ਲੁਧਿਆਣਾ : ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ ਸਾਂਝੇ ਤੌਰ ਤੇੇ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਅਤੇ ਅੰਮ੍ਰਿਤਾ ਇਮਰੋਜ਼ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਅਜਿਹੀ ਸਨਮਾਨਿਤ ਸਾਹਿਤਕਾਰਾ ਹੈ ਜਿਸ ਨੇ ਆਪਣੀਆਂ ਰਚਨਾਵਾਂ ਰਾਹੀਂ ਆਧੁਨਿਕ ਸਮੇਂ ਵਿਚ ਕੁੜੀਆਂ ਨੂੰ ਆਜ਼ਾਦੀ ਅਤੇ ਖ਼ੂਬਸੂਰਤ ਜ਼ਿੰਦਗੀ ਦੇ ਸੁਪਨੇ ਲੈਣੇ ਸਿਖਾਏ। ਉਨ੍ਹਾਂ ਤੋਂ ਪਹਿਲਾਂ ਉੱਘੀ ਕਵਿੱਤਰੀ ਅਤੇ ਆਲੋਚਕ ਡਾ. ਪਾਲ ਕੌਰ ਨੇ ਮੁੱਖ ਸੁਰ ਭਾਸ਼ਣ ਦਿੱਤਾ ਅਤੇ ਕਿਹਾ ਕਿ ਅੰਮ੍ਰਿਤਾ ਨੇ ਆਪਣੀਆਂ ਬੇਬਾਕ ਰਚਨਾਵਾਂ ਅਤੇ ਰਚਨਾਵਾਂ ਵਰਗੀ ਜ਼ਿੰਦਗੀ ਨਾਲ ਨਾਮ ਕਮਾਇਆ। ਅੰਮ੍ਰਿਤਾ ਦੀਆਂ ਲਿਖਤਾਂ ਅਜੇ ਵੀ ਸਾਡੇ ਚੇਤਿਆਂ ਵਿਚ ਜਿਉਂਦੀਆਂ ਹਨ ਤੇ ਸਾਨੂੰ ਸੰਘਰਸ਼ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਮੌਕੇ ਉੱਘੇ ਕਵੀ ਡਾ. ਮੋਹਨਜੀਤ ਸਿੰਘ ਨੂੰ ਪਹਿਲਾ ਅੰਮ੍ਰਿਤਾ-ਇਮਰੋਜ਼ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਵਿਚ ਇਕਵੰਜਾ ਹਜ਼ਾਰ ਰੁਪਏ, ਸ਼ੋਭਾ ਪੱਤਰ, ਦੋਸ਼ਾਲਾ ਅਤੇ ਪੁਸਤਕਾਂ ਦਾ ਸੈੱਟ ਭੇਟਾ ਕੀਤਾ ਗਿਆ। ਡਾ. ਮੋਹਨਜੀਤ ਨੇ ਆਪਣੇ ਭਾਸ਼ਣ ਵਿਚ ਦਸਿਆ ਕਿ ਅੰਮ੍ਰਿਤਾ ਪ੍ਰੀਤਮ ਤੇ ਹਰਿਭਜਨ ਸਿੰਘ ਉਨ੍ਹਾਂ ਦੀ ਲੇਖਣੀ ਦੇ ਪ੍ਰੇਰਣਾ ਸਰੋਤ ਰਹੇ ਹਨ। ਉਨ੍ਹਾਂ ਅੰਮ੍ਰਿਤਾ ਇਮਰੋਜ਼ ਨਾਲ ਬਿਤਾਏ ਖ਼ੂਬਸੂਰਤ ਪਲਾਂ ਦੇ ਅਨੁਭਵ ਸਾਂਝੇ ਕੀਤੇ। ਡਾ. ਮੋਹਨਜੀਤ ਦਾ ਸ਼ੋਭਾ ਪੱਤਰ ਡਾ. ਗੁਰਇਕਬਾਲ ਸਿੰਘ ਨੇ ਪੇਸ਼ ਕੀਤਾ। ਡਾ. ਯੋਗਰਾਜ ਨੇ ਸਨਮਾਨਿਤ ਸ਼ਖ਼ਸੀਅਤ ਡਾ. ਮੋਹਨਜੀਤ ਬਾਰੇ ਖੋਜ-ਪੱਤਰ ਪੇਸ਼ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਕਵਿਤਾ ਘਾੜਤ, ਸੁਹਜ ਅਤੇ ਵਿਚਾਰਧਾਰਾਈ ਗਹਿਰਾਈ ਦਾ ਸੁਮੇਲ ਹੈ ਅਤੇ ਉਸ ਦੇ ਲਿਖੇ ਰੇਖਾ ਚਿੱਤਰ ਕਈ ਲੇਖਕਾਂ ਦੇ ਵਿਅਕਤਿਤਵ ਨਾਲ ਸਾਂਝ ਪਵਾਉਣ ਵਾਲੇ ਹਨ। ਇਸ ਸੈਸ਼ਨ ਦੇ ਆਰੰਭਿਕ ਸ਼ਬਦ ਡਾ. ਗੁਰਇਕਬਾਲ ਸਿੰਘ ਨੇ ਕਹੇ ਅਤੇ ਸਵਾਗਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕੀਤਾ। ਇਸ ਸੈਸ਼ਨ ਦੇ ਅੰਤ ਤੇ ਗੁਰਭੇਜ ਸਿੰਘ ਗੁਰਾਇਆ ਨੇ ਆਏ ਲੇਖਕਾਂ, ਵਿਦਵਾਨਾਂ ਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਅਜੋਕੇ ਲੇਖਕਾਂ ਨੂੰ ਅੰਮ੍ਰਿਤਾ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈਣ ਲਈ ਕਿਹਾ। ਮੰਚ ਸੰਚਾਲਨ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕੀਤਾ।
ਇਸ ਸਮਾਰੋਹ ਦਾ ਅਗਲਾ ਸੈਸ਼ਨ ਬਾਅਦ ਦੁਪਹਿਰ ਡਾ. ਯੋਗਰਾਜ ਦੀ ਪ੍ਰਧਾਨਗੀ ਵਿਚ ਹੋਇਆ। ਇਸ ਵਿਚ ਅਮੀਆਂ ਕੁੰਵਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸੈਸ਼ਨ ਵਿਚ ਹਰਵਿੰਦਰ ਭੰਡਾਲ ਨੇ ਅੰਮ੍ਰਿਤਾ ਦੀ ਕਵਿਤਾ ਵਿਚਲੀ ਪ੍ਰਗਤੀਵਾਦੀ ਚੇਤਨਾ ਦੇ ਪਾਸਾਰਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਦਾ ਔਰਤ ਅਨੁਭਵ ਉਸ ਦੀ ਕਵਿਤਾ ਨੂੰ ਪ੍ਰਗਤੀਵਾਦੀ ਚੇਤਨਾ ਦੀਆਂ ਸੀਮਾਵਾਂ ਤੋਂ ਪਾਰ ਲੈ ਜਾਂਦਾ ਹੈ। ਡਾ. ਚਰਨਜੀਤ ਕੌਰ ਨੇ ਆਪਣੇ ਪੇਪਰ ਵਿਚ ਅੰਮ੍ਰਿਤਾ ਦੀਆਂ ਲਿਖਤਾਂ ਦੀ ਨਾਰੀਵਾਦੀ ਪੜਤ ਪੇਸ਼ ਕੀਤੀ ਅਤੇ ਅੰਮ੍ਰਿਤਾ ਪ੍ਰੀਤਮ ਦੀਆਂ ਸਾਹਿਤ, ਸਮਾਜ ਤੇ ਰਾਜਨੀਤੀ ਵਿਚ ਹਾਸਿਲ ਪ੍ਰਾਪਤੀਆਂ ਨੂੰ ਵਡਿਆਇਆ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਨੇ ਨਾਰੀ ਦੇ ਅਧਿਕਾਰਾਂ ਦੀ ਗੱਲ ਸ਼ੁਰੂ ਕੀਤੀ ਪਰ ਅਖ਼ੀਰ ਉਤੇ ਉਹ ਅਧਿਆਤਮਕ ਦਾਇਰੇ ਵਿਚ ਸ਼ਾਮਿਲ ਹੋ ਗਈ। ਡਾ. ਜਗਵਿੰਦਰ ਜੋਧਾ ਨੇ ਅੰਮ੍ਰਿਤਾ ਦੇ ਸਵੈ ਜੀਵਨੀਆਤਮਕ ਬਿਰਤਾਂਤਾਂ ਬਾਰੇ ਕਿਹਾ ਕਿ ਇਹ ਬਿਰਤਾਂਤ ਉਤਪਾਦਨ ਦੇ ਸਰੋਤਾਂ ਤੋਂ ਟੁੱਟੀ ਹੋਈ ਇਕ ਹੱਸਾਸ ਔਰਤ ਦੀ ਆਪਣੀ ਪਛਾਣ ਸਥਾਪਿਤ ਕਰਨ ਦੇ ਸੰਘਰਸ਼ ਦੀਆਂ ਕਹਾਣੀਆਂ ਹਨ। ਡਾ. ਨੀਤੂ ਅਰੋੜਾ ਨੇ ਅਜੋਕੇ ਔਰਤ ਵਿਰੋਧੀ ਮੁਲਕ ਵਿਚ ਅੰਮ੍ਰਿਤਾ ਦੇ ਨਾਵਲਾਂ ਦੀ ਪੜਤ ਦੇ ਆਪਣੇ ਅਨੁਭਵ ਤੇ ਵਿਚਾਰਾਂ ਨੂੰ ਪੇਸ਼ ਕੀਤਾ ਤੇ ਕਿਹਾ ਕਿ ਅੰਮ੍ਰਿਤਾ ਪ੍ਰੇਮ ਨੂੰ ਇਕ ਕੇਂਦਰੀ ਮੁੱਲ ਵਜੋਂ ਉਸਾਰਨ ਦੀ ਕੋਸ਼ਿਸ ਕਰਦੀ ਹੈ। ਸਾਡੇ ਸਮਿਆਂ ਵਿਚ ਪ੍ਰੇਮ ਹੀ ਉਹ ਊਰਜਾ ਹੈ ਜੋ ਬਹੁਗਿਣਤੀ ਦੇ ਤਰਕ ਨੂੰ ਉਲਟਾ ਸਕਦਾ ਹੈ। ਡਾ. ਗੁਰਮੀਤ ਸਿੰਘ ਨੇ ਆਪਣੇ ਖੋੁਜ ਪੱਤਰ ਵਿਚ ਅੰਮ੍ਰਿਤਾ ਦੀਆਂ ਨਜ਼ਮਾਂ ਦਾ ਅਧਿਐਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਦੀਆਂ ਨਜ਼ਮਾਂ ਮਾਨਵੀ ਜੀਵਨ ਦੇ ਸੰਘਰਸ਼ਾਂ ਤੋਂ ਪ੍ਰਭਾਵਿਤ ਅਤੇ ਮਾਨਵੀ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਦੀਆਂ ਕਵਿਤਾਵਾਂ ਮਨੁੱਖ ਨੂੰ ਚੇਤੰਨ ਕਰਨ ਲਈ ਪ੍ਰਕਿਰਤਕ ਅਤੇ ਲੋਕ ਮੁਹਾਵਰੇ ਨੂੰ ਹਥਿਆਰ ਬਣਾਉਂਦੀਆਂ ਹਨ।
30 ਅਗਸਤ ਸ਼ਾਮ ਦੇ ਆਖ਼ਰੀ ਸੈਸ਼ਨ ਵਿਚ ਪੰਜਾਬੀ ਲੇਖਕਾਂ ਨੇ ਅੰਮ੍ਰਿਤਾ ਦੀਦੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਮੌਕੇ ਮੰਚ ਸੰਚਾਲਨ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਕੀਤਾ। ਇਸ ਸੈਸ਼ਨ ਵਿਚ ਡਾ. ਮੋਹਨਜੀਤ, ਸ੍ਰੀ ਬੀਬਾ ਬਲਵੰਤ, ਸ੍ਰੀ ਜਸਵੀਰ ਭੁੱਲਰ, ਕਿਰਪਾਲ ਕਜ਼ਾਕ, ਸਵਰਨਜੀਤ ਸਵੀ ਅਤੇ ਵਿਸ਼ਾਲ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਅੰਮ੍ਰਿਤਾ ਦੀ ਸ਼ਖ਼ਸੀਅਤ ਦੇ ਮੁਹੱਬਤੀ ਤੇ ਸਾਹਿਤਕ ਪਾਸਾਰਾਂ ਨੂੰ ਉਭਾਰਿਆ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਅਕਾਦਮੀ, ਦਿੱਲੀ ਦੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਨੇ ਕੀਤੀ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਅਜੋਕੇ ਲੇਖਕਾਂ ਨੂੰ ਵੰਗਾਰ ਪੇਸ਼ ਕਰਦੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੀ ਲੇਖਣੀ ਵਰਗੀ ਬਣਾਉਣ ਅਤੇ ਉਹ ਲਿਖਣ ਤੇ ਉਹ ਜਿਉਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਗੁਰਭਜਨ ਸਿੰਘ ਗਿੱਲ, ਹਕੀਕਤ ਸਿੰਘ ਮਾਂਗਟ, ਡਾ. ਰਣਜੀਤ ਸਿੰਘ, ਡਾ. ਸਰੂਪ ਸਿੰਘ ਅਲੱਗ, ਚਰਨਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪ੍ਰੀਤ ਸਿੰਘ ਮਾਂਗਟ, ਤਰਸੇਮ, ਜਸਵੀਰ ਝੱਜ, ਖੁਸ਼ਵੰਤ ਬਰਗਾੜੀ, ਸੁਰਿੰਦਰ ਰਾਮਪੁਰੀ, ਡਾ. ਗੁਰਮੀਤ ਸਿੰਘ ਹੁੰਦਲ, ਜਸਕੀਰਤ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਸਵਰਨਜੀਤ ਸਵੀ, ਜਸਪ੍ਰੀਤ, ਭਗਵਾਨ ਢਿੱਲੋਂ, ਅਜੀਤ ਪਿਆਸਾ, ਹਰਬੰਸ ਮਾਲਵਾ, ਦੀਪ ਗਿੱਲ ਪਾਂਘਲੀਆ, ਡਾ. ਸੰਦੀਪ ਕੌਰ ਸੇਖੋਂ, ਸਈਅਦ ਸ਼ਿਵ ਰਾਜ ਲੁਧਿਆਣਵੀ, ਪ੍ਰੋ. ਇੰਦਰਜੀਤ ਕੌਰ, ਕਮਲਜੀਤ ਕੌਰ, ਸਿਮਰਨ, ਗੌਰਵ ਅਰੋੜਾ, ਸੁਰਿੰਦਰ ਕੌਰ, ਹਰਪ੍ਰੀਤ ਕੌਰ ਪ੍ਰੀਤ, ਵਿਸ਼ਾਲ ਬਿਆਸ, ਡਾ. ਨਰੇਸ਼ ਕੁਮਾਰ, ਡਾ. ਸੰਦੀਪ ਸਿੰਘ, ਸਰਬਜੀਤ ਸਿੰਘ ਵਿਰਦੀ, ਅਮਨਦੀਪ ਕੌਰ, ਤੇਜ ਕੌਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ, ਕਿਰਨਪਾਲ ਕੌਰ, ਰਾਜਵਿੰਦਰ ਕੌਰ, ਬਖਸ਼ੰਦ ਪ੍ਰੀਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਅਧਿਆਪਕ, ਖੋਜਾਰਥੀ ਅਤੇ ਸਰੋਤੇ ਹਾਜ਼ਰ ਸਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ ਦੋ ਰੋਜ਼ਾ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਦਾ ਆਰੰਭ
This entry was posted in ਪੰਜਾਬ.