ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ 30 ਅਤੇ 31 ਅਗਸਤ 2019 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਅਤੇ ਅੰਮ੍ਰਿਤਾ ਇਮਰੋਜ਼ ਪੁਰਸਕਾਰ ਸਮਾਰੋਹ ਆਯੋਜਨ ਕੀਤਾ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਸੈਮੀਨਾਰ ਦੇ ਸੰਯੋਜਕ ਡਾ. ਸੁਰਜੀਤ ਸਿੰਘ ਅਤੇ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ 30 ਅਗਸਤ, ਦਿਨ ਸ਼ੁਕਰਵਾਰ ਨੂੰ ਸਵੇਰੇ 10.30 ਵਜੇ ਉਦਘਾਟਨੀ ਸੈਸ਼ਨ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਸ. ਗੁਰਭੇਜ ਸਿੰਘ ਗੁਰਾਇਆ ਹੋਣਗੇ। ਇਸੇ ਸੈਸ਼ਨ ਵਿਚ ਸ੍ਰੀ ਮੋਹਨਜੀਤ ਨੂੰ ਅੰਮ੍ਰਿਤਾ ਇਮਰੋਜ਼ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਡਾ. ਯੋਗਰਾਜ ਅੰਗਰਿਸ਼ ਸ੍ਰੀ ਮੋਹਨਜੀਤ ਬਾਰੇ ਖੋਜ-ਪੱਤਰ ਪੇਸ਼ ਕਰਨਗੇ। ਦੂਜੇ ਸੈਸ਼ਨ ਵਿਚ ਸ੍ਰੀ ਹਰਵਿੰਦਰ ਭੰਡਾਲ, ਡਾ. ਚਰਨਜੀਤ ਕੌਰ, ਡਾ. ਆਤਮ ਰੰਧਾਵਾ, ਡਾ. ਜਗਵਿੰਦਰ ਜੋਧਾ ਅਤੇ ਡਾ. ਗੁਰਮੀਤ ਸਿੰਘ ਆਪਣੇ ਖੋਜ ਪੱਤਰ ਪੇਸ਼ ਕਰਨਗੇ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਯੋਗਰਾਜ ਅੰਗਰਿਸ਼ ਕਰਨਗੇ। ਦੂਜੇ ਸੈਸ਼ਨ ਦੇ ਵਕਤਾ ਡਾ. ਮੋਹਨਜੀਤ, ਪ੍ਰੋ. ਕਿਰਪਾਲ ਕਜ਼ਾਕ, ਸ੍ਰੀ ਜਸਵੀਰ ਭੁੱਲਰ, ਬੀ ਬੀਬਾ ਬਲਵੰਤ, ਸ੍ਰੀ ਸਵਰਨਜੀਤ ਸਵੀ, ਪ੍ਰੋ. ਗੁਰਤੇਜ ਕੋਹਾਰਵਾਲਾ ਅਤੇ ਸ੍ਰੀ ਵਿਸ਼ਾਲ ਹੋਣਗੇ ਅਤੇ ਪ੍ਰਧਾਨਗੀ ਸ. ਗੁਰਭੇਜ ਸਿੰਘ ਗੁਰਾਇਆ ਕਰਨਗੇ।
31 ਅਗਸਤ, ਦਿਨ ਸ਼ਨੀਵਾਰ ਨੂੰ ਤੀਜਾ ਅਕਾਦਮਿਕ ਸੈਸ਼ਨ ਸਵੇਰੇ 10 ਵਜੇ ਆਰੰਭ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਮੋਹਨਜੀਤ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਬੀਬਾ ਬਲਵੰਤ ਹੋਣਗੇ। ਇਸ ਸੈਸ਼ਨ ਦੌਰਾਨ ਡਾ. ਯਾਦਵਿੰਦਰ ਸਿੰਘ, ਡਾ. ਸਰਘੀ, ਡਾ. ਨੀਤੂ ਅਰੋੜਾ ਅਤੇ ਕੁਲਵਿੰਦਰ ਕੌਰ ਆਪਣੇ ਖੋਜ ਪੱਤਰ ਪੇਸ਼ ਕਰਨਗੇ। ਚੌਥੇ ਸੈਸ਼ਨ ਦੀ ਪ੍ਰਧਾਨਗੀ ਡਾ. ਵਨੀਤਾ ਕਰਨਗੇ ਅਤੇ ਵਕਤਾ ਡਾ. ਪਾਲ ਕੌਰ, ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਅਮੀਆ ਕੁੰਵਰ, ਡਾ. ਨੀਤੂ ਅਰੋੜਾ, ਸ੍ਰੀਮਤੀ ਸਿਮਰਤ ਗਗਨ ਹੋਣਗੇ। ਇਸ ਮੌਕੇ ਅੰਮਿਤਾ ਪ੍ਰੀਤਮ ਦੇ ਇਮਰੋਜ਼ ਦੁਆਰਾ ਬਣਾਏ ਸਕੈਚਾਂ ’ਤੇ ਅਧਾਰਿਤ ਸ. ਹਰਮੀਤ ਸਿੰਘ ਦੁਆਰਾ ਬਣਾਏ ਪੋਸਟਰਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕਾਉਂਟਰ ਲਗਾਇਆ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਤੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਆਉਂਦੇ ਸਮੇਂ ਵਿਚ ਅਕਾਡਮੀ ਵਲੋਂ ਸ. ਗੁਰਦੇਵ ਸਿੰਘ ਮਾਨ ਬਾਰੇ ਸ਼ਤਾਬਦੀ ਸੈਮੀਨਾਰ ਅਤੇ ਸ੍ਰੀ ਦੇਵਿੰਦਰ ਸਤਿਆਰਥੀ ਬਾਰੇ ਸੈਮੀਨਾਰ ਕਰਵਾਏ ਜਾਣਗੇ। ਉਨ੍ਹਾਂ ਦਸਿਆ ਅਕਾਡਮੀ ਦੇ ਜੀਵਨ ਮੈਂਬਰ ਸ. ਈਸ਼ਰ ਸਿੰਘ ਸੋਬਤੀ ਵਲੋਂ ਸ਼ਤਾਬਦੀ ਪੂਰੀ ਕਰਨ ’ਤੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਅਕਾਡਮੀ ਵਲੋਂ ਸਮੂਹ ਸਾਹਿਤ ਪ੍ਰੇਮੀਆਂ, ਪਾਠਕਾਂ ਅਤੇ ਪੰਜਾਬੀ ਪਿਆਰਿਆਂ ਨੂੰ ਸੈਮੀਨਾਰ ਵਿਚ ਪਹੁੰਚਣ ਦਾ ਹਾਰਦਿਕ ਖੁੱਲ੍ਹਾ ਸੱਦਾ ਦਿੱਤਾ ਹੈ।