ਮਹਿਤਾ/ ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਉਹਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ, ਫਸਲਾਂ, ਮਾਲ ਡੰਗਰਾਂ ਤੇ ਘਰਾਂ ਦੇ ਨੁਕਸਾਨ ਦੀ ਪੂਰਤੀ ਕਰਨ ਅਤੇ ਬਣਦਾ ਮੁਆਫਜਾ ਦੇਣ ਦੀ ਮੰਗ ਕੀਤੀ ਹੈ।
ਦਮਦਮੀ ਟਕਸਾਲ ਦੇ ਮੁੱਖੀ ਹੈਡ ਕੁਆਟਰ ਤੋਂ ਸੁਲਤਾਨਪੁਰ ਲੋਧੀ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਲੋੜੀਦੀ ਰਸਦ ਪਾਣੀ, ਕਪੜੇ, ਕੰਬਲਾਂ, ਡੰਗਰਾਂ ਲਈ ਤੂੜੀ ਸਮੇਤ ਮੈਡੀਕਲ ਸਹਾਇਤਾ ਲਈ ਮਾਹਿਰ ਡਾਕਟਰਾਂ ਦੀ ਟੀਮ, ਐਬੂਲੰਸ ਅਤੇ ਦਵਾਈਆਂ ਆਦਿ ਰਾਹਤ ਸਮਗਰੀ ਦੀ ਵੱਡੀ ਖੇਪ ਨੂੰ ਅਰਦਾਸ ਉਪਰੰਤ ਰਵਾਨਾ ਕਰ ਰਹੇ ਸਨ। ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਕਾਰੀ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਪ੍ਰਤੀ ਸਰਕਾਰਾਂ ਦੀ ਢਿੱਲੀ ਕਾਰਗੁਜਾਰੀ ‘ਤੇ ਸਵਾਲ ਉਠਾਇਆ ਅਤੇ ਕਿਹਾ ਕਿ ਜਿਨਾਂ ਦਾ ਹੜ੍ਹਾਂ ‘ਚ ਸਭ ਕੁਝ ਤਬਾਹ ਹੋਗਿਆ ਉਹਨਾਂ ਨੂੰ ਮੁੜ ਉਠਾਣ ਅਤੇ ਜਿੰਦਗੀ ਲੀਹ ‘ਤੇ ਲਿਆਉਣ ਲਈ ਸਰਕਾਰੀ ਮਦਦ ਦੀ ਵਧੇਰੇ ਲੋੜ ਹੈ। ਲੋਕਾਂ ‘ਚ ਸਰਕਾਰਾਂ ਪ੍ਰਤੀ ਨਿਰਾਸ਼ਾ ਦੂਰ ਕਰਨ ਲਈ ਸਰਕਾਰਾਂ ਨੁੰ ਵੀ ਪੀੜਤ ਲੋਕਾਂ ਦੀ ਬਾਂਹ ਫੜਦਿਆਂ ਆਪਣੀ ਜਿੰਮੇਵਾਰੀ ਬਿਹਤਰ ਢੰਗ ਨਾਲ ਨਿਭਾਉਣੀ ਚਾਹੀਦੀ ਹੈ। ਉਹਨਾਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਸੰਗਤ ਵਲੋਂ ਆਫਤ ਸਮੇਂ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਰਾਹਤ ਸਮਗਰੀ ਪਹੁੰਚਾਉਣ ਦੀ ਨਿਸ਼ਕਾਮ ਸੇਵਾ, ਬੇਮਿਸਾਲ ਅਤੇ ਅਦਭੁੱਤ ਇਕਜੁਟਤਾ ‘ਤੇ ਤਸਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਦੀ ਰਹੇਗੀ। ਉਹਨਾਂ ਕਿਹਾ ਕਿ ਇਸ ਤ੍ਰਾਸਦੀ ਦੇ ਝੰਬੇ ਲੋਕ ਲੰਮਾ ਸਮਾਂ ਉੱਠ ਨਹੀਂ ਸਕਣਗੇ, ਉਹਨਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮੁੱਚੇ ਧਾਰਮਿਕ ਜਗਤ, ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਜਰੂਰਤ ‘ਤੇ ਜੋਰ ਦਿਤਾ। ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਅੱਜ ਭੇਜੀ ਗਈ ਸਹਾਇਤਾ ਖੇਪ ਵਿਚ ਭੁੱਜੇ ਛੋਲੇ,ਰਸ,ਬਿਸਕੁਟ,ਤਰਪਾਲਾਂ, ਮੱਛਰਦਾਨੀਆਂ, ਕੰਬਲ, ਬੈਟਰੀਆਂ ਮੋਮਬੱਤੀਆਂ, ਤੀਲਾਂ ਵਾਲੀਆਂ ਡੱਬੀਆਂ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਸਾਬਣ, ਤੇਲ, ਵਖ ਵਖ ਦਵਾਈਆਂ ਤੋਂ ਇਲਾਵਾ ਮਾਹਿਰ ਡਾਕਟਰਾਂ ਦੀ ਟੀਮ, ਐਬੂਲੈਂਸ ਟੀਮ, ਪਸ਼ੂਆਂ ਲਈ ਫੀਡ ਆਦਿ ਸਾਮਿਲ ਸਨ। ਹੜ੍ਹ ਪ੍ਰਭਾਵਿਤ ਅਤੇ ਨੱਕੋ/ਨੱਕ ਪਾਣੀ ‘ਚ ਡੁੱਬੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਤੱਕ ਲੋੜੀਂਦੀਆਂ ਵਸਤਾਂ ਪਹੁੰਚਾਉਣ ਸੰਬੰਧੀ ਇਸ ਕਾਫਲੇ ਨਾਲ ਚੱਲਣ ਵਾਲੇ ਟਕਸਾਲ ਦੇ ਭੁੰਝਗੀ ਸਿੰਘਾਂ ‘ਚ ਦਿਲੀ ਜਜਬਾ ਵੇਖਣ ਨੂੰ ਮਿਲਿਆ ਉਥੇ ਆਸ/ਪਾਸ ਦੇ ਪਿੰਡਾਂ ਤੋਂ ਬਹੁਤ ਵਡੀ ਸੰਖਿਆ ਵਿਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਸੂਤਰਾਂ ਅਨੁਸਾਰ ਸੁਲਤਾਨਪੁਰ ਲੋਧੀ ਏਰੀਏ ਦੇ ਪਿੰਡ ਗਿੱਦੜਪਿੰਡੀ, ਚੰਨਣਵਿੰਡੀ, ਵਾਟਾਂ ਵਾਲੀ ਵੱਡੀ, ਛੋਟੀ ਨਸੀਰਪੁਰ, ਕੁਤਬੀਵਾਲ ਡੇਰੇ, ਭਰੋਆਣਾਂ, ਸੇਖ ਮਾਗਾਂ, ਸਰੂਆਣ, ਝੁੰਗੀਆਂ ਆਦਿ ਪਿੰਡਾਂ ਚ ਅਜੇ ਵੀ ਪਾਣੀ ਬਹੁਤ ਭਰਿਆ ਹੈ, ਜਿਥੇ ਘਰਾਂ ‘ਚ ਘਿਰੇ ਲੋਕਾਂ ਨੂੰ ਸਹਾਇਤਾ ਦੀ ਬਹੁਤ ਜਰੂਰਤ ਹੈ।