ਲੁਧਿਆਣਾ:ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਯੋਜਿਤ ਦੋ ਰੋਜ਼ਾ ਸ. ਜਸਵੰਤ ਸਿੰਘ ਕੰਵਲ ਰਾਸ਼ਟਰੀ ਸ਼ਤਾਬਦੀ ਸੈਮੀਨਾਰ ਅੱਜ ਪੰਜਾਬੀ ਭਵਨ ਵਿਖੇ ਸੰਪੰਨ ਹੋਇਆ। ਦੂਜੇੇ ਦਿਨ ਸੈਮੀਨਾਰ ਦੇ ਪਹਿਲੇ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕ ਸਾਨੂੰ ਸ. ਜਸਵੰਤ ਸਿੰਘ ਕੰਵਲ ਦੁਆਰਾ ਦਿੱਤੀਆਂ ਅਖ਼ਬਾਰੀ ਟਿੱਪਣੀਆਂ ਅਤੇ ਉਨ੍ਹਾਂ ਦੇ ਬਾਹਰੀ ਪੱਖਾਂ ਦੀ ਬਜਾਏ ਉਨ੍ਹਾਂ ਦੇ ਗਲਪ ਦੇ ਗਹਿਨ ਅਧਿਐਨ ਦੇ ਅਧਾਰ ’ਤੇ ਉਨ੍ਹਾਂ ਦੀ ਆਲੋਚਨਾ ਕਰਨੀ ਚਾਹੀਦੀ ਹੈ। ਇਸ ਸੈਸ਼ਨ ਦੌਰਾਨ ਡਾ. ਸਾਕ ਮੁਹੰਮਦ ਨੇ ‘ਸਮਾਜ ਸੁਧਾਰ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ’ ਵਿਸ਼ੇ ’ਤੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਜਸਵੰਤ ਕੰਵਲ ਰੁਮਾਂਟਿਕ ਬਿਰਤਾਂਤ ਦੀ ਸਿਰਜਨਾ ਕਰਦਿਆਂ ਆਪਣੇ ਪਾਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੇ ਵਿਅਕਤੀਗਤ ਸਾਹਸ ਦਾ ਸਹਾਰਾ ਲੈਂਦਾ ਹੈ। ਡਾ. ਰਜਨੀਸ਼ ਬਹਾਦਰ ਸਿੰਘ ਨੇ ‘ਪ੍ਰਗਤੀਵਾਦੀ ਲਹਿਰ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ’ ਵਿਸ਼ੇ ਤੇ ਆਪਣੇ ਪਰਚੇ ਵਿਚ ਪ੍ਰਗਤੀਵਾਦੀ ਲਹਿਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਪਰੰਪਰਾਗਤ ਪ੍ਰਗਤੀਵਾਦੀ ਪਾਰਟੀਆਂ ਵਿਚ ਸੁਹਿਰਦਤਾ ਤੇ ਸਾਹਸ ਦੀ ਕਮੀ ਨੂੰ ਉਭਾਰਿਆ। ਉਨ੍ਹਾਂ ਨੇ ਜਸਵੰਤ ਸਿੰਘ ਕੰਵਲ ਦੇ ਨਾਵਲ ਐਨਿਆਂ ’ਚੋਂ ਉਠੋ ਸੂਰਮਾ ਦੀ ਸ਼ਲਾਘਾ ਕਰਦਿਆਂ ਪ੍ਰਗਤੀਵਾਦ ਬਾਰੇ ਵਰਤਮਾਨ ਸਮੇਂ ਸੰਵਾਦ ਦੀ ਘਾਟ ਦਾ ਜਿਕਰ ਕੀਤਾ। ਡਾ. ਬਲਜੀਤ ਰਿਆੜ ਨੇ ‘ਨਕਸਲਵਾੜੀ ਲਹਿਰ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ’ ਬਾਰੇ ਆਪਣੇ ਖੋਜ ਪੱਤਰ ਵਿਚ ਉਨ੍ਹਾਂ ਦੇ ਨਾਵਲ ਲਹੂ ਦੀ ਲੋਅ ਨੂੰ ਆਧਾਰ ਬਣਾਉਂਦਿਆਂ ਇਸ ਵਿਚੋਂ ਨਕਸਲਵਾੜੀ ਲਹਿਰ ਦੇ ਅੰਸ਼ਾਂ ਦੀ ਸ਼ਨਾਖਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨਾਵਲ ਦੇ ਬਿਰਤਾਂਤਕ ਉਸਾਰ ਵਿਚ ਸਹਿਜਤ ਦੀ ਘਾਟ ਦਰਸਾਉਂਦਿਆਂ ਕਿਹਾ ਕਿ ਜਸਵੰਤ ਕੰਵਲ ਨਕਸਲਵਾੜੀ ਲਹਿਰ ਦੀਆਂ ਕੁਰਬਾਨੀਆਂ ਦੀ ਪੇਸ਼ਕਾਰੀ ਕਰਦੇ ਸਮੇਂ ਪੱਖਪਾਤੀ ਰਵੱਈਆਂ ਅਪਣਾਉਂਦਿਆਂ ਇੱਛਾ ਮੂਲਕ ਯਥਾਰਥ ਨੂੰ ਪੇਸ਼ ਕਰਦਾ ਹੈ। ਡਾ. ਅਮਨਦੀਪ ਸਿੰਘ ਨੇ ‘ਜਸਵੰਤ ਸਿੰਘ ਦੇ ਨਾਵਲਾਂ ਵਿਚ ਦਲਿਤ ਪਾਤਰਾਂ ਦਾ ਚਿਹਰਾ ਮੁਹਰਾ’ ਵਿਚ ਜਸਵੰਤ ਕੰਵਲ ਦੇ ਦੋ ਨਾਵਲਾਂ ਹਾਣੀ ਅਤੇ ਲਹੂ ਦੀ ਲੋਅ ਬਾਰੇ ਜਿਕਰ ਕੀਤਾ। ਉਨ੍ਹਾਂ ਕਿਹਾ ਜਸਵੰਤ ਕੰਵਲ ਔਰਤ ਦੀ ਆਰਥਿਕ ਆਜ਼ਾਦੀ ਦੀ ਹਿਮਾਇਤ ਕਰਦਾ ਹੈ ਪਰ ਉਸ ਦੇ ਨਾਵਲ ਲਹੂ ਦੀ ਲੋਅ ਵਿਚ ਪੇਸ਼ ਕਿਰਤੀਆਂ ਦੇ ਸੰਘਰਸ਼ ਵਿਚੋਂ ਦਲਿਤ ਵਰਗ ਗਾਇਬ ਨਜ਼ਰ ਆਉਂਦਾ ਹੈ।
ਦੂਜੇੇ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਗੁਰਪਾਲ ਸਿੰਘ ਸੰਧੂ ਨੇ ਜਸਵੰਤ ਕੰਵਲ ਦੀ ਲੇਖਣੀ ’ਤੇ ਪੁਨਰ ਝਾਤ ਪਾਉਣ ਦੀ ਲੋੜ ਨੂੰ ਚਿਤਾਰਿਆ ਤੇ ਕੰਵਲ ਨੂੰ ਉਸ ਦੇ ਸਮਿਆਂ ਦੇ ਯਥਾਰਥ ਨਾਲ ਜੋੜ ਕੇ ਪੜ੍ਹਨ ਦੀ ਸਿਫਾਰਸ਼ ਕੀਤੀ ਤੇ ਕੰਵਲ ਸਾਹਿਤ ਦੀਆਂ ਬਹੁ-ਧੁਨੀਆਂ ਨੂੰ ਫੜ੍ਹਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸੈਸ਼ਨ ਦੌਰਾਨ ਪੰਜਾਬ ਦੇ ਭੱਖਦੇ ਮਸਲੇ ਤੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਵਾਰਤਕ ’ਤੇ ਖੋਜ ਪੱਤਰ ਪੇਸ਼ ਕਰਦਿਆਂ ਡਾ. ਸਿਕੰਦਰ ਸਿੰਘ ਨੇ ਪੰਜਾਬ ਦੇੇ ਮਸਲਿਆਂ ਦੀ ਕੰਵਲ ਦੀ ਵਾਰਤਕ ਵਿਚੋਂ ਸ਼ਨਾਖਤ ਕੀਤੀ। ‘ਕਹਾਣੀਕਾਰ ਜਸਵੰਤ ਸਿਘ ਕੰਵਲ’ ਵਿਸ਼ੇ ’ਤੇ ਆਪਣੇ ਪਰਚੇ ਵਿਚ ਡਾ. ਰਵਿੰਦਰ ਸਿੰਘ ਘੁੰਮਣ ਨੇ ਕੰਵਲ ਦੀ ਕਹਾਣੀ ਦੇ ਬਿਰਤਾਂਤਕ ਅਵਚੇਤਨ ਬਾਰੇ ਗੱਲ ਕਰਦਿਆਂ ਇਨ੍ਹਾਂ ਕਹਾਣੀਆਂ ਦੇ ਬਿਆਨ ਦੀ ਵਿਧੀ ਨੂੰ ਦਰਸਾਉਂਦਿਆਂ ਕੰਵਲ ਨੂੰ ਕਿਸਾਨੀ ਸਭਿਆਚਾਰਕ ਅਵਚੇਤਨ ਨਾਲ ਜੁੜਿਆ ਹੋਇਆ ਕਹਾਣੀਕਾਰ ਦਸਿਆ। ‘ਜਸਵੰਤ ਸਿੰਘ ਕੰਵਲ ਦੀ ਕਵਿਤਾ’ ਬਾਰੇ ਆਪਣੇ ਪਰਚੇ ਵਿਚ ਡਾ. ਗੁਰਮੀਤ ਸਿੰਘ ਨੇ ਜਸਵੰਤ ਸਿੰਘ ਕੰਵਲ ਨੂੰ ਲੋਕ ਕਥਾ ਨੂੰ ਰੂਪਾਂਤ੍ਰਿਤ ਕਰਨ ਵਾਲਾ ਅਤੇ ਲੋਕ ਮਨ ਦੇ ਹਾਵਾਂ ਭਾਵਾਂ ਦੀ ਭਾਸ਼ਾ ਵਿਚ ਗੱਲ ਕਰਨ ਵਾਲਾ ਕਵੀ ਦਰਸਾਇਆ। ‘ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੀ ਭਾਸ਼ਾ’ ਬਾਰੇ ਡਾ. ਨਿਰਮਲਜੀਤ ਕੌਰ ਨੇ ਆਪਣੇ ਪਰਚੇ ਵਿਚ ਜਸਵੰਤ ਸਿੰਘ ਕੰਵਲ ਦੇ ਤਿੰਨ ਨਾਵਲਾਂ ‘ਰਾਤ ਬਾਕੀ ਹੈ’, ‘ਲਹੂ ਦੀ ਲੋਅ’ ਅਤੇ ‘ਤੋਸ਼ਾਲੀ ਦੀ ਹੰਸੋ’ ਨੂੰ ਅਧਾਰ ਬਣਾਉਂਦਿਆਂ ਕੰਵਲ ਦੀ ਭਾਸ਼ਾ ਦੇ ਪ੍ਰਗਟਾਵੇ ਬਾਰੇ ਵਿਸਥਾਰਪੂਰਕ ਗੱਲ ਕੀਤੀ। ਸੈਮੀਨਾਰ ਦਾ ਮੰਚ ਸੰਚਾਲਨ ਸੈਮੀਨਾਰ ਦੇ ਸੰਯੋਜਕ ਡਾ. ਗੁਰਇਕਬਾਲ ਸਿੰਘ ਨੇ ਕੀਤਾ।
ਸਮਾਪਤੀ ਸਮਾਰੋਹ ਦਾ ਮੰਚ ਸੰਚਾਲਨ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਭਾਵ ਪੂਰਵਕ ਟਿੱਪਣੀਆਂ ਕੀਤੀਆਂ। ‘ਨਜ਼ਰੀਆ : ਜਸਵੰਤ ਸਿੰਘ ਕੰਵਲ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਤੇਜਵੰਤ ਸਿੰਘ ਮਾਨ ਨੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਕੇਂਦਰ ਸਿੱਖ ਮਾਨਸਿਕਤਾ ਅਤੇ ਜੱਟ ਕਿਸਾਨੀ ਨੂੰ ਮੰਨਦਿਆਂ ਜਸਵੰਤ ਸਿੰਘ ਕੰਵਲ ਦੀ ਤੁਲਨਾ ਗੁਰਦਿਆਲ ਸਿੰਘ ਨਾਲ ਕੀਤੀ ਅਤੇ ਗੁਰਦਿਆਲ ਸਿੰਘ ਨੂੰ ਨਿਰਾਸ਼ਾਵਾਦੀ ਅਤੇ ਕੰਵਲ ਨੂੰ ਸੰਘਰਸ਼ਸ਼ੀਲ ਤੇ ਆਸ਼ਾਵਾਦੀ ਬਿਰਤਾਂਤ ਦਾ ਸਿਰਜਕ ਦਸਿਆ। ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਨਾਵਲ ਨੂੰ ਸ਼ਹਿਰ ਦੀ ਥਾਂ ਪੇਂਡੂ ਕਿਸਾਨੀ ਨਾਲ ਜੋੜਿਆ ਅਤੇ ਪੰਜਾਬ ਦੇ ਪੇਂਡੂ ਸਮਾਜ ਨੂੰ ਕਲਪਨਾ ਅਤੇ ਸੁਪਲੇ ਦੇਣ ਦੀ ਕੋਸ਼ਿਸ਼ ਕੀਤੀ। ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਜਸਵੰਤ ਸਿੰਘ ਕੰਵਲ ਉਮਰ ਤੇ ਲਿਖਤ ਪੱਖੋਂ ਵੱਡਾ ਨਾਵਲਕਾਰ ਮੰਨਣ ਦੇ ਨਾਲ ਨਾਲ ਉਨ੍ਹਾਂ ਨਾਲ ਆਪਣੀਆਂ ਅਸਿਹਮਤੀਆਂ ਦਾ ਵੀ ਜਿਕਰ ਕੀਤਾ। ਡਾ. ਜਗਵਿੰਦਰ ਜੋਧਾ ਅਤੇ ਡਾ. ਸੁਮੇਲ ਸਿੰਘ ਸਿੱਧੂ ਨੇ ਜਸਵੰਤ ਸਿੰਘ ਕੰਵਲ ਦੀ ਰਚਨਾ ਅਤੇ ਸ਼ਖ਼ਸੀਅਤ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਦਸਿਆ ਕਿ ਅਗਲਾ 30 ਅਤੇ 31 ਅਗਸਤ ਨੂੰ ਪੰਜਾਬੀ ਭਵਨ ਵਿਖੇ ਆਯੋਜਿਤ ਕੀਤਾ ਜਾ ਰਿਹਾ। ਇਸ ਸੈਮੀਨਾਰ ਦੌਰਾਨ ਹੀ ਪੰਜਾਬੀ ਸਾਹਿਤ ਅਕਾਡਮੀ ਵਲੋਂ ਸਥਾਪਿਤ ‘ਅੰਮ੍ਰਿਤਾ ਇਮਰੋਜ਼’ ਪਹਿਲਾ ਪੁਰਸਕਾਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸ੍ਰੀ ਮੋਹਨਜੀਤ ਨੂੰ ਦਿੱਤਾ ਜਾਵੇਗਾ। ਇਹ ਦੋੋ ਰੋਜ਼ਾ ਸੈਮੀਨਾਰ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਦੇ ਰੂਪ ਵਿਚ ਹੋਵੇਗਾ। ਇਸੇ ਸਮੇਂ ਅਕਾਡਮੀ ਦੇ ਮੋਢੀ ਜੀਵਨ ਮੈਂਬਰ ਅਤੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਪ੍ਰੋ. ਨਰਿੰਜਨ ਤਸਨੀਮ ਦੇ ਸਦੀਵੀ ਚਲਾਣੇ ’ਤੇ ਹਾਜ਼ਰ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ।
ਸ. ਗੁਰਪ੍ਰੀਤ ਸਿੰਘ ਤੂਰ ਨੇ ਸੈਮੀਨਾਰ ਵਿਚ ਪਹੁੰਚੇ ਵਿਦਵਾਨਾਂ, ਡੈਲੀਗੇਟਸ, ਰਿਸਰਚ ਸਕਾਲਰ, ਸਰੋਤਿਆਂ, ਅਧਿਆਪਕਾਂ ਅਤੇ ਪਾਠਕਾਂ ਦਾ ਧੰਨਵਾਦ ਕੀਤਾ।
ਹੋਰਾਂ ਤੋਂ ਇਲਾਵਾ ਡਾ. ਸਰੂਪ ਸਿੰਘ ਅਲੱਗ, ਡਾ. ਸਰਜੀਤ ਸਿੰਘ ਗਿੱਲ, ਡਾ. ਰਣਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜੋਗਿੰਦਰ ਸਿੰਘ ਨਿਰਾਲਾ, ਜਸਵੀਰ ਝੱਜ, ਪਵਨ ਹਰਚੰਦਪੁਰੀ, ਮੇਜਰ ਸਿੰਘ ਗਿੱਲ, ਤ੍ਰੈਲੋਚਨ ਲੋਚੀ, ਮਲਕੀਅਤ ਸਿੰਘ ਔਲਖ, ਕੇ. ਸਾਧੂ ਸਿੰਘ, ਸ. ਗੁਲਜ਼ਾਰ ਸਿੰਘ ਸ਼ੌਂਕੀ, ਸ. ਬਲਵਿੰਦਰ ਸਿੰਘ ਗਰੇਵਾਲ, ਡਾ. ਐਸ. ਐਨ. ਸੇਵਕ, ਸ. ਕਰਮਜੀਤ ਸਿੰਘ ਔਜਲਾ, ਅਕਾਡਮੀ ਦੇ ਸਰਪ੍ਰਸਤ ਸ. ਹਕੀਕਤ ਸਿੰਘ ਮਾਂਗਟ ਅਤੇ ਸ. ਚਰਨਜੀਤ ਸਿੰਘ, ਇੰਦਰਜੀਤਪਾਲ ਕੌਰ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਦੀਪ, ਅਮਨਦੀਪ ਕੌਰ, ਦਲਜੀਤ ਕੌਰ, ਹਰਜਿੰਦਰ ਕੌਰ ਸੱਧਰ, ਪ੍ਰਭਜੋਤ ਕੌਰ, ਗੌਰਵ ਅਰੋੜਾ, ਕਮਲਜੀਤ ਕੌਰ, ਤਰਲੋਚਨ ਝਾਂਡੇ, ਪਵਨ ਟਿੱਬਾ, ਪ੍ਰੋ. ਕਮਲਜੀਤ ਕੌਰ, ਡਾ. ਹਰਬਿੰਦਰ ਕੌਰ, ਜਸਵਿੰਦਰ ਕੌਰ ਜੁਝਾਰ, ਹਰਸਿਮਰਤ ਕੌਰ ਮਲਹੋਤਰਾ, ਕਰਮੋ ਬੀਬੀ, ਸਵਰਨ ਸਿੰਘ, ਪ੍ਰਭਜੋਤ ਕੌਰ, ਇੰਦਰਜਤੀ ਕੌਰ, ਸੁਰਜੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਡੈਲੀਗੇਟ ਅਤੇ ਪਾਠਕ ਹਾਜ਼ਰ ਸਨ।