ਮਹਿਤਾ – ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਥ ਵਿਚੋਂ ਛੇਕੇ ਗਏ ਨਿਊਜੀਲੈਡ ਵਾਸੀ ਹਰਨੇਕ ਨੇਕੀ ਨਾਲ ਰੇਡੀਓ ’ਤੇ ਗੱਲਬਾਤ ਦੌਰਾਨ ਆਪਣੀ ਗੱਲਤ ਪਛਾਣ ਦਸ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਸਿੱਖ ਵਿਦਿਆਰਥੀਆਂ, ਗੁਰੂ ਸਿਧਾਂਤ, ਗੁਰੂ ਸਾਹਿਬਾਨ ਅਤੇ ਦਮਦਮੀ ਟਕਸਾਲ ਪ੍ਰਤੀ ਗੱਲਤ ਸ਼ਬਦਾਵਲੀ ਵਰਤਦਿਆਂ ਮਜਾਕ ਉਡਾਉਣ ਵਾਲੇ ਯੂਨੀ ਦੇ ਸਾਬਕਾ ਪ੍ਰੋਫੈਸਰ ਨੇ ਅਜ ਦੇਰ ਸ਼ਾਮ ਦਮਦਮੀ ਟਕਸਾਲ ਦੇ ਹੈਡ ਕੁਆਟਰ ਪਹੁੰਚਦਿਆਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਕੋਲ ਆਪਣੀਆਂ ਗੱਲਤੀਆਂ ਨੂੰ ਸਵੀਕਾਰ ਕਰਦਿਆਂ ਭੁੱਲ ਦੀ ਖਿਮਾਯਾਜਨਾ ਕੀਤੀ ਹੈ।
ਲਿਖਤੀ ਮੁਆਫੀਨਾਮੇ ’ਚ ਯੂਨੀ. ਦੇ ਪ੍ਰੋਫੈਸਰ ਰਹੇ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਆਡੀਓ ਵਿੱਚ ਮੇਰੇ ਦੁਆਰਾ ਬੋਲੇ ਗਏ ਸ਼ਬਦਾਂ ਨਾਲ ਜੇਕਰ ਕਿਸੇ ਦੀ ਵੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਇਸ ਲਈ ਮੈਂ ਨਿਮਾਣੇ ਅਤੇ ਨਿਤਾਣੇ ਸਿੱਖ ਵਜੋਂ ਖਿਮਾਜਾਚਨਾ ਕਰਦਾ ਹਾਂ। ਉਹਨਾਂ ਕਿਹਾ ਕਿ ਮੇਰਾ ਸਿੱਖ ਪੰਥ ਨੂੰ ਢਾਹ ਲਾਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਪੰਥ ਦੀ ਇਕ ਮਹਾਨ ਅਤੇ ਸਿਰਮੌਰ ਜਥੇਬੰਦੀ ਹੈ। ਜਿਸ ਦਾ ਸ਼ਾਨਾਮੱਤਾ ਇਤਿਹਾਸ ਅਤੇ ਸਿੱਖ ਪੰਥ ਪ੍ਰਤੀ ਅਦੁੱਤੀ ਯੋਗਦਾਨ ਹੈ। ਮੈਂ ਸਮੁੱਚੇ ਸਿੱਖ ਪੰਥ, ਸਿੱਖ ਇਤਿਹਾਸ, ਪ੍ਰੰਪਰਾਵਾਂ ਅਤੇ ਦਮਦਮੀ ਟਕਸਾਲ ਪ੍ਰਤੀ ਅਥਾਹ ਵਿਸ਼ਵਾਸ ਰੱਖਦਾ ਹਾਂ।
ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪ੍ਰਮਿੰਦਰ ਸਿੰਘ ਬਰਾੜ ਨੂੰ ਸਖਤ ਤਾੜਨਾ ਕਰਦਿਆਂ ਪੰਥਕ ਅਸੂਲਾਂ ਸਿਧਾਂਤਾਂ ਅਤੇ ਗੁਰੂ ਸਾਹਿਬਾਨ ਸਬੰਧੀ ਗੱਲਤ ਟਿਪਣੀਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸਮੁੱਚੀ ਕੌਮ ਤੋਂ ਖਿਮਾਯਾਚਨਾ ਕਰਨ ਲਈ ਕਿਹਾ ਹੈ।