ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਪੰਜਾਬੀ ਅਕਾਦਮੀ ਦਿੱਲੀ ਵਲੋਂ ਸਾਂਝੇ ਤੌਰ ਤੇੇ ਅੰਮ੍ਰਿਤਾ ਪ੍ਰੀਤਮ ਜਨਮ ਸ਼ਤਾਬਦੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਦੂਜੇ ਦਿਨ ਦੇੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਮੋਹਨਜੀਤ ਨੇ ਕੀਤੀ ਅਤੇ ਬੀਬਾ ਬਲਵੰਤ ਇਸ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸੈਸ਼ਨ ਵਿਚ ਚਾਰ ਖੋਜ-ਪੱਤਰ ਪੜ੍ਹੇ ਗਏ। ਸੈਸ਼ਨ ਦੇ ਪਹਿਲੇ ਪੇਪਰ ਵਿਚ ਡਾ. ਆਤਮ ਰੰਧਾਵਾ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਿਚਲੀ ਵਿਦਰੋਹੀ ਸੁਰ ਨੂੰ ਪਛਾਣਿਆ ਅਤੇ ਦੱਸਿਆ ਕਿ ਪੱਥਰ ਗੀਟੇ ਤੋਂ ਲੈ ਕੇ 1977 ਤਕ ਅੰਮ੍ਰਿਤਾ ਦੀ ਕਵਿਤਾ ਵਿਚ ਵਿਦਰੋਹੀ ਸੁਰ ਆਪਣੀ ਬੁਲੰਦੀ ’ਤੇ ਹੈ ਜੋ ਬਾਅਦ ਵਿਚ ਮੱਧਮ ਪੈ ਜਾਂਦੀ ਹੈ। ਦੂਜੇ ਪੇਪਰ ਵਿਚ ਡਾ. ਸਰਘੀ ਨੇ ਅੰਮ੍ਰਿਤਾ ਪ੍ਰੀਤਮ ਦੀਆਂ ਕਹਾਣੀਆਂ ਦਾ ਅਧਿਐਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਉਸ ਦੇ ਸਵੈ ਦੇ ਝਲਕਾਰੇ ਮਿਲਦੇ ਹਨ ਤੇ ਉਸ ਦਾ ਸਵੈ-ਮੋਹ ਵੀ ਪ੍ਰਗਟ ਹੁੰਦਾ ਹੈ। ਚੇਤਨਾ ਦੀ ਪੱਧਰ ’ਤੇ ਉਸ ਦੀ ਕਹਾਣੀ ਦੇ ਨਾਰੀ ਪਾਤਰ ਸਮੇਂ ਤੋਂ ਵੀਹ ਵਰ੍ਹੇ ਅੱਗੇ ਵਿਚਰਦੇ ਹਨ। ਅਗਲੇ ਪੇਪਰ ਵਿਚ ਖੋਜਾਰਥੀ ਕੁਲਵਿੰਦਰ ਕੌਰ ਨੇ ਅੰਮ੍ਰਿਤਾ ਪ੍ਰੀਤਮ ਅਤੇ ਕ੍ਰਿਸ਼ਨਾ ਸੋਬਤੀ ਦੇ ਨਾਵਲਾਂ ਦਾ ਤੁਲਨਾਤਮਕ ਅਧਿਐਨ ਪੇਸ਼ ਕੀਤਾ। ਉਸ ਨੇ ਕਿਹਾ ਕਿ ਅੰਮ੍ਰਿਤਾ ਤੇ ਸੋਬਤੀ ਦੋਵੇਂ ਮੱਧ ਸ਼੍ਰੇਣਿਕ ਪਿਛੋਕੜ ਵਿਚੋਂ ਹਨ ਪਰ ਦੋਨੋਂ ਉਹ ਔਰਤ ਬਾਰੇ ਪੱਖਪਾਤੀ ਹਨ ਤੇ ਨਾ ਹੀ ਮਰਦ ਦੀਆਂ ਵਿਰੋਧੀ ਹਨ। ਉਹ ਦੋਵੇਂ ਨਾਰੀ ਆਜ਼ਾਦੀ ਦੀ ਗੱਲ ਕਰਦਿਆਂ ਸੰਤੁਲਨ ਬਣਾਈ ਰੱਖਦੀਆਂ ਹਨ। ਇਸ ਸੈਸ਼ਨ ਦੇ ਆਖਰੀ ਪੇਪਰ ਵਿਚ ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਡਾ. ਯਾਦਵਿੰਦਰ ਸਿੰਘ ਨੇ ਅੰਮ੍ਰਿਤਾ ਪ੍ਰੀਤਮ ਦੀ ਸਾਹਿਤ ਯਾਤਰਾ ਵਿਚਲੇ ਵਿਭਿੰਨ ਪੜ੍ਹਾਵਾਂ ਨੂੰ ਇਕੋ ਖ਼ਾਹਿਸ਼ ਦੇ ਵੱਖ ਵੱਖ ਰੂਪਾਂਤਰਨ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਅੰਮ੍ਰਿਤਾ ਨੂੰ ਤੋੜ ਕੇ ਨਹੀਂ ਦੇਖਣਾ ਚਾਹੀਦਾ ਸਗੋਂ ਇਕ ਸੰਯੁਗਤ ਸ਼ਖ਼ਸੀਅਤ ਵਜੋਂ ਸਮਝਣਾ ਚਾਹੀਦਾ ਹੈ ਜਿਸ ਦੀਆਂ ਲਿਖਤਾਂ, ਸੁਪਨੇ ਅਤੇ ਜ਼ਿੰਦਗੀ ਇਕ ਦੂਜੇ ਵਿਚ ਰਮੇ ਹੋਏ ਹਨ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਖੋਜ ਪੱਤਰ ਪੜ੍ਹਨ ਵਾਲਿਆਂ ਦੀ ਇਸ ਗਲੋਂ ਪ੍ਰਸੰਸਾ ਕੀਤੀ ਕਿ ਉਨ੍ਹਾਂ ਅੰਮ੍ਰਿਤਾ ਨੂੰ ਨਵੇਂ ਤਰੀਕੇ ਤੇ ਨਵੀਆਂ ਵਿਧੀਆਂ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ।
ਸੈਮੀਨਾਰ ਦੇ ਦੂਜੇ ਸੈਸ਼ਨ ਵਿਚ ਪੰਜਾਬੀ ਦੀਆਂ ਲੇਖਿਕਾਵਾਂ ਨੇ ਆਪਣੀ ਜ਼ਿੰਦਗੀ ਅਤੇ ਸਾਹਿਤ ਨਾਲ ਅੰਮ੍ਰਿਤਾ ਦੀ ਵਾਬਸਤਗੀ ਬਾਰੇ ਗੱਲਾਂ ਕੀਤੀਆਂ। ਇਸ ਸੈਸ਼ਨ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਡਾ. ਵਨੀਤਾ ਨੇ ਕੀਤੀ। ਇਸ ਦੇ ਪਹਿਲੇ ਵਕਤਾ ਸੁਰਿੰਦਰ ਨੀਰ ਨੇ ਅੰਮ੍ਰਿਤਾ ਦੀ ਕਵਿਤਾ ਪੜ੍ਹ ਕੇ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਨਾਵਲ ਪੜ੍ਹ ਕੇ ਨਾਵਲ ਲਿਖਣੇ ਸ਼ੁਰੂ ਕੀਤੇ। ਕਵਿੱਤਰੀ ਸਿਮਰਨ ਗਗਨ ਨੇ ਕਿਹਾ ਕਿ ਮੇਰੀ ਕਵਿਤਾ ਦੀ ਯਾਤਰਾ ਅੰਮ੍ਰਿਤਾ ਦੀ ਕਵਿਤਾ ਦੇ ਬੂਹੇ ਵਿਚੋਂ ਲੰਘ ਕੇ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਨੂੰ ਇਕ ਚੌਖਟੇ ਵਿਚ ਨਹੀਂ ਬੰਨਿ੍ਹਆ ਜਾ ਸਕਦਾ ਸਗੋਂ ਉਸ ਦੀ ਲੇਖਣੀ/ਜ਼ਿੰਦਗੀ ਦੇ ਅਨੇਕਾਂ ਪਾਸਾਰ ਹਨ। ਡਾ. ਨੀਤੂ ਅਰੋੜਾ ਨੇ ਅੰਮ੍ਰਿਤਾ ਨਾਲ ਆਪਣੀ ਰਿਸ਼ਤਗੀ ਬਾਰੇ ਗੱਲਾਂ ਕੀਤੀਆਂ ਤੇ ਕਿਹਾ ਕਿ ਅੰਮ੍ਰਿਤਾ ਤੂੰ ਬੜੇ ਸਾਜਸ਼ੀ ਢੰਗ ਨਾਲ ਪਾਠ¬ਕ੍ਰਮਾਂ ਵਿਚੋਂ ਖ਼ਾਰਿਜ ਕਰ ਦਿੱਤਾ ਜਾਣਾ ਦਰਸਾਉਂਦਾ ਹੈ ਕਿ ਸਾਡੀ ਸਭਿਆਚਾਰਕ ਸੱਤਾ ਦੇ ਨਾਲ ਨਾਲ ਅਕਾਦਮਿਕ ਸੱਤਾ ਦੀ ਕਿਵੇਂ ਅੰਮ੍ਰਿਤਾ ਦੀ ਰਚਨਾ ਤੋਂ ਖੌਫ਼ਜ਼ਦਾ ਹਨ। ਅੰਮ੍ਰਿਤਾ ਨੂੰ ਆਪਣੀ ਪ੍ਰੇਰਣਾ ਮੰਨਦੇ ਹੋਏ ਕਿਹਾ ਕਿ ਉਨ੍ਹਾਂ ਜਿਥੋਂ ਸ਼ੁਰੂ ਕੀਤਾ ਉਥੇ ਹੀ ਨਹੀਂ ਖੜ੍ਹੇ ਸਗੋਂ ਉਹ ਅੱਗੇ ਵੀ ਇਕ ਸੁਤੰਤਰ ਸੋਚ ਨਾਲ ਚਲ ਰਹੀ ਹੈ। ਡਾ. ਵਨੀਤਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ 21ਵੀਂ ਸਦੀ ਤੇ ਵੀ ਅੰਮ੍ਰਿਤਾ ਦੀ ਛਾਪ ਹੈ। ਉਸ ਨੇ ਇਤਿਹਾਸ-ਮਿਥਿਹਾਸ, ਪੂਰਬੀ ਚਿੰਤਨ ਅਤੇ ਪੱਛਮੀ ਸਾਹਿਤ ਨੂੰ ਆਪਣੇ ਕਲਾਵੇ ਵਿਚ ਰਹਿੰਦਿਆਂ ਹੋਇਆਂ ਸਾਹਿਤ ਦੀਆਂ ਸਮਾਨ ਵਿਧਾਵਾਂ ’ਤੇ ਰਚਨਾ ਕਾਰਜ ਕੀਤਾ ਅਤੇ ਔਰਤਾਂ ਨੂੰ ਵਿਸ਼ੇਸ਼ ਕਰ ਬੰਦ ਰਵਾਇਤਾਂ ਦੇ ਜੰਦਰੇ ਤੋੜ ਕੇ ਔਰਤਾਂ ਨੂੰ ਸੁਪਨੇ ਦੇਖਣ ਅਤੇ ਸੁਪਨਿਆਂ ਦੀ ਤਾਬੀਰ ਬਾਰੇ ਚਿੰਤਨ ਮੰਨਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਬਲਵੰਤ, ਡਾ. ਗੁਲਜ਼ਾਰ ਸਿੰਘ ਪੰਧੇਰ, ਸਹਿਜਪ੍ਰੀਤ ਸਿੰਘ ਮਾਂਗਟ, ਜਸਵੀਰ ਝੱਜ, ਗੁਲਜ਼ਾਰ ਸਿੰਘ ਸ਼ੌਂਕੀ, ਮਨਜਿੰਦਰ ਧਨੋਆ, ਡਾ. ਗੁਰਮੀਤ ਸਿੰਘ ਹੁੰਦਲ, ਰਾਮ ਸਿੰਘ, ਜਸਕੀਰਤ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਪ੍ਰੋ. ਇੰਦਰਜੀਤ ਕੌਰ, ਜਸਪ੍ਰੀਤ ਕੌਰ ਫਲਕ, ਸਵਰਨਜੀਤ ਸਵੀ, ਭਗਵਾਨ ਢਿੱਲੋਂ ਕਮਲਜੀਤ ਕੌਰ, ਗੌਰਵ ਅਰੋੜਾ, ਸੁਰਿੰਦਰ ਕੌਰ, ਅਮਨਦੀਪ ਕੌਰ, ਡਾ. ਅਮਰਜੀਤ ਕੌਰ, ਤੇਜ ਕੌਰ, ਸੋਮਾ ਸਬਲੋਕ, ਜਤਿੰਦਰ ਹਾਂਸ, ਸਰਬਜੀਤ ਸਿੰਘ ਵਿਰਦੀ, ਸਿਮਰਤ ਗਗਨ, ਬਖਸ਼ੰਦ ਪ੍ਰੀਤ ਸਿੰਘ, ਦੀਪ ਜਗਦੀਪ, ਡਾ. ਖੁਸ਼ਵੀਨ ਕੌਰ ਬਾਠ, ਸੁਖਜੀਤ ਕੌਰ, ਹਰਲੀਨ ਸੋਨਾ, ਅਮਰਜੀਤ ਸ਼ੇਰਪੁਰੀ, ਜਸਮੀਰ ਕੌਰ, ਬਲਵੀਰ ਕੌਰ, ਗੁਰਨਾਮ ਸਿੰਘ ਸੀਤਲ, ਸੁਖਜੀਤ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ, ਅਧਿਆਪਕ, ਖੋਜਾਰਥੀ ਅਤੇ ਸਰੋਤੇ ਹਾਜ਼ਰ ਸਨ।