ਲੰਡਨ, (ਮਨਦੀਪ ਖੁਰਮੀ) – ਇੰਗਲੈਂਡ ਦੇ ਸਲੋਹ ਹਲਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੰਡਨ ਲਈ ਸਿੱਧੀਆਂ ਹਵਾਈ ਉਡਾਣਾਂ ਦਾ ਮਾਮਲਾ ਭਾਰਤੀ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕਾਮਰਸ ਤੇ ਇੰਡਸਟਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲ ਕੇ ਮੁੜ ਉਠਾਇਆ ਹੈ। ਪੱਤਰਕਾਰ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਭਾਰਤੀ ਭਾਈਚਾਰੇ ਲਈ ਇਹ ਬੇਹੱਦ ਰਾਹਤ ਭਰਿਆ ਕਾਰਜ ਹੋਵੇਗਾ ਜੇਕਰ ਟੁੱਟਵੀਆਂ ਉਡਾਣਾਂ ਦੀ ਖੱਜਲ ਖੁਆਰੀ ਤੋਂ ਬਚਾਅ ਹੋ ਜਾਵੇ। ਢੇਸੀ ਦਾ ਕਹਿਣਾ ਹੈ ਕਿ ਉਹਨਾਂ ਦਾ ਹਲਕਾ ਹੀਥਰੋ ਏਅਰਪੋਰਟ ਦੇ ਬਿਲਕੁਲ ਨੇੜੇ ਹੈ ਤੇ ਇਸ ਹਲਕੇ ‘ਚ ਭਾਰਤੀ ਮੂਲ ਦੇ ਲੋਕਾਂ ਦੀ ਤਾਦਾਦ ਵੀ ਕਾਫੀ ਹੈ। ਇਸ ਵਡੇਰੇ ਕਾਰਜ ਨੂੰ ਅੰਜਾਮ ਦੇਣ ਲਈ ਉਹ ਨਿਰੰਤਰ ਯਤਨਸ਼ੀਲ ਹਨ ਤਾਂ ਕਿ ਲੋਕਾਂ ਨੂੰ ਮੁਸ਼ਕਿਲਾਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਮੁਲਾਕਾਤ ਦੌਰਾਨ ਭਾਰਤ ਦੇ ਦੋਵਾਂ ਮੰਤਰੀਆਂ ਨੇ ਤਨਮਨਜੀਤ ਸਿੰਘ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ- ਲੰਡਨ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਮਾਮਲੇ ‘ਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਲੰਡਨ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਧੀਆਂ ਹਵਾਈ ਉਡਾਣਾਂ ਦੇ ਮਾਮਲੇ ‘ਚ ਭਾਰਤੀ ਹਵਾਬਾਜ਼ੀ ਮੰਤਰੀ ਨੂੰ ਮਿਲੇ ਐੱਮ.ਪੀ. ਢੇਸੀ
This entry was posted in ਅੰਤਰਰਾਸ਼ਟਰੀ.