀ ਨਾਲ ਉਭਾਰ ਸਕਦੇ ਹਨ ਅਤੇ ਇੰਡੀਆ ਵਿਚ ਵੱਸਣ ਵਾਲੀਆ ਸਿੱਖ, ਮੁਸਲਿਮ ਕੌਮ ਦੇ ਅੱਛੇ ਸੰਬੰਧਾਂ ਦੀ ਬਦੌਲਤ ਮੋਦੀ ਦੀ ਫਿਰਕੂ ਹਕੂਮਤ ਨੂੰ ਬਾਦਲੀਲ ਢੰਗ ਨਾਲ ਅਲੱਗ-ਥਲੱਗ ਕਰਨ ਦੇ ਉਦਮ ਕਰਦੇ ਤਾਂ ਇਹ ਡਿਪਲੋਮੈਟਿਕ ਸੰਬੰਧਾਂ ਨੂੰ ਖ਼ਤਮ ਕਰਨ ਦੀ ਬਜਾਇ ਪ੍ਰਵਾਨਯੋਗ ਫੈਸਲਾ ਹੁੰਦਾ । ਉਨ੍ਹਾਂ ਕਿਹਾ ਕਿ ਹੁਣ ਜਦੋਂ ਸਿੱਖ ਕੌਮ ਨਵੰਬਰ ਵਿਚ ਆਪਣੇ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਜਾ ਰਹੀ ਹੈ ਅਤੇ ਇਮਰਾਨ ਖਾਨ ਹਕੂਮਤ ਨੇ ਵੱਡਾ ਉਦਮ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਤਿਆਰ ਕਰ ਦਿੱਤਾ ਹੈ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਵੀਜਾ ਰਹਿਤ ਦਾਖਲਾ ਦੇਣ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਸਿੱਖ ਕੌਮ ਦੋਵਾਂ ਪੰਜਾਬਾਂ ਦੀਆਂ ਸਰਹੱਦਾਂ ਨੂੰ ਅਤੇ ਹੋਰ ਵਲਗਣਾ ਨੂੰ ਖ਼ਤਮ ਕਰਕੇ ਇਕ ਹੋਣ ਲਈ ਵੱਡੀ ਤਿਬਰਤਾ ਰੱਖਦੀ ਹੈ, ਤਾਂ ਸ੍ਰੀ ਇਮਰਾਨ ਖਾਨ ਨੇ ਉਪਰੋਕਤ ਮੁਸਲਿਮ ਤੇ ਸਿੱਖ ਕੌਮ ਪੱਖੀ ਚੰਗਾਂ ਉਦਮ ਕਰਕੇ ਵੀ ਇੰਡੀਆਂ ਦੇ ਮੁਤੱਸਵੀ ਹੁਕਮਰਾਨਾ ਦੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੂਰਨ ਹੋਣ ਵਿਚ ਵਿਘਨ ਪਾਉਣ ਵਾਲੀ ਗੱਲ ਨੂੰ ਹੀ ਮਜ਼ਬੂਤ ਕੀਤਾ ਹੈ, ਜਦੋਂਕਿ ਇਸ ਸਮੇਂ ਦੁਸ਼ਮਣ ਨੂੰ ਉਸੇ ਡੂੰਘੀ ਚਾਲ ਨਾਲ ਕੌਮਾਂਤਰੀ ਪੱਧਰ ਤੇ ਮਨਫ਼ੀ ਕਰਨ ਦਾ ਉਦਮ ਹੋਣਾ ਚਾਹੀਦਾ ਸੀ । ਨਾ ਕਿ ਪਹਿਲੋ ਹੀ ਅਮਲ ਵਿਚ ਆ ਰਹੇ ਵੱਡੇ ਉਦਮਾਂ ਉਤੇ ਪਾਣੀ ਫੇਰਨ ਦੇ ਅਮਲ ਹੋਣੇ ਚਾਹੀਦੇ ਸਨ ।