‘ਬਾਣੀ ਗੁਰੂ ਗੁਰੂ ਹੈ ਬਾਣੀ’
ਬਾਣੀ ਜਨਮ ਸਵਾਰੇ।
ਬਾਣੀ ਸਭ ਦੁੱਖਾਂ ਦਾ ਦਾਰੂ
ਦੁੱਖ ਸੰਤਾਪ ਉਤਾਰੇ।
ਗੁਰੂਆਂ ਭਗਤਾਂ ਦੀ ਇਹ ਬਾਣੀ
ਤਾਂ ਆਖਣ ਇਸ ਨੂੰ ਗੁਰਬਾਣੀ
ਪੜ੍ਹੋ ਸੁਣੋ ਬਾਣੀ ਚਿੱਤ ਲਾਏ
ਕਰਦੀ ਵਾਰੇ ਨਿਆਰੇ।
ਬਾਣੀ…
ਬਾਣੀ ਸੱਚਾ ਰਾਹ ਦਿਖਲਾਵੇ
ਊਚ ਨੀਚ ਦਾ ਭੇਦ ਮਿਟਾਵੇ
‘ਸਭਨਾ ਜੀਆ ਕਾ ਇਕੁ ਦਾਤਾ’
ਬਾਣੀ ਸੱਚ ਉਚਾਰੇ।
ਬਾਣੀ…
ਕੁੱਜੇ ਪਾਇਆ ਗਿਆਨ ਸਮੁੰਦਰ
ਚੌਦਾਂ ਸੌ ਤੀਹ ਪੰਨਿਆਂ ਅੰਦਰ
ਵੱਖ ਵੱਖ ਰਾਗਾਂ ਦੇ ਵਿੱਚ ਬਾਣੀ
ਸਾਜੀ ਪੰਚਮ ਪਿਆਰੇ।
ਬਾਣੀ…
ਬਾਣੀ ਦੇ ਲੜ ਜਿਹੜਾ ਲੱਗੇ
ਠੱਗ ਸੱਜਣ ਕਿੰਜ ਉਸਨੂੰ ਠੱਗੇ
ਸਾਚੀ ਬਾਣੀ ਨੇ ਤਾਂ ਪਾਪੀ
ਕੌਡੇ ਕਈ ਸੁਧਾਰੇ।
ਬਾਣੀ…
ਬਾਣੀ ਰੰਬਾ ਮਨ ਦਾ ਚੰਡੇ
ਬਾਣੀ ਸਭ ਨੂੰ ਖੁਸ਼ੀਆਂ ਵੰਡੇ
ਬਾਣੀ ਵਰਖਾ ਸੁੱਖਾਂ ਦੀ ਕਰ
ਤਪਦਾ ਹਿਰਦਾ ਠਾਰੇ।
ਬਾਣੀ…
ਬਾਣੀ ਤਾਈਂ ਪਿਆਰ ਕਰਾਂ ਮੈਂ
ਬਾਣੀ ਦਾ ਸਤਿਕਾਰ ਕਰਾਂ ਮੈਂ
‘ਦੀਸ਼’ ਕਹੇ ਬਾਣੀ ਦੇ ਵਿਚੋਂ
ਹੁੰਦੇ ਗੁਰੂ ਦੀਦਾਰੇ।
ਬਾਣੀ..