ਇਸਲਾਮਾਬਾਦ – ਪਾਕਿਸਤਾਨ ਨੇ ਕਸ਼ਮੀਰ ਮੁੱਦੇ ਤੇ ਅਮਰੀਕਾ ਦਾ ਧਿਆਨ ਖਿੱਚਣ ਲਈ ਆਪਣੇ ਅਫ਼ਗਾਨਿਸਤਾਨ ਕਾਰਡ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਅਸੀਂ ਆਪਣੀ ਸੈਨਾ ਨੂੰ ਅਫ਼ਗਾਨਿਸਤਾਨ ਸੀਮਾ ਤੋਂ ਹਟਾ ਕੇ ਕਸ਼ਮੀਰ ਦੀ ਸਰਹੱਦ ਤੇ ਤੈਨਾਤ ਕਰ ਸਕਦੇ ਹਾਂ। ਪਾਕਿਸਤਾਨ ਵੱਲੋਂ ਇਹ ਚਿਤਾਵਨੀ ਉਸ ਸਮੇਂ ਆਈ ਹੈ, ਜਦੋਂ ਕਿ ਅਮਰੀਕਾ ਦੀ ਤਾਲਿਬਾਨ ਨਾਲ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਅਤੇ ਇਸ ਸ਼ਾਂਤੀ ਵਾਰਤਾ ਵਿੱਚ ਪਾਕਿਸਤਾਨ ਦੀ ਅਹਿਮ ਭੂਮਿਕਾ ਹੈ। ਪਾਕਿਸਤਾਨ ਦੇ ਤਾਲਿਬਾਨ ਨਾਲ ਚੰਗੇ ਸਬੰਧ ਹਨ।
ਅਮਰੀਕਾ ਤੇ ਦਬਾਅ ਬਣਾਉਣ ਦੇ ਇਰਾਦੇ ਨਾਲ ਹੀ ਪਾਕਿਸਤਾਨ ਨੇ ਸਰਹੱਦ ਤੋਂ ਸੈਨਾ ਦੇ ਮੂਵ ਕਰਨ ਦੀ ਗੱਲ ਕੀਤੀ ਹੈ। ਪਾਕਿਸਤਾਨ ਦੇ ਅਮਰੀਕਾ ਵਿੱਚ ਸਥਿਤ ਰਾਜਦੂਤ ਅਸਦ ਮਜੀਦ ਖਾਨ ਨੇ ਨਿਊਯਾਰਕ ਟਾਈਮਜ਼ ਦੇ ਨਾਲ ਇੰਟਰਵਿਯੂ ਦੌਰਾਨ ਇਹ ਸ਼ਬਦ ਕਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਤੇ ਕਸ਼ਮੀਰ ਦੋ ਵੱਖ-ਵੱਖ ਮਸਲੇ ਹਨ ਅਤੇ ਉਹ ਇਨ੍ਹਾਂ ਦੋਵਾਂ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਅਮਰੀਕਾ ਅਤੇ ਅਫ਼ਗਾਨਿਸਤਾਨ ਦੀ ਗੱਲਬਾਤ ਨੂੰ ਸਫਲ ਕਰਨ ਲਈ ਪੂਰੇ ਯਤਨ ਕਰ ਰਹੇ ਹਾਂ।
ਨਿਊਜ਼ ਚੈਨਲ ਨੇ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਉਸ ਵਾਅਦੇ ਦੀ ਯਾਦ ਤਾਜ਼ਾ ਕਰਵਾਈ, ਜਿਸ ਵਿੱਚ ਉਸ ਨੇ ਅਫ਼ਗਾਨਿਸਤਾਨ ਦੇ ਨਾਲ ਲਗਦੀ ਪੱਛਮੀ ਸੀਮਾ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਇਸ ਖੇਤਰ ਵਿੱਚ ਤਾਲਿਬਾਨ ਨੂੰ ਸੁਰੱਖਿਅਤ ਪਨਾਹ ਮਿਲਣ ਦੇ ਆਸਾਰ ਨੂੰ ਰੋਕਿਆ ਜਾ ਸਕੇ ਅਤੇ ਅਫ਼ਗਾਨਿਸਤਾਨ ਦਾ ਮੁੱਦਾ ਹਲ ਕੀਤਾ ਜਾ ਸਕੇ। ਇਸ ਤੇ ਅਸਦ ਖਾਨ ਨੇ ਕਿਹਾ, ‘ਪੱਛਮੀ ਸੀਮਾ ਤੇ ਅਸੀਂ ਆਪਣੀ ਪੂਰੀ ਤਾਕਤ ਲਗਾ ਚੁੱਕੇ ਹਾਂ। ਲੇਕਿਨ ਜੇ ਪੂਰਬੀ ਸੀਮਾ ਤੇ ਹਾਲਾਤ ਖਰਾਬ ਹੁੰਦੇ ਹਨ ਅਤੇ ਸਾਨੂੰ ਸੈਨਾ ਦੀ ਤੈਨਾਤੀ ਸਬੰਧੀ ਵਿਚਾਰ ਕਰਨਾ ਪਵੇਗਾ ਤ। ਇਸ ਸਮੇਂ ਅਸੀਂ ਅਜਿਹਾ ਕੁਝ ਨਹੀਂ ਸੋਚ ਰਹੇ, ਸਿਵਾਏ ਜੋ ਕੁਝ ਪੂਰਬੀ ਸੀਮਾ ਤੇ ਹੋ ਰਿਹਾ ਹੈ।’