ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਜਾ ਚੁੱਕੇ ਨਿਊਜੀਲੈਡ ਵਾਸੀ ਹਰਨੇਕ ਨੇਕੀ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫੈਸਰ ਵਲੋਂ ਆਪਣੀ ਗੱਲਤ ਪਛਾਣ ਦਸ ਕੇ ਗੂਹੜੀ ਸਾਂਝ ਪਾਉਂਦਿਆਂ ਰੇਡੀਓ ’ਤੇ ਗੱਲਬਾਤ ਦੌਰਾਨ ਯੂਨੀ. ਦੇ ਗੁਰਸਿੱਖ ਵਿਦਿਆਰਥੀਆਂ, ਗੁਰੂ ਸਿਧਾਂਤ, ਗੁਰੂ ਸਾਹਿਬਾਨ ਅਤੇ ਦਮਦਮੀ ਟਕਸਾਲ ਪ੍ਰਤੀ ਗੱਲਤ ਸ਼ਬਦਾਵਲੀ ਵਰਤਦਿਆਂ ਮਜਾਕ ਉਡਾਉਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਦਮਦਮੀ ਟਕਸਾਲ ਕੋਲ ਪਹੁੰਚ ਗਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਪੀ. ਐਚ. ਡੀ. ਸਕਾਲਰ ਗੁਰਵਿੰਦਰ ਸਿੰਘ ਅਤੇ ਧਾਰਮਿਕ ਅਧਿਐਨ ਦੇ ਵਿਦਿਆਰਥੀ ਬਿਕਰਮ ਜੀਤ ਸਿੰਘ ਵਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੋ ਵਖ ਵਖ ਮੰਗ ਪਤਰ ਸੌਪਿਆ ਗਿਆ, ਜਿਸ ਵਿਚ ਡੂੰਘੀ ਸਾਜ਼ਿਸ਼ ਤਹਿਤ ਨੇਕੀ ਨਾਲ ਸਾਂਝ ਪਾਉਦਿਆਂ ਗੁਰਸਿੱਖੀ ਦਾ ਮਜਾਕ ਉਡਾਉਣ ਵਾਲੇ ਯੂਨੀ. ਦੇ ਸਾਬਕਾ ਧਰਮਿਕ ਪ੍ਰੋਫੈਸਰ ਖਿਲਾਫ ਸਿੱਖੀ ਰਵਾਇਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਇਸ ਤੋਂ ਪਹਿਲਾਂ ਉਹਨਾਂ ਵਲੋਂ ਪੁਲੀਸ ਪ੍ਰਸ਼ਾਸਨ ਨੂੰ ਵੀ ਦੋਸ਼ੀ ਵਿਰੁਧ ਕਾਰਵਾਈਕਰਨ ਲਈ ਸ਼ਿਕਾਇਤ ਕੀਤੀ ਗਈ। ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਇਕ ਸਾਬਕਾ ਪ੍ਰੋਫੈਸਰ ਨੇ ਨੇਕੀ ਨਾਲ ਉਸ ਦੀ ’ਰੇਡੀਓ ਵਿਰਸਾ’ ’ਤੇ ਗੱਲ ਕਰਦਿਆਂ ਡੂੰਘੀ ਸਾਜ਼ਿਸ਼ ਤਹਿਤ ਆਪਣੇ ਆਪ ਨੂੰ ਸਕਾਲਰ ਗੁਰਵਿੰਦਰ ਸਿੰਘ ਦੱਸਿਆ ਅਤੇ ਯੂਨੀ. ’ਚ ਪੜ੍ਹ ਰਹੇ ਗੁਰਸਿੱਖ ਵਿਦਿਆਰਥੀਆਂ, ਗੁਰੂ ਸਾਹਿਬਾਨ ਅਤੇ ਦਮਦਮੀ ਟਕਸਾਲ ਪ੍ਰਤੀ ਭਦੀ ਸ਼ਬਦਾਵਲੀ ਵਰਤਦਿਆਂ ਉਹਨਾਂ ਦੇ ਸ਼ਾਨ ਦੇ ਖਿਲਾਫ ਗੱਲਾਂ ਕੀਤੀਆਂ । ਗੱਲਤ ਫਹਿਮੀ ਅਤੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕਰਦਿਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ। ਮੰਗ ਪੱਤਰ ਸਿੰਘ ਸਾਹਿਬ ਦੇ ਪੀ. ਏ. ਜਸਪਾਲ ਸਿੰਘ ਨੇ ਹਾਸਿਲ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਇਸੇ ਦੌਰਾਨ ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਸਿਧਾਂਤ ਦਾ ਨਿਰਾਦਰ ਕਰਨ ਲਈ ਉਕਤ ਸਾਬਕਾ ਪ੍ਰੋਫੇਸਰ ਦੀ ਸਖਤ ਅਲੋਚਨਾ ਕੀਤੀ ਅਤੇ ਕਿਹਾ ਕਿ ਸਿੱਖੀ ਭੇਸ ’ਚ ਗੁਰਮਤਿ ਵਿਰੋਧੀ ਪ੍ਰਚਾਰ ਅਤੇ ਸਾਜ਼ਿਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਖਾਸਕਰ ਯੂਨੀਵਰਸਿਟੀ ਵਰਗੇ ਅਹਿਮ ਤੇ ਉਚ ਸਿੱਖਿਆ ਸੰਸਥਾਵਾਂ ’ਚ ਅਧਿਆਪਨ ਕਾਰਜ ’ਚ ਲਗੇ ਜਿਮੇਵਾਰ ਵਿਅਕਤੀਆਂ ਨੂੰ ਅਜਿਹਾ ਕਰਨ ਦੀ ਇਜਾਜਤ ਕਦੀ ਵੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇਕੀ ਅਤੇ ਉਕਤ ਪ੍ਰੋਫੈਸਰ ਦੀ ਡੂੰਘੀ ਸਾਜਿਸ਼ ਅਤੇ ਪੰਥ ਵਿਰੋਧੀ ਤਾਕਤਾਂ ਪ੍ਰਤੀ ਵਿਦਿਆਰਥੀਆਂ ਵਲੋਂ ਸੁਚੇਤ ਰਹਿਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਣਗੇ ਅਤੇ ਦੋਸ਼ੀਆਂ ਦੀ ਸਾਰੀ ਸਚਾਈ ਜਲਦ ਸੰਗਤ ਸਾਹਮਣੇ ਲਿਆਂਦਾ ਜਾਵੇਗਾ। ਉਹਨਾਂ ਪੁਲੀਸ ਪ੍ਰਸ਼ਾਸਨ ਅਤੇ ਯੂਨੀ. ਦੇ ਵੀ ਸੀ ਸ: ਜਸਪਾਲ ਸਿੰਘ ਨੂੰ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਖਿਲਾਫ ਕਾਰਵਾਈ ਕਰਨ ਲਈ ਕਿਹਾ।