ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਅਤੇ ਪਾਕਿਸਤਾਨ ਹਕੂਮਤ ਦੀ ਇਸ ਗੱਲੋਂ ਤਹਿ ਦਿਲੋਂ ਧੰਨਵਾਦੀ ਹੈ ਕਿ ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਵੰਬਰ ਵਿਚ ਆ ਰਹੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆ ਜੋ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਬਾਕੀ ਕੰਮ ਰਹਿੰਦਾ ਹੈ, ਉਸ ਨੂੰ ਬਹੁਤ ਹੀ ਤੇਜ਼ੀ ਅਤੇ ਸੁਹਿਰਦਤਾ ਨਾਲ ਪੂਰਾ ਕਰਨ ਅਤੇ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਵੀਜਾ ਰਹਿਤ ਸਹੂਲਤ ਦੇਣ ਦਾ ਐਲਾਨ ਕੀਤਾ ਹੈ । ਇਸ ਉਦਮ ਲਈ ਸਮੁੱਚੀ ਸਿੱਖ ਕੌਮ ਵਿਚ ਜਿਥੇ ਵੱਡਾ ਉਤਸਾਹ ਉਤਪੰਨ ਹੋਇਆ ਹੈ, ਉਥੇ ਪਾਕਿਸਤਾਨ ਹਕੂਮਤ ਵੱਲੋਂ ਦਿੱਤੇ ਜਾ ਰਹੇ ਖੂੱਲ੍ਹਮ-ਖੁੱਲ੍ਹੇ ਸਹਿਯੋਗ ਲਈ ਸਮੁੱਚੀ ਸਿੱਖ ਕੌਮ ਤਹਿ ਦਿਲੋਂ ਸੁਕਰ ਗੁਜ਼ਾਰ ਕਰ ਰਹੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਨਾਬ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ, ਪਾਕਿਸਤਾਨ ਹਕੂਮਤ, ਪਾਕਿਸਤਾਨ ਹਕੂਮਤ ਦੇ ਬੁਲਾਰੇ ਸ੍ਰੀ ਮੁਹੰਮਦ ਫੈਜਲ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਪੂਰਨ ਕਰਨ ਅਤੇ ਸਿੱਖ ਕੌਮ ਨੂੰ ਵੀਜਾ ਰਹਿਤ ਸਹੂਲਤ ਦੇਣ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇਹ ਪਹਿਲੋ ਹੀ ਪੂਰਨ ਭਰੋਸਾ ਹੈ ਕਿ ਇਮਰਾਨ ਖਾਨ ਹਕੂਮਤ ਸਿੱਖ ਕੌਮ ਲਈ ਉਚੇਚੇ ਤੌਰ ਤੇ 550 ਸਾਲਾ ਪ੍ਰਕਾਸ਼ ਉਤਸਵ ਲਈ ਉਦਮ ਕਰਦੀ ਹੋਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਸਹੀ ਸਮੇਂ ਤੇ ਪੂਰਨ ਵੀ ਕਰ ਰਹੀ ਹੈ ਅਤੇ ਸਿੱਖ ਸਰਧਾਲੂਆਂ ਨੂੰ ਵੱਡੀ ਗਿਣਤੀ ਵਿਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਲਈ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜਾ ਰਹਿਤ ਸਹੂਲਤ ਦੇ ਕੇ ਸਿੱਖ ਕੌਮ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆਂ ਦੀ ਮੋਦੀ ਹਕੂਮਤ ਵੱਲੋਂ ਇੰਡੀਆ ਵਾਲੇ ਪਾਸੇ ਜੋ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਪੂਰਨ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ, ਉਸ ਨੂੰ ਬਹੁਤ ਹੀ ਹੌਲੀ-ਹੌਲੀ ਕਰ ਰਹੀ ਹੈ ਅਤੇ ਇਸਦੀ ਮੰਦਭਾਵਨਾ ਹੈ ਕਿ ਕਿਸੇ ਨਾ ਕਿਸੇ ਬਹਾਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਤੇ ਵੱਡੀ ਗਿਣਤੀ ਵਿਚ ਸਿੱਖ ਕੌਮ ਨੂੰ ਪਾਕਿਸਤਾਨ ਪਹੁੰਚਣ ਤੋਂ ਰੁਕਾਵਟ ਖੜ੍ਹੀ ਕੀਤੀ ਜਾਵੇ । ਇਹੀ ਵਜਹ ਹੈ ਕਿ ਨਾ ਤਾਂ ਇੰਡੀਆਂ ਹਕੂਮਤ ਪੰਜਾਬ ਦੇ ਵਜ਼ੀਰਾਂ ਤੇ ਸਰਕਾਰ ਨੂੰ ਸ੍ਰੀ ਇਮਰਾਨ ਖਾਨ ਨਾਲ ਮੀਟਿੰਗ ਕਰਨ ਲਈ ਇਜ਼ਾਜਤ ਦੇ ਰਹੀ ਹੈ ਅਤੇ ਨਾ ਹੀ ਇਸ ਪ੍ਰਕਾਸ਼ ਉਤਸਵ ਨੂੰ ਵੱਡੇ ਪੱਧਰ ਤੇ ਮਨਾਉਣ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਸੰਸਾਰ ਪੱਧਰ ਤੇ ਪਹੁੰਚਾਉਣ ਵਿਚ ਕੋਈ ਸੁਹਿਰਦਤਾ ਦਿਖਾ ਰਹੀ ਹੈ । ਜੋ ਅਫ਼ਸੋਸਨਾਕ ਅਤੇ ਮੰਦਭਾਵਨਾ ਭਰਿਆ ਇੰਡੀਆ ਹਕੂਮਤ ਦਾ ਵਤੀਰਾ ਹੈ ।
ਸ. ਮਾਨ ਨੇ ਪੰਜਾਬ ਸਰਕਾਰ ਅਤੇ ਪਾਕਿਸਤਾਨ ਦੀ ਸ੍ਰੀ ਇਮਰਾਨ ਖਾਨ ਸਰਕਾਰ ਵੱਲੋਂ ਜੋ ਦੁਨੀਆਂ ਦੀਆਂ ਵੱਖ-ਵੱਖ ਕੌਮਾਂ ਦੇ ਮੁੱਖੀਆਂ ਜਿਵੇਂ ਤਿੱਬਤ ਅਤੇ ਬੁੱਧ ਧਰਮ ਦੇ ਸ੍ਰੀ ਦਲਾਈਲਾਮਾ, ਹਿੰਦੂ ਧਰਮ ਦੇ ਸੰਕਰਾ ਅਚਾਰੀਆ, ਇਸਾਈ ਧਰਮ ਦੇ ਪੋਪ ਅਤੇ ਹੋਰ ਵੱਖ-ਵੱਖ ਧਰਮਾਂ ਤੇ ਕੌਮਾਂ ਦੇ ਮੁੱਖੀਆਂ ਨੂੰ ਕੌਮਾਂਤਰੀ ਪੱਧਰ ਤੇ ਸੱਦਾ ਦੇਣ ਦਾ ਉਚੇਚਾ ਪ੍ਰਬੰਧ ਕੀਤਾ ਹੈ ਅਤੇ ਇਸ ਪ੍ਰਕਾਸ਼ ਉਤਸਵ ਨੂੰ ਕੇਵਲ ਸਿੱਖ ਕੌਮ ਤੱਕ ਸੀਮਤ ਨਾ ਕਰਕੇ ਸਮੁੱਚੀ ਮਨੁੱਖਤਾ ਤੇ ਸਮੁੱਚੀਆ ਕੌਮਾਂ ਨੂੰ ਇਸ ਮੌਕੇ ਤੇ ਇਕੱਤਰ ਹੋਣ ਅਤੇ ਸਮਾਜਿਕ ਪੱਧਰ ਤੇ ਆਉਣ ਵਾਲੀਆ ਮੁਸ਼ਕਿਲਾਂ ਨੂੰ ਸਾਂਝੇ ਉਦਮਾਂ ਨਾਲ ਦੂਰ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ । ਉਸਦਾ ਅਸੀਂ ਤਹਿ ਦਿਲੋਂ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਅਤੇ ਪੰਜਾਬ ਸਰਕਾਰ ਦੇ ਉਦਮਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਧੰਨਵਾਦ ਵੀ ਕਰਦੇ ਹਾਂ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸੀ੍ਰ ਇਮਰਾਨ ਖਾਨ ਹਕੂਮਤ ਸਿੱਖ ਕੌਮ ਨਾਲ ਕੀਤੇ ਗਏ ਆਪਣੇ ਵਾਅਦੇ ਅਨੁਸਾਰ ਸਰਧਾਲੂ ਸਿੱਖਾਂ ਨੂੰ ਵੀਜਾ ਰਹਿਤ ਦਾਖਲਾ ਦੇਣ ਲਈ ਸੁਹਿਰਦਤਾ ਨਾਲ ਆਪਣੀ ਸੋਚ ਨੂੰ ਲਾਗੂ ਵੀ ਕਰੇਗੀ ਅਤੇ ਸਰਧਾਲੂਆ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਖੁੱਲ੍ਹਾ ਮੌਕਾ ਵੀ ਦੇਵੇਗੀ ।
ਸ. ਮਾਨ ਨੇ ਇਕ ਵੱਖਰੇ ਬਿਆਨ ਵਿਚ ਕਿਹਾ ਹੈ ਕਿ ਨੇਪਾਲ ਵਿਚ ਵੀ ਬਹੁਤ ਇੰਡੀਅਨ ਹਿੰਦੂ-ਸਿੱਖ ਭਰਾ ਵੱਸਦੇ ਹਨ ਅਤੇ ਪਾਕਿਸਤਾਨ ਵਿਚ ਵੀ ਵੱਸਦੇ ਹਨ, ਇਨ੍ਹਾਂ ਦੀਆਂ ਪੁਰਾਤਨ ਪਰਿਵਾਰਿਕ, ਸਮਾਜਿਕ ਅਤੇ ਇਤਿਹਾਸਿਕ ਸਾਂਝਾ ਹਨ । ਇਸ ਲਈ ਨੇਪਾਲ ਹਕੂਮਤ ਅਤੇ ਪਾਕਿਸਤਾਨ ਹਕੂਮਤ ਨੂੰ ਆਪਣੇ ਗੁਰਧਾਮਾਂ, ਧਾਰਮਿਕ ਸਥਾਨਾਂ ਦੇ ਦਰਸਨਾਂ ਲਈ ਵੀਜਾ ਰਹਿਤ ਦਾਖਲੇ ਦੀ ਸਹੂਲਤ ਦੇ ਕੇ ਉਨ੍ਹਾਂ ਦੇ ਧਾਰਮਿਕ ਹੱਕਾਂ ਅਤੇ ਭਾਵਨਾਵਾਂ ਦੀ ਰਾਖੀ ਕਰਨੀ ਬਣਦੀ ਹੈ । ਅਜਿਹਾ ਅਮਲ ਹੋਣ ਨਾਲ ਇਨ੍ਹਾਂ ਮੁਲਕਾਂ ਦੇ ਆਪਸੀ ਸੰਬੰਧ ਵੀ ਵਧੇਰੇ ਮਜ਼ਬੂਤ ਹੋਣਗੇ । ਉਨ੍ਹਾਂ ਕਿਹਾ ਕਿ ਜੋ ਇੰਡੀਆ ਨੇ ਮੰਦਭਾਵਨਾ ਅਧੀਨ ਕਸ਼ਮੀਰ ਤੇ ਲਦਾਖ ਨੂੰ ਕਸ਼ਮੀਰੀਆਂ ਦੀ ਸਟੇਟ ਤੋਂ ਵੱਖ ਕਰਕੇ ਆਪਣੇ ਅਧੀਨ ਕਰ ਲਿਆ ਹੈ, ਇਹ ਅਮਲ ਵੀ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਹਨ । ਜਦੋਂਕਿ ਕਸ਼ਮੀਰ ਇਕ ਸਰਹੱਦੀ ਸੂਬਾ ਹੈ ਅਤੇ ਉਥੇ ਵੱਸਣ ਵਾਲੇ ਕਸ਼ਮੀਰੀਆ ਉਤੇ ਲੰਮੇਂ ਸਮੇਂ ਤੋਂ ਹਕੂਮਤ ਜ਼ਬਰ-ਜੁਲਮ ਨਿਰੰਤਰ ਹੁੰਦਾ ਆ ਰਿਹਾ ਹੈ । ਅਜਿਹੀਆ ਗੈਰ-ਵਿਧਾਨਿਕ ਅਤੇ ਗੈਰ-ਸਮਾਜਿਕ ਕਾਰਵਾਈਆ ਤੁਰੰਤ ਬੰਦ ਕਰਕੇ ਕਸਮੀਰੀਆ ਨੂੰ ਉਨ੍ਹਾਂ ਦੀ ਆਜ਼ਾਦੀ ਦਾ ਆਨੰਦ ਮਾਨਣ ਅਤੇ ਬਿਨ੍ਹਾਂ ਕਿਸੇ ਡਰ-ਭੈ ਤੋਂ ਜਿੰਦਗੀ ਜਿਊਂਣ ਦੇ ਹੱਕ ਦੇਣੇ ਚਾਹੀਦੇ ਹਨ ਅਤੇ ਉਥੇ ਸਥਾਈ ਤੌਰ ਤੇ ਜਮਹੂਰੀਅਤ ਅਤੇ ਅਮਨ ਕਾਇਮ ਕਰਨ ਵਿਚ ਗੁਆਂਢੀ ਮੁਲਕਾਂ ਅਤੇ ਇੰਡੀਅਨ ਹਕੂਮਤ ਨੂੰ ਸੁਹਿਰਦਤਾ ਨਾਲ ਉਦਮ ਕਰਨੇ ਬਣਦੇ ਹਨ ।