ਫ਼ਤਹਿਗੜ੍ਹ ਸਾਹਿਬ – “ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਜੋ ਬੀਤੇ ਦਿਨੀ ਜੰਮੂ-ਕਸ਼ਮੀਰ ਵਿਖੇ ਲਾਗੂ 370 ਧਾਰਾ ਨੂੰ ਖ਼ਤਮ ਕਰਨ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਸ਼ਮੀਰੀ ਧੀਆਂ-ਭੈਣਾਂ ਬਾਰੇ ਅਤਿ ਸ਼ਰਮਨਾਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜੋ ਬਿਆਨਬਾਜੀ ਕੀਤੀ ਗਈ ਹੈ, ਉਹ ਇਨ੍ਹਾਂ ਫਿਰਕੂਆਂ ਦੇ ਮਨ-ਆਤਮਾ ਵਿਚ ਪਣਪ ਰਹੀ ਬਦਬੂ ਨੂੰ ਹੀ ਪ੍ਰਤੱਖ ਕਰਦੀ ਹੈ । ਅਜਿਹਾ ਕਰਦੇ ਹੋਏ ਇਹ ਲੋਕ ਇਹ ਵੀ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਦੀਆਂ ਧੀਆਂ-ਭੈਣਾਂ ਨੂੰ ਜਰਵਾਣੇ ਉਨ੍ਹਾਂ ਦੇ ਸਾਹਮਣੇ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ-ਟਕੇ ਵਿਚ ਵੇਚ ਦਿੰਦੇ ਸਨ ਅਤੇ ਜਿਨ੍ਹਾਂ ਹਿੰਦੂ ਧੀਆਂ-ਭੈਣਾਂ ਨੂੰ ਸਿੱਖ ਕੌਮ ਜਰਵਾਣਿਆ ਤੋਂ ਬਾਇੱਜ਼ਤ ਛੁਡਵਾਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਣ ਦੀ ਇਨਸਾਨੀਅਤ ਪੱਖੀ ਜ਼ਿੰਮੇਵਾਰੀ ਨਿਭਾਉਦੇ ਰਹੇ ਹਨ ਪਰ ਇਨ੍ਹਾਂ ਫਿਰਕੂਆਂ ਨੂੰ ਦੂਸਰੀਆਂ ਕੌਮਾਂ ਦੀਆਂ ਧੀਆਂ-ਭੈਣਾਂ ਸਬੰਧੀ ਅਪਮਾਨਜ਼ਨਕ ਸ਼ਬਦ ਵਰਤਣ ਤੋਂ ਪਹਿਲੇ ਆਪਣੇ ਅਤੇ ਆਪਣੇ ਵੱਡੇ-ਵਡੇਰਿਆ ਦੇ ਨਮੋਸ਼ੀ ਭਰੇ ਅਤੇ ਗੈਰ-ਇਨਸਾਨੀਅਤ ਇਖ਼ਲਾਕ ਉਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਖੱਟਰ ਵੱਲੋਂ ਸਤਿਕਾਰ ਯੋਗ ਕਸ਼ਮੀਰੀ ਧੀਆਂ-ਭੈਣਾਂ ਸੰਬੰਧੀ ਵਰਤੇ ਗਏ ਅਪਮਾਨਜ਼ਨਕ ਸ਼ਬਦਾਂ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਅਤੇ ਇਨ੍ਹਾਂ ਫਿਰਕੂਆਂ ਦੀ ਘੱਟ ਗਿਣਤੀ ਕੌਮਾਂ ਵਿਰੋਧੀ ਗੈਰ-ਇਨਸਾਨੀਅਤ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲੇ ਔਰਤ ਵਰਗ ਦੇ ਮਾਣ-ਸਨਮਾਨ ਨੂੰ ਉੱਚਾ ਦਰਜਾ ਦਿੰਦੇ ਹੋਏ ਅਤੇ ਬਰਾਬਰਤਾ ਦਾ ਹੱਕ ਦਿੰਦੇ ਹੋਏ ਆਪਣੇ ਮੁਖਾਰਬਿੰਦ ਤੋਂ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੈ ਰਾਜ਼ਾਨ’ ਪੁਕਾਰਕੇ ਔਰਤ ਵਰਗ ਨੂੰ ਸਭ ਤੋਂ ਉੱਚਾ ਦਰਜਾ ਅਤੇ ਸਤਿਕਾਰ ਦੇ ਕੇ ਸਿੱਖ ਧਰਮ ਦੀ ਸਭ ਤੋਂ ਵੱਡੀ ਖੂਬੀ ਨੂੰ ਉਜਾਗਰ ਕਰ ਦਿੱਤਾ ਸੀ । ਫਿਰ ਹਿੰਦੂ ਪੰਡਿਤਾਂ ਦੀ ਰਾਖੀ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸਭ ਊਚ-ਨੀਚ, ਕੌਮਾਂ, ਫਿਰਕਿਆ, ਧਰਮਾਂ ਦੀਆਂ ਵਲਗਣਾਂ ਤੋਂ ਉਪਰ ਉੱਠਕੇ ਇਨਸਾਨੀਅਤ ਕਦਰਾ-ਕੀਮਤਾ ਨੂੰ ਮਜ਼ਬੂਤੀ ਬਖਸੀ ਸੀ, ਪਰ ਇਹ ਫਿਰਕੂ ਆਗੂ ਸਭ ਇਨਸਾਨੀ ਕਦਰਾ-ਕੀਮਤਾਂ, ਇਖਲਾਕੀ ਗੁਣਾਂ ਨੂੰ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਅਲਵਿਦਾ ਕਹਿਕੇ ਇਥੋਂ ਦੇ ਮਾਹੌਲ ਨੂੰ ਗੈਰ-ਇਨਸਾਨੀਅਤ ਵਾਲਾ ਕਰ ਰਹੇ ਹਨ । ਜਿਸ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਨਾ ਹੀ ਆਪਣੇ ਮੁਸਲਿਮ ਪਰਿਵਾਰਾਂ ਨਾਲ ਸੰਬੰਧਤ ਧੀਆਂ-ਭੈਣਾਂ ਦੀ ਇੱਜ਼ਤ ਉਤੇ ਕਿਸੇ ਤਰ੍ਹਾਂ ਦੀ ਆਂਚ ਆਉਣ ਦੇਵੇਗੀ ।
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਕਿਹਾ ਕਿ ਸ੍ਰੀ ਖੱਟਰ ਵੱਲੋਂ ਆਪਣੇ ਬਿਆਨ ਵਿਚ ਬਿਹਾਰੀ ਧੀਆਂ-ਭੈਣਾਂ ਨੂੰ ਲਿਆਕੇ ਹਰਿਆਣਵੀ ਲੜਕਿਆ ਨਾਲ ਵਿਆਹੁਣ ਦੀ ਘਟੀਆ ਗਲ ਕਰਦੇ ਹੋਏ ਸਮੁੱਚੇ ਬਿਹਾਰ ਸੂਬੇ ਦੇ ਨਿਵਾਸੀਆਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਮਾਣ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਹੈ । ਜਦੋਂਕਿ ਉਥੇ ਸ੍ਰੀ ਨੀਤੀਸ ਕੁਮਾਰ ਮੁੱਖ ਮੰਤਰੀ ਹਨ । ਜਿਨ੍ਹਾਂ ਨੂੰ ਆਪਣੇ ਸੂਬੇ ਦੀਆਂ ਧੀਆਂ-ਭੈਣਾਂ ਸੰਬੰਧੀ ਸ੍ਰੀ ਖੱਟਰ ਵੱਲੋਂ ਵਰਤੇ ਗਏ ਅਪਮਾਨਜ਼ਨਕ ਸ਼ਬਦਾਂ ਵਿਰੁੱਧ ਤੁਰੰਤ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ । ਇਹ ਵਿਚਾਰ ਸ. ਮਾਨ ਨੇ ਸ੍ਰੀ ਨੀਤੀਸ ਕੁਮਾਰ ਨੂੰ ਉਪਰੋਕਤ ਗੰਭੀਰ ਮੁੱਦੇ ਉਤੇ ਲਿਖੇ ਗਏ ਇਕ ਪੱਤਰ ਵਿਚ ਪ੍ਰਗਟ ਕਰਦੇ ਹੋਏ ਸ੍ਰੀ ਖੱਟਰ ਵਿਰੁੱਧ ਅਮਲੀ ਤੇ ਕਾਨੂੰਨੀ ਕਾਰਵਾਈ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਉਮੀਦ ਪ੍ਰਗਟ ਕੀਤੀ ਹੈ ਕਿ ਜਦੋਂ ਸ੍ਰੀ ਨੀਤੀਸ ਕੁਮਾਰ ਹੁਣ ਐਨ.ਡੀ.ਏ. ਦਾ ਹਿੱਸਾ ਨਹੀਂ ਹਨ, ਤਾਂ ਹੁਣ ਉਨ੍ਹਾਂ ਨੂੰ ਆਪਣੇ ਸੂਬੇ ਦੀਆਂ ਧੀਆਂ-ਭੈਣਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਖੱਟਰ ਨੂੰ ਕਾਨੂੰਨ ਦੀ ਕਚਹਿਰੀ ਵਿਚ ਜ਼ਰੂਰ ਖੜ੍ਹਾ ਕਰਨਗੇ ।