ਕੈਲਗਰੀ: ‘ਬਹੁਤੇ ਰੋਗ ਮਨ ਦੇ ਵਿਸ਼ੇ ਵਿਕਾਰਾਂ ਤੇ ਪ੍ਰਮਾਤਮਾ ਨੂੰ ਭੁੱਲਣ ਨਾਲ ਉਤਪਨ ਹੁੰਦੇ ਹਨ ਜੋ- ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ਦੇ ਮਹਾਂਵਾਕ ਅਨੁਸਾਰ, ਨਾਮ- ਦਾਰੂ ਦੁਆਰਾ ਠੀਕ ਹੋ ਸਕਦੇ ਹਨ’- ਇਹ ਵਿਚਾਰ ਡਾ. ਬਲਵੰਤ ਸਿੰਘ ਨੇ ਰੋਗ ਨਿਵਾਰਨ ਕੈਂਪ ਦੌਰਾਨ, ਸੰਗਤ ਨੂੰ ਦ੍ਰਿੜ ਕਰਵਾਏ।
ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਵਲੋਂ, ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ, ਸਾਲਾਨਾ ਲੱਗਣ ਵਾਲਾ, ਚਾਰ ਰੋਜ਼ਾ ਰੋਗ ਨਿਵਾਰਣ ਕੈਂਪ- ਇਸ ਸਾਲ ਅੱਠ ਅਗਸਤ ਤੋਂ ਗਿਆਰਾਂ ਅਗਸਤ ਤੱਕ- ਗੁਰੂ ਰਾਮ ਦਾਸ ਦਰਬਾਰ, 84 ਸਟਰੀਟ, ਨੌਰਥ ਈਸਟ, ਕੈਲਗਰੀ- ਗੁਰੂ ਘਰ ਵਿਖੇ, ਲਾਇਆ ਗਿਆ। ਜਿਸ ਲਈ- ਡਾ. ਬਲਵੰਤ ਸਿੰਘ ਤੇ ਪ੍ਰਿੰਸੀਪਲ ਹਰਮੀਤ ਕੌਰ ਯੂ.ਐਸ.ਏ. ਤੋਂ ਅਤੇ ਸ. ਦਵਿੰਦਰ ਸਿੰਘ ਸਹੋਤਾ ਤੇ ਸ. ਗਿਆਨ ਸਿੰਘ ਜੀ ਟੋਰੰਟੋ ਤੋਂ- ਉਚੇਚੇ ਤੌਰ ਤੇ ਕੈਲਗਰੀ ਪਹੁੰਚੇ। ਸਮਾਗਮ ਦੀ ਸ਼ੁਰੂਆਤ- ਅਰਦਾਸ ਅਤੇ ਹੁਕਮਨਾਮੇ ਕੀਤੀ ਗਈ। ਲੇਖਕਾ ਗੁਰਦੀਸ਼ ਕੌਰ ਗਰੇਵਾਲ- ਜੋ ਕਿ ਇਸ ਮਿਸ਼ਨ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ- ਨੇ ਮਿਸ਼ਨ ਦੇ ਇਤਹਾਸ ਦੀ ਸੰਖੇਪ ਜਾਣਕਾਰੀ ਦੇਣ ਉਪਰੰਤ, ਸਮਾਗਮਾਂ ਦੀ ਰੂਪ ਰੇਖਾ ਸੰਗਤ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ- ਇਹ ਮਿਸ਼ਨ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. (ਰਿਟਾ.) ਚੰਡੀਗੜ ਦੁਆਰਾ, 1983 ਵਿੱਚ ਉਦੋਂ ਸਥਾਪਿਤ ਕੀਤਾ ਗਿਆ- ਜਦੋਂ ਉਹ ਆਪਣੀ ਲਾ- ਇਲਾਜ ਬੀਮਾਰੀ ਤੋਂ ‘ਨਾਮੁ ਦਾਰੂ’ ਦੀ ਵਿਧੀ ਰਾਹੀਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕੇ ਸਨ। ਸੋ ਪਹਿਲਾ ਕੈਂਪ ਉਹਨਾਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ, ਡਾਕਟਰਾਂ ਦੀ ਮੌਜੂਦਗੀ ਵਿੱਚ ਲਾਇਆ, ਜਿਸ ਦੇ ਨਤੀਜੇ ਕਾਫੀ ਸਾਰਥਕ ਰਹੇ। ਇਹਨਾਂ ਕੈਂਪਾਂ ਤੋਂ ਪ੍ਰਭਾਵਤ ਹੋ ਕੇ, ਡਾ. ਬਲਵੰਤ ਸਿੰਘ ਨੇ 1987 ਵਿੱਚ ਲੁਧਿਆਣਾ ਵਿਖੇ, ਇਸ ਮਿਸ਼ਨ ਦਾ ਇੱਕ ਯੂਨਿਟ ਸਥਾਪਿਤ ਕਰਕੇ, ਹੋਰ ਕੈਂਪਾਂ ਰਾਹੀਂ, ਇਸ ਵਿਧੀ ਦਾ ਪ੍ਰਚਾਰ ਕਰਕੇ, ਸਫਲ ਤਜਰਬੇ ਕੀਤੇ। ਹੁਣ ਇਸ ਦਾ ਕੇਂਦਰੀ ਸਥਾਨ- ‘ਗੁਰੂ ਅਮਰਦਾਸ ਰੋਗ ਨਿਵਾਰਨ ਕੇਂਦਰ’ 385 ਐਲ, ਮਾਡਲ ਟਾਊਨ, ਲੁਧਿਆਣਾ ਵਿਖੇ ਸਥਾਪਿਤ ਹੋ ਚੁੱਕਾ ਹੈ, ਪਰ ਇਸ ਦੀਆਂ ਸ਼ਾਖਾਵਾਂ ਸਾਰੀ ਦੁਨੀਆਂ ਵਿੱਚ ਫੈਲ ਚੁੱਕੀਆਂ ਹਨ, ਜਿਸ ਤੋਂ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ।
ਡਾ. ਬਲਵੰਤ ਸਿੰਘ ਨੇ, ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ, ਸੰਗਤ ਨੂੰ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਵਾਇਆ ਤੇ ਨਾਲ ਹੀ ਇਸ ‘ਧੁਰ ਕੀ ਬਾਣੀ’ ਦੇ ਸ਼ੁਧ ਉਚਾਰਣ ਤੇ ਜ਼ੋਰ ਦਿੱਤਾ। ਉਹਨਾਂ ਸੰਗਤ ਨਾਲ- ਯੂ. ਐਸ. ਏ., ਸਿੰਘਾਪੁਰ, ਇੰਗਲੈਂਡ, ਥਾਈਲੈਂਡ, ਨਰੋਬੀ, ਆਸਟ੍ਰੇਲੀਆ, ਬੈਂਕਾਕ, ਕੈਨੇਡਾ ਤੇ ਇੰਡੀਆ ਆਦਿ ਦੇਸ਼ਾਂ ਦੇ ਕੈਂਪਾਂ ਦੇ ਸਫਲ ਤਜਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ- ਇਹ ਬਾਣੀ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਉਹਨਾਂ ਦੇਸ਼ ਵਿਦੇਸ਼ ਦੇ ਬਹੁਤ ਸਾਰੇ ਹਿੰਦੂ, ਕ੍ਰਿਸ਼ਚੀਅਨ, ਤੇ ਮੁਸਲਿਮ ਪਰਿਵਾਰਾਂ ਦੀਆਂ ਉਦਾਹਰਣਾਂ ਦੇ ਕੇ, ਆਪਣੇ ਨੁਕਤੇ ਨੂੰ ਸਪੱਸ਼ਟ ਕੀਤਾ। ਲੇਖਿਕਾ ਨੇ ਵੀ, ਆਪਣੇ ਕੁੱਝ ਨਿੱਜੀ ਤਜਰਬੇ ਸੰਗਤ ਨਾਲ ਸਾਂਝੇ ਕੀਤੇ ਅਤੇ ਸੰਗਤ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ।
ਟੋਰੰਟੋ ਵਿਵਾਸੀ, ਸ. ਦਵਿੰਦਰ ਸਿੰਘ ਸਹੋਤਾ ਤੇ ਸ. ਗਿਆਨ ਸਿੰਘ ਤੋਂ ਇਲਾਵਾ- ਬੀਬੀ ਸੁਰਜੀਤ ਕੌਰ ਤੇ ਡਾ. ਸੰਤੋਖ ਸਿੰਘ ਨੇ ਹਰਮੋਨੀਅਮ ਤੇ ਤਬਲੇ ਨਾਲ ਹਰ ਰੋਜ਼, ਬਹੁਤ ਹੀ ਪ੍ਰੇਮ ਨਾਲ, ਸ਼ਬਦਾਂ ਦਾ ਗਾਇਨ ਕਰਕੇ, ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ, ਜਿਹਨਾਂ ਦਾ ਸਾਥ- ਬੀਬੀ ਗੁਰਦੀਸ਼ ਕੌਰ, ਬੀਬੀ ਜਸਵੀਰ ਕੌਰ, ਬੀਬੀ ਜੋਗਿੰਦਰ ਕੌਰ ਤੇ ਰਾਗੀ ਸਿੰਘ ਗੁਰਪ੍ਰੀਤ ਸਿੰਘ ਨੇ ਵੀ ਦਿੱਤਾ। ਪ੍ਰਿੰਸੀਪਲ ਹਰਮੀਤ ਕੌਰ ਨੇ ਧੰਨਵਾਦੀ ਸ਼ਬਦ ਬੋਲਦਿਆਂ, ਸੰਗਤ ਨੂੰ ਸੁਝਾਅ ਦਿੱਤਾ ਕਿ- ‘ਜਿਥੇ ਅਸੀਂ ਆਪਣੇ ਬੱਚਿਆਂ ਦੇ ਕੈਰੀਅਰ ਦਾ ਫਿਕਰ ਕਰਦੇ ਹਾਂ- ਉਥੇ ਉਹਨਾਂ ਨੂੰ ਜ਼ਿੰਦਗੀ ਦੀਆਂ ਸਮੱਸਿਆਂਵਾਂ ਨਾਲ ਜੂਝਣ ਲਈ, ਗੁਰਬਾਣੀ ਨਾਲ ਜੋੜਨ ਦੀ ਵੀ ਸਖਤ ਲੋੜ ਹੈ’। ਸੰਗਤ ਦੀ ਮੰਗ ਅਨੁਸਾਰ, ਤਿੰਨਾਂ ਭਾਸ਼ਾਵਾਂ ਵਿੱਚ ਛਪੇ ਮਿਸ਼ਨ ਦੇ ਲਿਟਰੇਚਰ ਤੇ ਸੀ. ਡੀਜ਼- ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਕਲਮ ਨੇ, ਸੰਗਤ ਨੂੰ ਮਿਸ਼ਨ ਦੀਆਂ ਵੈਬਸਾਈਟ ਤੋਂ ਇਲਾਵਾ, ਰੇਡੀਓ ਅਤੇ ਟੀ. ਵੀ. ਦੇ ਪ੍ਰੋਗਰਾਮਾਂ ਤੋਂ ਵੀ ਜਾਣੂੰ ਕਰਵਾਇਆ।
ਡਾ. ਬਲਵੰਤ ਸਿੰਘ ਰੋਜ਼ਾਨਾ, ਬਰੇਕ ਦੌਰਾਨ, ਮਰੀਜ਼ਾਂ ਨੂੰ ਨਿੱਜੀ ਤੌਰ ਤੇ ਮਿਲ ਕੇ, ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਰਹੇ। ਉਹਨਾਂ ਕੈਲਗਰੀ ਯੂਨਿਟ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ। ਇਸ ਕੈਂਪ ਵਿੱਚ ਸੰਗਤ ਦੀ ਭਰਵੀਂ ਹਾਜ਼ਰੀ ਤੋਂ ਇਲਾਵਾ- ਕੈਂਪ ਦੇ ਆਖਰੀ ਦਿਨ ਸੰਗਤ ਤੋਂ ਮਿਲਿਆ ਲਿਖਤੀ ਤੇ ਬੋਲ ਕੇ ਦੱਸਿਆ ਗਿਆ ਫੀਡ ਬੈਕ, ਇਸ ਗੱਲ ਦੀ ਗਵਾਹੀ ਭਰਦਾ ਸੀ ਕਿ- ਕੈਲਗਰੀ ਦੀ ਸੰਗਤ ਨੇ ਇਸ ਕੈਂਪ ਨੂੰ ਕਿੰਨਾ ਵੱਡਾ ਹੁੰਗਾਰਾ ਦਿੱਤਾ। ਠੀਕ ਹੋਏ ਮਰੀਜ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਆਂ ਗਿਆ। ਕੁੱਝ ਕੁ ਵੀਰ ਭੈਣਾਂ ਨੇ ਕਿਹਾ ਕਿ- ‘ਸਾਨੂੰ ਜੋ ਅਨੰਦ ਇਹਨਾਂ ਚਾਰ ਦਿਨਾਂ ਵਿੱਚ ਆਇਆ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ’।
ਜੈਕਾਰਿਆਂ ਦੀ ਗੂੰਜ ਵਿੱਚ ਇਸ ਸਮਾਗਮ ਦੀ ਸਮਾਪਤੀ ਹੋਈ। ਡਾ. ਬਲਵੰਤ ਸਿੰਘ ਨੇ- ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ- ‘ਗੁਰੂ ਪਿਆਰਿਓ, ਇਸ ਪੂਰੇ ਗੁਰੂ (ਸ਼ਬਦ ਗੁਰੂ) ਨਾਲ ਜੁੜੋ। ਇਸ ਦੇ ਅੱਗੇ ਤਾਂ ਮੈਡੀਕਲ ਸਾਇੰਸ ਵੀ ਫੇਲ੍ਹ ਹੋ ਗਈ ਹੈ’।ਅੰਤਲੇ ਦਿਨ, ਡਾ. ਸਾਹਿਬ ਵਲੋਂ ਸੰਗਤ ਨੂੰ ‘ਸ਼ੁਧ ਉਚਾਰਣ’ ਦਾ ਅਭਿਆਸ ਵੀ ਕਰਾਇਆ ਗਿਆ। ਗੁਰਦੀਸ਼ ਕੌਰ ਗਰੇਵਾਲ ਨੇ, ਇਸ ਮਿਸ਼ਨ ਦੇ ਹਫਤਾਵਾਰ ਸਮਾਗਮਾਂ ਦੀ ਜਾਣਕਾਰੀ ਦਿੱਤੀ। ਜਿਸ ਵਿੱਚ- ਦਸ਼ਮੇਸ਼ ਕਲਚਰ ਸੈਂਟਰ ਗੁਰੂ ਘਰ ਦੇ ਮੇਨ ਹਾਲ ਵਿਖੇ, ਹਰ ਸ਼ਨੀਵਾਰ ਅੰਮ੍ਰਿਤ ਵੇਲੇ ਪੰਜ ਵਜੇ ਤੋਂ ਛੇ ਵਜੇ ਤੱਕ, ਅਤੇ ਗੁਰੂ ਰਾਮ ਦਾਸ ਦਰਬਾਰ ਗੁਰੂ ਘਰ ਵਿਖੇ, ਹਰ ਬੁੱਧਵਾਰ ਸ਼ਾਮ ਸਾਢੇ ਛੇ ਤੋਂ ਸੱਤ ਵਜੇ ਤੱਕ- ਸ਼ਾਮਲ ਸਨ। ਗੁਰੂ ਘਰ ਵਲੋਂ ਡਾ. ਬਲਵੰਤ ਸਿੰਘ ਤੇ ਉਹਨਾਂ ਦੀ ਟੀਮ ਸਮੇਤ ਸੰਚਾਲਕਾ ਬੀਬੀ ਗੁਰਦੀਸ਼ ਕੌਰ ਤੇ ਬੀਬੀ ਜਸਵੀਰ ਕੌਰ ਦਾ- ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਸੰਗਤ ਵਲੋਂ, ਲੰਗਰ ਦੇ ਨਾਲ ਵੰਨ-ਸੁਵੰਨੇ ਸਨੈਕਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤਰ੍ਹਾਂ ਇਹ ਸਮਾਗਮ, ਸੰਗਤ ਦੇ ਮਨਾਂ ਤੇ ਅਮਿੱਟ ਛਾਪ ਛੱਡਦਾ ਹੋਇਆ, ਸਫਲ ਹੋ ਨਿਬੜਿਆ। ਵਧੇਰੇ ਜਾਣਕਾਰੀ ਲਈ ਗੁਰਦੀਸ਼ ਕੌਰ ਗਰੇਵਾਲ 403-404-1450 ਜਾਂ ਜਸਵੀਰ ਕੌਰ ਨਾਲ 403-805-4787 ਤੇ ਸੰਪਰਕ ਕੀਤਾ ਜਾ ਸਕਦਾ ਹੈ।