ਇਸਲਾਮਾਬਾਦ – ਪਾਕਿਸਤਾਨ ਅਤੇ ਭਾਰਤ ਦਰਮਿਆਨ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਪੂਰਣ ਸਥਿਤੀ ਦੇ ਬਾਵਜੂਦ ਪਾਕਿਸਤਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਖੋਲ੍ਹਣ ਲਈ ਤਿਆਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਪਾਕਿਸਤਾਨ ਸਿੱਖ ਸੰਗਤਾਂ ਦਾ ਸਵਾਗਤ ਕਰੇਗਾ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫ਼ਗਾਨਿਸਤਾਨ ਦੇ ਇੱਕ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਦੌਰਾਨ ਇਹ ਸ਼ਬਦ ਕਹੇ, ਜੋ ਵਰਤਮਾਨ ਵਿੱਚ ‘ਟਰੈਕ-2 ਵਾਰਤਾ, ਬਿਆਂਡ ਬਾਊਂਡਰੀਜ਼’ ਦੇ ਲਈ ਪਾਕਿਸਤਾਨ ਦਾ ਦੌਰਾ ਕਰ ਰਹੇ ਹਨ।
ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਕਿ ਭਾਰਤ ਦੇ ਨਾਲ ਤਣਾਅ ਦੇ ਬਾਵਜੂਦ ਅਸਾਂ ਕਰਤਾਰਪੁਰ ਗਲਿਆਰੇ ਨੂੰ ਖੋਲ੍ਹਣ ਦਾ ਫੈਂਸਲਾ ਕੀਤਾ ਹੈ। ਇਸ ਸਮੇਂ ਕਸ਼ਮੀਰ ਵਿੱਚ ਧਾਰਾ 370 ਨੂੰ ਸਮਾਪਤ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਸਥਿਤੀ ਵਿਸਫੋਟਕ ਬਣੀ ਹੋਈ ਹੈ। ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧ ਬਹੁਤ ਹੀ ਖਰਾਬ ਚੱਲ ਰਹੇ ਹਨ। ਇਸ ਸੱਭ ਦੇ ਬਾਵਜੂਦ ਪਾਕਿਸਤਾਨ ਸਿੱਖਾਂ ਦੇ ਲਈ ਫਰਾਖਦਿਲੀ ਵਿਖਾ ਰਿਹਾ ਹੈ। ਕਾਰੀਡੋਰ ਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਸਿੱਖਾਂ ਦੇ ਲਈ ਇਹ ਅਸਥਾਨ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਹੈ। ਕੁਰੈਸ਼ੀ ਨੇ ਅਫ਼ਗਾਨੀ ਵਫ਼ਦ ਨੂੰ ਵੀ ਇਹ ਭਰੋਸਾ ਦਿਵਾਇਆ ਕਿ ਭਾਰਤ ਨਾਲ ਤਣਾਅ ਦਾ ਅਫ਼ਗਾਨਿਸਤਾਨ ਦੇ ਨਾਲ ਸਬੰਧਾਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਮੋਦੀ ਦੇ ਰਵਈਏ ਦੇ ਕਾਰਣ ਅਫ਼ਗਾਨਾਂ ਨੂੰ ਕਿਉਂ ਨੁਕਸਾਨ ਉਠਾਉਣਾ ਪਵੇ।
ਕਰਤਾਰਪੁਰ ਗਲਿਆਰਾ ਪਾਕਿਸਤਾਨ ਵਿੱਚ ਸਥਿਤ ਇਸ ਗੁਰਦੁਆਰੇ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ ਅਤੇ ਸਿੱਖ ਸੰਗਤਾਂ ਨੂੰ ਵੀਜ਼ਾ ਫ੍ਰੀ ਜਾਣ ਦੀ ਸਹੂਲਤ ਮੁਹਈਆ ਕਰਵਾਏਗਾ। ਸਿੱਖ ਸ਼ਰਧਾਲੂਆਂ ਨੂੰ ਹੁਣ ਇਸ ਯਾਤਰਾ ਲਈ ਸਿਰਫ਼ ਇੱਕ ਪਰਮਿੱਟ ਲੈਣਾ ਹੋਵੇਗਾ।