ਅੰਮ੍ਰਿਤਸਰ – ਸਿੱਖਾਂ ਦੇ ਧਾਰਮਿਕ ਚਿੰਨ ਖੰਡੇ ਦੀ ਤਸਵੀਰ ਇੱਕ ਬੀੜੀ ਦੇ ਪੈਕਟ ‘ਤੇ ਛਾਪ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਜੈ ਨਮਹੋ ਕੰਪਨੀ ਦੇ ਮਾਲਕ ਸਨੀ ਛਾਬੜਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਵੱਲੋਂ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦਸਿਆ ਕਿ ਜੈ ਨਮਹੋ ਕੰਪਨੀ ਦੇ ਬੀੜੀ ਦੇ ਪੈਕਟ ‘ਤੇ ਇਕ ਬੱਚੇ ਦੀ ਤਸਵੀਰ ਛਾਪੀ ਗਈ ਹੈ, ਜਿਸ ਦੇ ਸਿਰ ਉਪਰ ਬੰਨੇ ਪਟਕੇ ਉਪਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾਂ ਛਪਿਆ ਹੋਇਆ ਹੈ ਅਤੇ ਖ਼ਾਲਸਾ ਲਿਖਿਆ ਹੋਇਆ ਹੈ। ਇਹ ਤਸਵੀਰ ਸਾਹਮਣੇ ਆਉਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਤੰਮਾਕੂ ਦੀ ਵਰਤੋਂ ਸਿੱਖਾਂ ਲਈ ਬੱਜਰ ਕੁਰਾਹਿਤ ਹੈ, ਇਸ ਲਈ ਅਜਿਹੇ ਉਤਪਾਦ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਤਸਵੀਰ ਲਗਾਉਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਦੋਸ਼ੀ ਖਿਲਾਫ ਬਣਦੀਆਂ ਕਾਨੂੰਨੀ ਧਰਾਵਾਂ ਤਹਿਤ ਸਖ਼ਤ ਕਾਰਵਾਈ ਕਰੇ ਤਾਂ ਕਿ ਅਗੋਂ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।
ਜੈ ਨਮਹੋ ਕੰਪਨੀ ਨੇ ਬੀੜੀ ਦੇ ਪੈਕਟ ‘ਤੇ ਖੰਡੇ ਦੀ ਤਸਵੀਰ ਛਾਪ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਖਿਲਵਾੜ
This entry was posted in ਪੰਜਾਬ.