ਬਕਰੀਦ/ ਈਦ-ਏ-ਕੁਰਬਾਨੀ/ ਈਦ-ਉਲ-ਅਜ਼ਹਾ ਕੁਰਬਾਨੀ ਦੇ ਪ੍ਰਤੀਕ ਦਾ ਤਿਉਹਾਰ ਹੈ।
ਇਸਲਾਮ ਧਰਮ ਨੂੰ ਮੰਨਣ ਵਾਲੇ ਭਾਵ ਮੁਸਲਿਮ ਭਾਈਚਾਰੇ ਦੇ ਲੋਕ ਦੋ ਤਿਉਹਾਰਾਂ ਨੂੰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਪਹਿਲਾ ਤਿਉਹਾਰ ਈਦ-ਉਲ-ਫਿਤਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੁੰਦੇ ਹੀ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਮੁਸਲਮਾਨ ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਨਫਸ(ਇੱਛਾਵਾਂ), ਜਰੂਰਤਾਂ ਆਦਿ ਦੀ ਕੁਰਬਾਨੀ ਦਿੰਦੇ ਹੋਏ ਰੱਬ ਦੇ ਹੁਕਮ ਨੁੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕਰਦਾ ਹੋਇਆ ਵੱਧ ਤੋਂ ਵੱਧ ਆਪਣੇ ਰੱਬ ਦੀ ਬੰਦਗੀ ਕਰਨ ‘ਚ ਸਮਾਂ ਗੁਜਾਰਦਾ ਹੈ। ਬੰਦੇ ਦੀ ਭਗਤੀ ਅਤੇ ਪਰਹੇਜ਼ਗਾਰੀ ਤੋ ਖੁਸ਼ ਹੋ ਕਿ ਰੱਬ ਵੱਲੋਂ ਉਸਨੂੰ ਇਨਾਮ ਵਜੋਂ ਈਦ ਦੇ ਰੂਪ ਵਿੱਚ ਖੁਸ਼ੀ ਅਤੇ ਜਸ਼ਨ ਦਾ ਦਿਨ ਦਿੱਤਾ ਗਿਆ ਹੈ। ਈਦ-ਏ-ਕੁਰਬਾਨੀ ਜਾਂ ਈਦ-ਉਲ-ਜ਼ੁਹਾ ਮੁਸਲਮਾਨ ਭਾਈਚਾਰੇ ਦਾ ਈਦ-ਉਲ-ਫਿਤਰ ਤੋਂ ਬਾਅਦ ਦੁਜਾ ਵੱਡਾ ਤਿਉਹਾਰ ਹੈ।ਸਾਰੇ ਮੁਸਲਮਾਨਾਂ ਲਈ ਕੁਰਬਾਨੀ ਦਾ ਹੁਕਮ ਸਨ. 2 ਹਿਜ਼ਰੀ ਵਿੱਚ ਦਿੱਤਾ ਗਿਆ ਅਤੇ ਇਸੇ ਸਾਲ ਜ਼ਕਾਤ ਅਤੇ ਸਦਕਾ-ਏ-ਫਿਤਰ ਦਾ ਹੁਕਮ ਵੀ ਜਾਰੀ ਹੋਇਆ।। ਕੁਰਬਾਨੀ ਕਰਨਾ ਹਰ ਮਾਲਦਾਰ ਮੁਸਲਮਾਨ ਲਈ ਜ਼ਰੂਰੀ ਹੈ ਕਿਉਂਕਿ ਕੁਰਾਨ ਦੀ ਸੂਰਤ (ਚੈਪਟਰ) ਨੰ: 108 ਦੀ ਆਇਤ ਨੰ: 2 ਵਿੱਚ ਅਲਾੱਹ ਹੁਕਮ ਦਿੰਦਾ ਹੈ ਕਿ “ਹੇ ਬੰਦੇ ਤੂੰ ਆਪਣੇ ਪਾਲਣਹਾਰ ਲਈ ਨਮਾਜ਼ ਪੜ੍ਹ ਅਤੇ ਕੁਰਬਾਨੀ ਕਰ”। ਇਸੇ ਪ੍ਰਕਾਰ ਹਜ਼ਰਤ ਅਨਸ ਰਜਿ: ਬਿਆਨ ਕਰਦੇ ਹਨ ਕਿ ਹਜ਼ਰਤ ਮੁਹੰਮਦ (ਸ) ਨੇ ਦੋ ਭੇਡੂ ਸਿੰਗਾਂ ਵਾਲ ਖਰੀਦੇ ਅਤੇ ਆਪਣੇ ਹੱਥੀਂ ਕੁਰਬਾਨੀ ਕੀਤੀ’। ਇਹ ਤਿਉਹਾਰ ਅੱਜ ਤੋਂ ਲਗਭਗ ਸਾਢੇ-ਪੰਜ ਹਜਾਰ ਸਾਲ ਪਹਿਲਾਂ ਮੈਸੋਪਟਾਮੀਆ (ਇਰਾਕ) ਦੀ ਧਰਤੀ ਤੇ ਜਨਮੇਂ ਪੈਗੰਬਰ ਹਜ਼ਰਤ ਇਬਰਾਹੀਮ (ਅਲਹੈ.) ਅਤੇ ਅਰਬ ਦੀ ਧਰਤੀ ਤੇ ਰਹਿੰਦੀ ਉਹਨਾਂ ਦੀ ਛੋਟੀ ਪਤਨੀ ਹਜਰਤ ਹਾਜਰਾਂ ਦੀ ਕੁੱਖੋਂ ਜਨਮੇ ਸਪੁੱਤਰ ਹਜ਼ਰਤ ਇਸਮਾਇਲ (ਅਲਹੈ.) ਦੇ ਦਰਮਿਆਨ ਵਾਪਰੀ ਉਸ ਘਟਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਹਜ਼ਰਤ ਇਬਰਾਹੀਮ (ਅਲਹੈ.) ਨੇ ਆਪਣੇ ਚਹੇਤੇ ਅਤੇ ਵੱਡੇ ਪੁੱਤਰ ਇਸਮਾਇਲ ਦੀ ਕੁਰਬਾਨੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਕਰਨੀ ਕਬੂਲ ਕਰ ਲਈ ਸੀ। ਵਿਸਥਾਰ ਪੂਰਵਕ ਘਟਨਾ ਇਸ ਪ੍ਰਕਾਰ ਹੈ ਕਿ ਇਬਰਾਹੀਮ (ਅਲਹੈ.) ਇਰਾਕ ਤੋਂ ਹਿਜ਼ਰਤ ਕਰਕੇ ਮੌਜੂਦਾ ਸੀਰੀਆ ਵਿਖੇ ਆਪਣੀ ਰਿਹਾਇਸ਼ ਕਰ ਚੁੱਕੇ ਸਨ। ਜਿੱਥੇ ਉਹਨਾਂ ਦੀ ਤੀਜੀ ਅਤੇ ਛੋਟੀ ਪਤਨੀ ਹਾਜਰਾਂ ਜੀ ਦੀ ਕੁੱਖੋਂ ਉਹਨਾਂ ਦੇ ਵੱਡੇ ਪੁੱਤਰ ਇਸਮਾਇਲ ਦਾ ਜਨਮ ਹੋਇਆ। ਰੱਬ ਵੱਲੋਂ ਮਿਲੇ ਹੁਕਮ ਅਨੁਸਾਰ ਉਹਨਾਂ ਅਪਣੀ ਪਤਨੀ ਹਾਜਰਾਂ ਅਤੇ ਲਗਭਗ ਇੱਕ ਸਾਲ ਦੇ ਪੁੱਤਰ ਇਸਮਾਇਲ ਨੂੰ ਅਰਬ ਦੇ ਤਪਦੇ ਮਾਰਥੂਲ (ਅੱਜ ਦਾ ਮੱਕਾ) ਵਿੱਚ ਛੱਡ ਕੇ ਚਲੇ ਗਏ ਸਨ। ਬਾਅਦ ਵਿੱਚ ਉਹਨਾਂ ਦੀ ਵੱਡੀ ਪਤਨੀ ਸਾਇਰਾ ਜੀ ਦੀ ਕੁੱਖੋ ਉਹਨਾਂ ਦੇ ਦੂਜੇ ਪੁੱਤਰ ਇਸਹਾਕ ਦਾ ਜਨਮ ਹੋਇਆ। ਇਬਰਾਹੀਮ (ਅਲਹੈ.) ਨੂੰ ਆਪਣੇ ਵੱਡੇ ਪੁੱਤਰ ਨਾਲ ਇਸ ਕਰਕੇ ਜਿਆਦਾ ਮੋਹ ਸੀ ਕਿਉਂਕਿ ਉਹ ਅਰਬ ਦੇ ਤਪਦੇ ਮਾਰੂਥਲ ਵਿੱਚ ਇੱਕਲੀ ਮਾਂ ਕੋਲ ਪਰਵਰਿਸ਼ ਪਾ ਰਿਹਾ ਸੀ। ਉਹ ਸਾਲ–ਛੇ ਮਹੀਨਿਆਂ ਮਗਰੋਂ ਆਪਣੀ ਪਤਨੀ ਅਤੇ ਬੱਚੇ ਨੂੰ ਮਿਲਣ ਲਈ ਮੱਕੇ ਜਾਇਆ ਕਰਦੇ ਸਨ। ਇਸਮਾਇਲ ਦਸ ਸਾਲ ਦਾ ਹੋ ਚੁੱਕਾ ਸੀ। ਇੱਕ ਵਾਰ ਇਬਰਾਹੀਮ (ਅਲਹੈ.) ਮੱਕਾ ਵਿਖੇ ਆਏ ਹੋਏ ਸਨ। ਰਾਤੀ ਸੌਂਦੇ ਸਮੇਂ ਉਹਨਾਂ ਨੂੰ ਸੁਪਨੇ ਵਿੱਚ ਰੱਬ ਵੱਲੋਂ ਹੁਕਮ ਹੁੰਦਾਂ ਹੈ ਕਿ, “ ਐ ਇਬਰਾਹੀਮ .. ਆਪਣੀ ਸਭ ਤੋਂ ਪਿਆਰੀ ਚੀਜ ਮੇਰੇ ਲਈ ਕੁਰਬਾਨ ਕਰ ਦਿਓ” ਅਗਲੇ ਦਿਨ ਇਬਰਾਹੀਮ (ਅਲਹੈ.) 100 ਊਠ ਕੁਰਬਾਨ ਕਰ ਦਿੰਦੇ ਹਨ। ਦੂਸਰੀ ਰਾਤ ਸੌਂਦੇ ਸਮੇਂ ਉਹਨਾਂ ਨੂੰ ਉਹੀ ਸੁਪਨਾ ਫਿਰ ਆਉਂਦਾ ਹੈ। ਦਿਨ ਚੜ੍ਹਦਾ ਹੈ ਤਾਂ ਇਬਰਾਹੀਮ (ਅਲਹੈ.) 100 ਊਠ ਹੋਰ ਕੁਰਬਾਨ ਕਰ ਦਿੰਦੇ ਹਨ ਪਰ ਤੀਸਰੀ ਰਾਤ ਸੌਂਦੇ ਸਮੇਂ ਸੁਪਨੇ ਦਾ ਸਿਲਸਿਲਾ ਬੰਦ ਨਹੀਂ ਹੁੰਦਾਂ। ਸਵੇਰੇ ਉੱਠ ਕਿ ਇਬਰਾਹੀਮ (ਅਲਹੈ.) ਉਦਾਸ ਬੈਠੇ ਸੋਚ ਰਹੇ ਸਨ। ਇਸਮਾਇਲ ਆਪਣੇ ਬੁੱਢੇ ਬਾਪ ਦੀ ਪ੍ਰੇਸ਼ਾਨੀ ਜਾਨਣ ਦੀ ਜਿੱਦ ਕਰਦਾ ਹੈ ਤਾਂ ਇਬਰਾਹੀਮ (ਅਲਹੈ.) ਤਿਨੋਂ ਰਾਤਾਂ ਦੇ ਆਏ ਸੁਪਨੇ ਦਾ ਹਾਲ ਦੱਸਦੇ ਹਨ। “ ਮੇਰਾ ਰੱਬ ਮੇਰੀ ਸਭ ਤੋਂ ਪਿਆਰੀ ਚੀਜ ਦੀ ਕੁਰਬਾਨੀ ਮੰਗਦਾ ਹੈ” ਦੱਸਦਿਆਂ ਬਾਪ (ਇਬਰਾਹੀਮ) ਦੀਆਂ ਅੱਖਾਂ ਭਰ ਆਉਦੀਂਆਂ ਹਨ। ਹੋਣਹਾਰ ਪੁੱਤਰ ਆਪਣੇ ਬੁੱਢੇ ਬਾਪ ਦੀਆਂ ਅੱਖਾਂ ਸਾਫ ਕਰਦਾ ਹੋਇਆ ਕਹਿੰਦਾਂ ਹੈ। “ ਅੱਬਾ ਜੀ (ਬਾਪੂ ਜੀ) ਮੈਂ ਆਪਣੇ ਰੱਬ ਅਤੇ ਆਪਣੇ ਬਾਪ ਦੀ ਖੁਸ਼ੀ ਲਈ ਹਾਜਰ ਹਾਂ, ਮੈਨੂੰ ਲੈ ਚਲੋ ਅਤੇ ਮੇਰੀ ਕੁਰਬਾਨੀ ਕਰਕੇ ਆਪਣਾ ਫਰਜ਼ ਪੂਰਾ ਕਰੋ ਕਿਉਂਕਿ ਮੈਨੂੰ ਪਤਾ ਹੈ ਕਿ ਮੈ ਹੀ ਤੁਹਾਡੀ ਸਭ ਤੋਂ ਪਿਆਰੀ ਚੀਜ ਹਾਂ”। ਇਬਰਾਹੀਮ (ਅਲਹੈ.) 10 ਸਾਲਾਂ ਦੇ ਆਪਣੇ ਲਾਡਲੇ ਸਪੁੱਤਰ ਨੂੰ ਲੈ ਕੇ ਤੁਰਦੇ ਹਨ ਅਤੇ ਮੱਕੇ ਤੋਂ 5 ਮੀਲ ਦੂਰ ਮੀਨਾਹ ਨਾਮੀ ਜਗ੍ਹਾ ਤੇ ਇੱਕ ਪਹਾੜੀ ਦੇ ਉੱਪਰ ਚੜ੍ਹ ਕੇ ਇੱਕ ਸਖਤ ਚਟਾਨ ਤੇ ਇਸਮਾਇਲ ਨੂੰ ਲਿਟਾ ਲੈਂਦੇ ਹਨ ਤੇ ਤੇਜ਼ ਧਾਰ ਛੁਰੀ ਹੱਥ ਵਿੱਚ ਫੜ ਲੈਂਦੇ ਹਨ। ਇਸਮਾਇਲ ਕਹਿੰਦਾਂ ਹੈ ਕਿ ਪਿਤਾ ਜੀ , ਆਪਣੀਆਂ ਅੱਖਾਂ ਉੱਪਰ ਕੱਪੜਾ ਬੰਨ ਲਵੋ, ਕਿਤੇ ਅਜਿਹਾ ਨਾ ਹੋਵੇ ਕਿ ਮੇਰਾ ਚੇਹਰਾ ਦੇਖ ਕਿ ਤੁਹਾਡੇ ਹੱਥ ਕੰਬ ਜਾਣ ਅਤੇ ਖੁਦਾ ਦੇ ਹੁਕਮ ਦੀ ਨਾਫਰਮਾਨੀ ਹੋ ਜਾਵੇ। ਇਬਰਾਹੀਮ (ਅਲਹੈ.) ਦੁਆਰਾ ਅੱਖਾਂ ਤੇ ਕੱਪੜਾ ਬੰਨ ਕਿ ਆਪਣੇ ਬੇਟੇ ਦੀ ਗਰਦਨ ਤੇ ਛੁਰੀ ਚਲਾਈ ਗਈ ,ਪਰ ਰੱਬ ਦੇ ਹੁਕਮ ਦੇ ਨਾਲ ਫਰਿਸਤੇ ਨੇ ਛੁਰੀ ਹੇਠੋਂ ਇਸਮਾਈਲ ਨੂੰ ਹਟਾ ਕੇ ਦੁੰਬਾ ਲਿਟਾ ਦਿੱਤਾ ਅਤੇ ਰੱਬ ਵੱਲੋਂ ਹੁਕਮ ਹੁੰਦਾ ਹੈ ਕਿ ਐ ਇਬਰਾਹੀਮ…ਤੇਰੀ ਅਤੇ ਤੇਰੇ ਪੁੱਤਰ ਦੀ ਕੁਰਬਾਨੀ ਕਬੂਲ ਕਰ ਲਈ ਗਈ ਹੈ। ਅੱਜ ਹਜ਼ਾਰਾਂ ਸਾਲ ਬਾਅਦ ਪੂਰੀ ਦੁਨੀਆਂ ਦੇ ਮੁਸਲਮਾਨ ਇਬਰਾਹੀਮ ਅਤੇ ਉਹਨਾਂ ਦੇ ਪੁੱਤਰ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਇਸਲਾਮੀ ਕੈਲੰਡਰ ਦੇ ਬਾਹਰਵੇਂ ਮਹੀਨੇ ਦੀ ਦਸਵੀਂ, ਗਿਆਰਵੀਂ ਅਤੇ ਬਾਰਵੀਂ ਤਾਰੀਖ ਨੂੰ ਚੋਪਈ ਜਾਨਵਰ ਦੀ ਕੁਰਬਾਨੀ ਕਰਦੇ ਹਨ। ਵਰਣਨ ਯੋਗ ਹੈ ਕਿ ਚੋਪਈ ਜਾਨਵਰ ਕੇਵਲ ਉਹ ਜਿਹੜੇ ਇਸਲਾਮੀ ਨਿਯਮਾਂ ਅਨੁਸਾਰ ਹਲਾਲ ਹਨ, ਭਾਵ ਭੇਡ, ਬੱਕਰਾ, ਦੁਮਬਾ, ਮੈਸ, ਊਠ ਆਦਿ। ਈਦ-ਉਲ-ਅਜਹਾ ਵਾਲੇ ਦਿਨ ਲੋਕ ਆਪਣੀ ਹੈਸੀਅਤ ਦੇ ਅਨੁਸਾਰ ਨਵੇਂ ਕੱਪੜੇ ਪਾ ਕੇ ਈਦ ਦੀ ਨਮਾਜ਼ ਪੜ੍ਹਦੇ ਹਨ। ਇਸ ਤੋਂ ਬਾਅਦ ਜਿਨ੍ਹਾਂ ਨੇ ਕੁਰਬਾਨੀ ਕਰਨੀ ਹੁੰਦੀ ਹੈ ਉਹ ਈਦ ਦੇ ਤਿੰਨੋਂ ਦਿਨਾਂ ‘ਚ ਕਿਸੇ ਵੀ ਦਿਨ ਕੁਰਬਾਨੀ ਕਰ ਸਕਦੇ ਹਨ। ਕੁਰਬਾਨੀ ਦੇ ਗੋਸ਼ਤ ਦੇ ਤਿੰਨ ਬਰਾਬਰ ਹਿੱਸੇ ਕੀਤੇ ਜਾਂਦੇ ਹਨ ਇੱਕ ਹਿੱਸਾ ਕੁਰਬਾਨੀ ਕਰਨ ਵਾਲੇ ਲਈ, ਇੱਕ ਹਿੱਸਾ ਗਰੀਬਾਂ ਲਈ ਅਤੇ ਇੱਕ ਹਿੱਸਾ ਰਿਸ਼ਤੇਦਾਰਾਂ ਲਈ ਰੱਖਿਆ ਜਾਂਦਾ ਹੈ। ਕੁਰਬਾਨੀ ਕੀਤੇ ਜਾਨਵਰ ਦੀ ਖੱਲ੍ਹ ਜੇਕਰ ਘਰ ਵਿੱਚ ਨਹੀਂ ਵਰਤੀ ਜਾਂਦੀ ਤਾਂ ਉਸ ਨੂੰ ਵੇਚ ਕੇ ਉਸ ਦੀ ਪ੍ਰਾਪਤ ਕੀਤੀ ਕੀਮਤ ਕਿਸੇ ਵਿਧਵਾ, ਯਤੀਮ ਜਾਂ ਕਿਸੇ .ਗਰੀਬ ਨੂੰ ਦਿੱਤੀ ਜਾਂਦੀ ਹੈ। ਕੁਰਬਾਨੀ ਦੇ ਗੌਸ਼ਤ ਦਾ ਇੱਕ ਹਿੱਸਾ ਗਰੀਬਾਂ ਲਈ ਰਾਖਵਾਂ ਰੱਖ ਕਿ ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨੂੰ ਵੀ ਈਦ ਦੀ ਖੁਸ਼ੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਥੇ ਇਹ ਗੱਲ ਧਿਆਨ ਵਾਲੀ ਹੈ ਕਿ ਰੱਬ ਕਹਿੰਦਾਂ ਹੈ ਕਿ ਮੇਰੇ ਤੱਕ ਨਾ ਤਾਂ ਕੁਰਬਾਨੀ ਦਾ ਗੋਸ਼ਤ ਪਹੁੰਚਦਾ ਹੈ, ਨਾ ਹੀ ਪਸ਼ੂ ਦਾ ਖੁੂਨ ਅਤੇ ਨਾ ਹੀ ਖੱਲ੍ਹ ਆਦਿ ਸਗੋਂ ਮੇਰੇ ਤੱਕ ਤਾਂ ਕੁਰਬਾਨੀ ਕਰਨ ਵਾਲੇ ਦੀ ਨਿਯਤ, ਤਕਬਾ (ਡਰ) ਪਹੁੰਚਦਾ ਹੈ ਇਸਦਾ ਭਾਵ ਇਹ ਹੈ ਕਿ ਕੁਰਬਾਨੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਹੋਣੀ ਚਾਹੀਦੀ ਹੈ ਨਾ ਕਿ ਲੋਕ ਦਿਖਾਵੇ ਲਈ।
ਕਿੰਨਾ ਚੰਗਾ ਹੋਵੇ ਜੇ ਅੱਜ ਦਾ ਮੁਸਲਮਾਨ ਕੁਰਬਾਨੀ ਦੇ ਇਸ ਹੁਕਮ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੇ ਝੂਠੇ ਹੰਕਾਰ, ਨਫਸ ਅਤੇ ਅਜਿਹੇ ਸੋੜ੍ਹੇ ਨਿੱਜੀ ਹਿੱਤਾਂ ਦੀ ਕੁਰਬਾਨੀ ਵੀ ਦੇਵੇ ਜਿਸ ਨਾਲ ਕੌਮ , ਦੇਸ਼ ਅਤੇ ਸਮਾਜ ਨੂੰ ਨੁਕਸਾਨ ਪੁੱਜਦਾ ਹੋਵੇ। ਗਰੀਬਾਂ, ਵਿਧਵਾਵਾਂ, ਯਤੀਮਾਂ ਅਤੇ ਹੋਰ ਲੋੜਮੰਦਾਂ ਲਈ ਆਪਣੀਆਂ ਜਰੂਰਤਾਂ ਦੀ ਕੁਰਬਾਨੀ ਦੇਣ ਲਈ ਹਰ ਵਕਤ ਤਿਆਰ ਰਹੇ। ਇਸ ਤਰ੍ਹਾਂ ਕਰਕੇ ਹੀ ਕੁਰਬਾਨੀ ਦੀ ਅਸਲ ਰੂਹ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਅੱਜ ਦਾ ਮਨੁੱਖ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਮੂਹਿਕ ਹਿੱਤਾਂ ਦੇ ਨਾਲੋਂ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਲੱਗਾ ਹੈ। ਇਸੀ ਨਿੱਜਤਾ ਦੇ ਕਾਰਨ ਹੀ ਚਿੰਤਾਵਾਂ ਵਿੱਚ ਗ੍ਰਹਿਸਤ ਹੋ ਕਿ ਅਨੇਕਾਂ ਬੀਮਾਰੀਆਂ ਨੂੰ ਲਗਾ ਬੈਠਾ ਹੈ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸਲ ਖੁਸ਼ੀ ਦਾ ਅਹਿਸਾਸ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣ ਵਿੱਚ ਹੀ ਹੈ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਫਜੂਲ ਖਰਚਿਆਂ ਨੂੰ ਛੱਡ ਕਿ ਉਹੀ ਪੈਸਾ ਦੀਨ-ਦੁਖੀਆਂ, ਬੇਸਹਾਰਾ ਲੋਕਾਂ ਤੇ ਲਗਾ ਕਿ ਸੱਚੀ ਖੁਸ਼ੀ ਨੂੰ ਮਹਿਸੂਸ ਕਰੀਏ। ਕਹਿੰਦੇ ਹਨ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੁਨੀਆ ਉਹਨਾਂ ਲੋਕਾਂ ਨੂੰ ਯਾਦ ਰੱਖਦੀ ਹੈ ਜਿਹੜੇ ਆਪਣਾ ਸਮੁੱਚਾ ਜੀਵਨ ਦੂਜਿਆਂ ਦੇ ਮਦੱਦ ਅਤੇ ਸੇਵਾ ਕਰਨ ਦੇ ਲੇਖੇ ਲਗਾ ਦਿੰਦੇ ਹਨ।