ਬਲਬੀਰ ਢਿੱਲੋਂ ਮੁੱਢਲੇ ਤੌਰ ਤੇ ਸਮਾਜਿਕ ਚੇਤਨਾ ਦੀ ਪ੍ਰਤੀਕ ਕਵਿਤਰੀ ਹੈ ਪ੍ਰੰਤੂ ਉਸਦਾ ਇਹ ਤੀਜਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ ਰੋਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਹੈ। ਭਾਵੇਂ ਆਮ ਤੌਰ ਤੇ ਕਵਿਤਾ ਨੂੰ ਰੋਮਾਂਸਵਾਦ ਨਾਲ ਹੀ ਜੋੜ ਕੇ ਵੇਖਿਆ ਤੇ ਪੜਿ੍ਆ ਜਾਂਦਾ ਹੈ ਕਿਉਂਕਿ ਕਵਿਤਾ ਨੂੰ ਭਾਵਨਾਵਾਂ ਦਾ ਪ੍ਰਗਟਾਵਾ ਹੀ ਕਿਹਾ ਜਾਂਦਾ ਹੈ। ਸਾਹਿਤਕ ਪ੍ਰਵਿਰਤੀਆਂ ਵਿਚ ਵੀ ਸਮੇਂ ਦੇ ਪ੍ਰਭਾਵ ਅਤੇ ਆਧੁਨਿਕਤਾ ਦੇ ਦੌਰ ਨਾਲ ਤਬਦੀਲੀ ਆ ਰਹੀ ਹੈ। ਤਬਦੀਲੀ ਵਿਕਾਸ ਦੀ ਪ੍ਰਤੀਕ ਹੁੰਦੀ ਹੈ। ਇਸ ਤਬਦੀਲੀ ਦਾ ਅਸਰ ਇਹ ਹੋਇਆ ਕਿ ਅਜੋਕੀ ਕਵਿਤਾ ਵਿਚ ਵਿਚਾਰਧਾਰਾ ਨੂੰ ਪ੍ਰਮੁੱਖਤਾ ਦੇ ਕੇ ਭਾਵਨਾਵਾਂ ਵਿਚ ਲਪੇਟਕੇ ਪੇਸ਼ ਕੀਤਾ ਜਾਂਦਾ ਹੈ। ਸੁਰ, ਤਾਲ, ਲੈ ਬੱਧ ਕਵਿਤਾ ਨਾਲੋਂ ਖੁਲ੍ਹੀ ਕਵਿਤਾ ਜ਼ਿਆਦਾ ਲਿਖੀ ਜਾ ਰਹੀ ਹੈ ਕਿਉਂਕਿ ਖੁਲ੍ਹੀ ਕਵਿਤਾ ਵਿਚ ਵਿਚਾਰਧਾਰਾ ਪ੍ਰਮੁੱਖ ਹੁੰਦੀ ਹੈ। ਅਜਿਹੀ ਹੀ ਇੱਕ ਕਵਿਤਰੀ ਹੈ, ਕੈਨੇਡਾ ਦੇ ਡੈਲਟਾ ਸ਼ਹਿਰ ਵਿਚ ਵਸੀ ਬਲਬੀਰ ਕੌਰ ਢਿੱਲੋਂ ਜਿਹੜੀ ਇਹ ਮਹਿਸੂਸ ਕਰਦੀ ਹੈ ਕਿ ਨਿਰੀ ਭਾਵਨਾਵਾਂ ਦੇ ਵਹਿਣ ਵਿਚ ਵਹਿਕੇ ਲਿਖੀ ਜਾਂਦੀ ਕਵਿਤਾ ਮਨੋਰੰਜਨ ਤਾਂ ਕਰ ਸਕਦੀ ਹੈ ਪ੍ਰੰਤੂ ਸਮਾਜ ਲਈ ਲਾਹੇਬੰਦ ਨਹੀਂ ਹੋ ਸਕਦੀ, ਭਾਵਨਾਵਾਂ ਦੀ ਕਵਿਤਾ ਪਿਆਰ ਵਿਚ ਅਸਫਲਤਾ ਦਾ ਪ੍ਰਗਟਾਵਾ ਅਤੇ ਨਿੱਜੀ ਰੋਣ ਧੋਣ ਨਾਲ ਓਤ ਪੋਤ ਹੁੰਦੀ ਹੈ। ਇਸ ਲਈ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾਵਾਂ ਲਿਖਣ ਨੂੰ ਤਰਜ਼ੀਹ ਦਿੰਦੀ ਹੈ। ਉਸਦਾ ਸੋਚ ਦੀ ਪਰਵਾਜ਼ ਕਾਵਿ ਸੰਗ੍ਰਹਿ ਸਮਾਜਿਕ ਚੇਤਨਾ ਅਤੇ ਰੋਮਾਂਸਵਾਦ ਦਾ ਵਿਲੱਖਣ ਸੁਮੇਲ ਹੈ। ਉਸਦੇ ਦੋ ਕਾਵਿ ਸੰਗ੍ਰਹਿ ‘ਜ਼ਿੰਦਗੀ’ (2011) ਅਤੇ ‘ਐ ਹਵਾ’ (2013) ਪਹਿਲਾਂ ਹੀ ਪ੍ਰਕਾਸ਼ਤ ਹੋ ਚੁੱਕੇ ਹਨ। ਸੋਚ ਦੀ ਪਰਵਾਜ਼ ਉਸਦਾ 124 ਪੰਨਿਆਂ, ਦੇਸ 250 ਰੁਪਏ, ਵਿਦੇਸ਼ 10 ਡਾਲਰ ਕੀਮਤ ਵਾਲਾ ਤੀਜਾ ਕਾਵਿ ਸੰਗ੍ਰਹਿ ਹੈ, ਜੋ ਰਹਾਓ ਪਬਲੀਕੇਸ਼ਨ ਨਿਹਾਲ ਸਿੰਘ ਵਾਲਾ ਨੇ ਪ੍ਰਕਾਸ਼ਤ ਕੀਤਾ ਹੈ। ਇਸ ਕਾਵਿ ਸੰਗ੍ਰਹਿ ਵਿਚ 60 ਕਵਿਤਾਵਾਂ, 5 ਸਮਾਜਿਕਤਾ ਵਾਲੇ ਗੀਤ, ਟੱਪੇ ਅਤੇ ਦੋਹੇ ਹਨ। ਬਲਬੀਰ ਢਿੱਲੋਂ ਦੀ ਜ਼ਿੰਦਗੀ ਜਦੋਜਹਿਦ ਵਾਲੀ ਰਹੀ ਹੈ। ਬਚਪਨ ਵਿਚ 9 ਸਾਲ ਦੀ ਅਲ੍ਹੜ੍ਹ੍ਹ ਉਮਰ ਵਿਚ ਪਿਤਾ ਦਾ ਸਾਇਆ ਸਿਰ ਤੋਂ ਉਠ ਜਾਣ ਕਰਕੇ ਅਨੇਕਾਂ ਮੁਸੀਬਤਾਂ ਦਾ ਮੁਕਾਬਲਾ ਕਰਨਾ ਪਿਆ। ਬਚਪਨ ਵਿਚ ਆਈਆਂ ਅਚਾਨਕ ਅਣਚਾਹੀਆਂ ਮੁਸੀਬਤਾਂ ਦਾ ਪ੍ਰਗਟਾਵਾ ਕਰਨ ਤੋਂ ਹਿਚਕਚਾਉਣ ਕਰਕੇ ਉਹ ਉਨ੍ਹਾਂ ਵੇਦਨਾਵਾਂ ਨੂੰ ਕਾਗਜ਼ ਤੇ ਲਿਖਕੇ ਪ੍ਰਗਟਾਵਾ ਕਰਦੀ ਰਹੀ, ਜਿਸ ਕਰਕੇ ਉਸਦੀ ਜ਼ਿੰਦਗੀ ਕੁਦਰਤ ਦੇ ਰਹਿਮੋ ਕਰਮ ਨਾਲ ਗੁਜ਼ਰਦੀ ਰਹੀ। ਪ੍ਰੰਤੂ ਉਸਦੇ ਮਾਸੂਮ ਦਿਲ ਵਿਚ ਇਨ੍ਹਾਂ ਤਲਖ਼ ਸਚਾਈਆਂ ਦੇ ਨਾਲ ਨਿਪਟਦਿਆਂ ਹੀ ਕਵਿਤਾਵਾਂ ਪਣਪਣ ਲੱਗ ਪਈਆਂ ਸਨ ਜਿਨ੍ਹਾਂ ਨੇ ਬਲਬੀਰ ਢਿੱਲੋਂ ਦੇ ਪ੍ਰੌੜ੍ਹ ਉਮਰ ਵਿਚ ਪਹੁੰਚਦਿਆਂ ਹੀ ਲਾਵੇ ਦੀ ਤਰ੍ਹਾਂ ਫੁੱਟ ਕੇ ਕਾਗਜ਼ ਦੀ ਕੈਨਵਸ ਤੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਉਸ ਦੀਆਂ ਬਹੁਤੀਆਂ ਕਵਿਤਾਵਾਂ ਬਹੁ-ਰੰਗੀ, ਬਹੁ ਪਰਤੀ, ਬਹੁ ਦਿਸ਼ਾਈ, ਬਹੁ ਅਰਥੀ ਅਤੇ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਤੇ ਅਧਾਰਤ ਹਨ। ਸਮਾਜਿਕ ਬੰਧਨਾ ਕਰਕੇ ਅਸੀਂ ਕਈ ਵਾਰੀ ਆਪਣੇ ਨਾਲ ਹੋ ਰਹੇ ਵਿਤਕਰੇ ਦਾ ਪ੍ਰਗਟਾਵਾ ਨਹੀਂ ਕਰਦੇ ਪ੍ਰੰਤੂ ਕਵਿਤਾ ਅਜਿਹਾ ਮਾਧਿਅਮ ਹੈ, ਜਿਸ ਵਿਚ ਲਪੇਟਕੇ ਅਸੀਂ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਰ ਜਾਂਦੇ ਹਾਂ। ਬਲਬੀਰ ਢਿੱਲੋਂ ਦੀਆਂ ਕਵਿਤਾਵਾਂ ਵੀ ਸਮਾਜ ਵਿਚ ਹੋ ਰਹੇ ਵਿਤਕਰੇ ਦਾ ਵਿਕਰਾਲ ਰੂਪ ਥੋੜ੍ਹੇ ਸ਼ਬਦਾਂ ਵਿਚ ਹੀ ਦਰਸਾ ਜਾਂਦੀਆਂ ਹਨ। ਆਧੁਨਿਕਤਾ ਦੇ ਦੌਰ ਵਿਚ ਪਰਿਵਾਰਿਕ ਖ਼ੂਨ ਦੇ ਰਿਸ਼ਤਿਆਂ ਵਿਚ ਇਨਸਾਨ ਦੇ ਪਦਾਰਥਵਾਦੀ ਹੋ ਜਾਣ ਕਰਕੇ ਆ ਰਹੀਆਂ ਗਿਰਾਵਟਾਂ ਨੂੰ ਵੀ ਬਲਬੀਰ ਢਿੱਲੋਂ ਨੇ ਦਲੇਰੀ ਨਾਲ ਬੇਬਾਕ ਹੋ ਕੇ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ। ਕਵਿਤਰੀ ਦੀ ਇੱਕ ਬਿਹਤਰੀਨ ਖ਼ੂਬੀ ਇਹ ਵੀ ਹੈ ਕਿ ਉਸਨੇ ਭਾਵੇਂ ਆਪਣੇ ਨਿੱਜੀ ਤਜ਼ਰਬਿਆਂ ਦੇ ਆਧਾਰ ਤੇ ਕਵਿਤਾਵਾਂ ਲਿਖੀਆਂ ਹਨ ਪ੍ਰੰਤੂ ਉਨ੍ਹਾਂ ਕਵਿਤਾਵਾਂ ਨੂੰ ਲੋਕਾਈ ਵਿਸ਼ੇਸ਼ ਤੌਰ ਤੇ ਇਸਤਰੀ ਦੇ ਦਰਦ ਦੇ ਰੂਪ ਵਿਚ ਬਦਲਕੇ ਪੇਸ਼ ਕਰ ਦਿੱਤਾ ਹੈ। ਬਲਬੀਰ ਢਿੱਲੋਂ ਦੀਆਂ ਕਵਿਤਾਵਾਂ ਪੜ੍ਹਕੇ ਹਰ ਇਸਤਰੀ ਪਾਠਕ ਨੂੰ ਉਹ ਆਪਣੀ ਮੁਸੀਬਤ ਬਾਰੇ ਲਿਖੀਆਂ ਮਹਿਸੂਸ ਹੁੰਦੀਆਂ ਹਨ। ਭਾਵ ਉਸਨੇ ਆਪਣੀ ਨਿੱਜ ਦੀ ਪੀੜਾ ਨੂੰ ਜਨਰਲਾਈਜ਼ ਕਰ ਦਿੱਤਾ ਹੈ। ਉਹ ਇਹ ਵੀ ਲਿਖਦੀ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਹੈ ਭਾਵੇਂ ਉਸਦੀ ਮਾਂ ਹੀ ਕਿਉਂ ਨਾ ਹੋਵੇ ਕਿਉਂਕਿ ਸਾਡੇ ਪੰਜਾਬੀ ਸਮਾਜ ਵਿਚ ਮਾਂ ਹਮੇਸ਼ਾ ਇਸਤਰੀ ਹੁੰਦੀ ਹੋਈ ਵੀ ਪੁੱਤਰੀ ਦੀ ਥਾਂ ਆਪਣੇ ਪੁੱਤਰ ਦਾ ਪੱਖ ਪੂਰਦੀ ਹੈ। ਹਾਲਾਂ ਕਿ ਮਾਂ ਵੀ ਭਾਵੇਂ ਅਜਿਹੀ ਹਾਲਤ ਵਿਚੋਂ ਲੰਘੀ ਹੋਵੇ। ਕਵਿਤਰੀ ਪੰਜਾਬੀ ਵਿਰਾਸਤ ਨੂੰ ਲੱਗੇ ਖੋਰੇ ਤੋਂ ਵੀ ਚਿੰਤਤ ਹੈ ਕਿਉਂਕਿ ਨਿਰਾਰਥਕ ਗੀਤ ਅਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਹਨ। ਇਸਨੂੰ ਰੋਕਣ ਲਈ ਉਹ ਲੋਕ ਲਹਿਰ ਬਣਾਉਣ ਦੀ ਤਾਕੀਦ ਵੀ ਕਰਦੀ ਹੈ। ਆਧੁਨਿਕਤਾ ਦੀਆਂ ਰਹਿਮਤਾਂ ਨੇ ਇਨਸਾਨਾ ਵਿਚ ਦੂਰੀਆਂ ਪਾ ਦਿੱਤੀਆਂ ਹਨ। ਜਦੋਂ ਉਹ ਕਵਿਤਾ ਲਿਖਦੀ ਹੈ ਤਾਂ ਖ਼ੁਦ ਕਵਿਤਾ ਬਣਕੇ ਹੀ ਲਿਖਦੀ ਹੈ। ਜਿਵੇਂ ਆਪਣੀ ਰਹਿਣੀ ਬਹਿਣੀ ਵਿਚ ਉਹ ਗਹਿਣੇ ਗੱਟੇ ਪਾ ਕੇ ਸਲੀਕੇ ਨਾਲ ਵਿਚਰਦੀ ਹੈ, ਉਸੇ ਤਰ੍ਹਾਂ ਉਹ ਤਸਬੀਹਾਂ ਦੇ ਗਹਿਣੇ ਪਾ ਕੇ ਕਵਿਤਾ ਨੂੰ ਰੌਚਕ ਅਤੇ ਅਸਰਦਾਰ ਬਣਾ ਦਿੰਦੀ ਹੈ। ਉਸ ਦੀਆਂ ਤਸਬੀਹਾਂ ਵੀ ਪੰਜਾਬੀ ਸਭਿਆਚਾਰ ਵਿਚੋਂ ਲਈਆਂ ਹੁੰਦੀਆਂ ਹਨ। ਅਸਲ ਵਿਚ ਪਰਵਾਸ ਵਿਚ ਰਹਿੰਦੀ ਤੇ ਵਿਚਰਦੀ ਹੋਈ ਉਹ ਬਾਕਾਇਦਾ ਤੌਰ ਤੇ ਪੰਜਾਬ ਨਾਲ ਬਾਵਾਸਤਾ ਹੈ। ਭਾਵੇਂ ਕਵਿਤਰੀ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ ਊਣਤਾਈਆਂ ਹਨ ਪ੍ਰੰਤੂ ਸਭ ਤੋਂ ਜ਼ਿਆਦਾ ਉਸਨੇ ਇਸਤਰੀ ਜ਼ਾਤੀ ਦੇ ਦੁਖਾਂਤ ਲਿਖੇ ਹਨ। ਭਰੂਣ ਹੱਤਿਆ, ਲੜਕੀਆਂ ਤੇ ਤੇਜ਼ਾਬੀ ਹਮਲੇ, ਅਣਜੋੜ ਵਿਆਹ, ਪਿਆਰ ਵਿਚ ਧੋਖਾ, ਦਾਜ ਦਹੇਜ ਅਤੇ ਦੋਹਰਾ ਕਿਰਦਾਰ ਬਾਰੇ ਉਸਦੀਆਂ ਕਵਿਤਾਵਾਂ ਮਨੁਖੀ ਮਨਾਂ ਦੇ ਦਿਲਾਂ ਨੂੰ ਕੁਰੇਦਦੀਆਂ ਹੋਈਆਂ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਖਿਲਵਾੜ ਸਿਰਲੇਖ ਵਾਲੀ ਕਵਿਤਾ ਵਿਚ ਉਹ ਅਨੇਕਾਂ ਵਿਸ਼ਿਆਂ ਨੂੰ ਛੂੰਹਦੀ ਹੋਈ ਲਿਖਦੀ ਹੈ-
ਅਸੀਂ ਖਿਲਵਾੜ ਕਰਦੇ ਹਾਂ, ਕੁਦਰਤ ਨਾਲ,
ਕੁਦਰਤ ਦਿਆਂ ਰੰਗਾਂ ਨਾਲ, ਇਨਸਾਨਾ ਨਾਲ।
ਜਜ਼ਬਾਤਾਂ ਨਾਲ, ਮਜ਼ਹਬਾਂ ਨਾਲ, ਖੁਦ ਨਾਲ,
ਅਸੀਂ ਮਾਰਦੇ ਹਾਂ ਕੁੱਖਾਂ ‘ਚ, ਅਣਜੰਮੀਆਂ ਧੀਆਂ।
ਇਕ ਵਾਰ ਨਹੀਂ ਸੋਚਦੇ, ਪਾਪ ਕਰਨ ਲੱਗਿਆਂ,
ਕੁਕਰਮ ਕਰਨ ਲੱਗਿਆਂ, ਤੇਜ਼ਾਬ ਸੁੱਟਣ ਲੱਗਿਆਂ।
ਦਾਜ ਖਾਤਿਰ ਅੱਗ ਲਾਉਣ ਲੱਗਿਆਂ।
ਬਲਬੀਰ ਕੌਰ ਢਿੱਲੋਂ ਆਪਣੀਆਂ ਕਵਿਤਾਵਾਂ ਜੰਜੀਰਾਂ, ਕੋਸ਼ਿਸ਼, ਉਚੇ ਚੁਬਾਰੇ, ਸੋਚ ਦੀ ਪਰਵਾਜ਼ ਆਦਿ ਵਿਚ ਇਸਤਰੀ ਨੂੰ ਸਲਾਹ ਦਿੰਦੀ ਹੈ ਕਿ ਜ਼ਿੰਦਗੀ ਦੇ ਸਫਰ ਵਿਚ ਅਨੇਕਾਂ ਮੁਸ਼ਕਲਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ ਪ੍ਰੰਤੂ ਉਨ੍ਹਾਂ ਨੂੰ ਹਰ ਹਾਲਤ ਵਿਚ ਹੌਸਲਾ ਨਹੀਂ ਛੱਡਣਾ ਚਾਹੀਦਾ, ਭਾਵੇਂ ਸਾਰੇ ਦੋਸਤ ਤੇ ਰਿਸ਼ਤੇਦਾਰ ਸਾਥ ਛੱਡ ਜਾਣ ਕਿਉਂਕਿ ਮਿਹਨਤ, ਦਲੇਰੀ ਅਤੇ ਸਵੈ ਵਿਸ਼ਵਾਸ ਹਮੇਸ਼ਾ ਸਫਲਤਾ ਲਈ ਸਹਾਈ ਹੁੰਦੇ ਹਨ। ਇਸਤਰੀ ਨੂੰ ਆਪਣੇ ਆਪ ਤੇ ਭਰੋਸਾ ਬਣਾਉਣਾ ਪਵੇਗਾ। ਜ਼ਿੰਦਗੀ ਵਿਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਈ ਵਾਰ ਹਾਰ ਰਾਹੀਂ ਹੀ ਸਫਲਤਾ ਤੱਕ ਪਹੁੰਚਣ ਦਾ ਸਾਧਨ ਬਣਦਾ ਹੈ। ਇਸਤਰੀ ਨੂੰ ਮਰਦ ਦੇ ਜ਼ੁਲਮ ਅੱਗੇ ਝੁਕਣਾ ਨਹੀਂ ਚਾਹੀਦਾ ਸਗੋਂ ਨਰਮ ਦਿਲ ਨੂੰ ਪੱਥਰ ਬਣਾਉਣਾ ਚਾਹੀਦਾ ਹੈ। ਉਹ ਕਸ਼ਮਕਸ਼ ਕਵਿਤਾ ਵਿਚ ਲਿਖਦੀ ਹੈ-
ਉਹ ਜ਼ਿੰਦਗੀ ਜੋ, ਅੱਗ ਵਿਚੋਂ ਗੁਜਰਣ ਬਾਅਦ ਇਕ,
ਗਹਿਣੇ ਦੇ ਰੂਪ ਵਿਚ ਤੁਹਾਨੂੰ ਮਿਲਦੀ ਹੈ, ਉਹ ਜਿੰਦਗੀ ਬਿਲਕੁਲ।
ਚਿੱਕੜ ਵਿਚ ਮਿਲੇ, ਉਸ ਕਮਲ ਵਾਂਗ ਹੁੰਦੀ ਹੈ, ਜਿਸਦਾ ਅਹਿਸਾਸ ਮਾਨਣਾ।
ਇਸ ਵਿਚੋਂ ਗੁਜਰਿਆਂ ਬਿਨਾਂ ਮਿਲਣਾ, ਨਾ-ਮੁਮਕਿਨ ਹੈ।
ਕਵਿਤਰੀ ਜ਼ਾਤ ਪਾਤ, ਧਾਰਮਿਕ ਕੱਟੜਤਾ, ਵਹਿਮਾ ਭਰਮਾ, ਭਰਿਸ਼ਟਾਚਾਰ, ਅਮੀਰੀ ਗ਼ਰੀਬੀ ਆਦਿ ਤੋਂ ਲੋਕਾਈ ਨੂੰ ਖਹਿੜਾ ਛੁਡਾਉਣ ਲਈ ਲੋਕਾਂ ਨੂੰ ਜਾਗ੍ਰਤ ਕਰਕੇ ਪ੍ਰੇਰਤ ਕਰਦੀ ਹੈ। ਜਿਸਮ, ਆਸ, ਹੁਣ ਮੈਂ, ਪੈਂਡੇ ਆਦਿ ਕਵਿਤਾਵਾਂ ਵਿਚ ਇਸਤਰੀਆਂ ਨੂੰ ਖ਼ੁਦਦਾਰ ਬਣਨ, ਔਰਤ ਕਮਜ਼ੋਰ ਨਹੀਂ, ਮੰਗਤੀ ਨਹੀਂ, ਆਪਣੇ ਹੱਕ ਲੈਣ ਜਾਣਦੀ ਹੈ, ਔਰਤ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਚਾਹੀਦੀ ਹੈ, ਇਸ ਲਈ ਇਸਤਰੀ ਨੂੰ ਆਪਣੀ ਮਰਜ਼ੀ ਨਾਲ ਨਵੀਂਆਂ ਪਗਡੰਡੀਆਂ ਬਣਾਕੇ ਚਲਣਾ ਚਾਹੀਦਾ ਹੈ। ਇਸਤਰੀ ਘਰ ਦੀ ਚਾਰ ਦੀਵਾਰੀ ਦਾ ਸ਼ਿੰਗਾਰ ਨਹੀਂ ਸਗੋਂ ਆਦਮੀ ਦੇ ਬਰਾਬਰ ਮੋਢੇ ਨਾਲ ਮੋਢਾ ਜੋੜਕੇ ਅੱਗੇ ਵੱਧਣ ਦੀ ਸਮਰੱਥਾ ਰੱਖਦੀ ਹੈ। ਇਸ ਤੋਂ ਇਲਾਵਾ ਕਵਿਤਰੀ ਨੇ ਰੁਮਾਂਸਵਾਦੀ ਕਵਿਤਾਵਾਂ ਵੀ ਲਿਖੀਆਂ ਹਨ ਪ੍ਰੰਤੂ ਉਨ੍ਹਾਂ ਵਿਚ ਵੀ ਉਹ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦੀ ਹੈ। ਬਲਬੀਰ ਢਿਲੋਂ ਦੀ ਕਵਿਤਾ ਪ੍ਰਚਾਰ ਨਹੀਂ ਬਲਕਿ ਸੰਗੀਤਕ ਢੰਗ ਨਾਲ ਪ੍ਰੇਰਨਾ ਦਿੰਦੀ ਹੋਈ ਇਸਤਰੀ ਜਾਤੀ ਨੂੰ ਜਾਗ੍ਰਤ ਕਰਨ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਧਰਵਾਸ ਕਵਿਤਾ ਵਿਚ ਉਹ ਮਰਦ ਦੀ ਮਾਨਸਿਕਤਾ ਦਾ ਜ਼ਿਕਰ ਕਰਦੀ ਹੋਈ ਲਿਖਦੀ ਹੈ ਕਿ ਉਹ ਮੈਲੀਆਂ ਅੱਖਾਂ ਨਾਲ ਹੀ ਇਸਤਰੀਆਂ ਦੇ ਬਲਾਤਕਾਰ ਕਰ ਲੈਂਦੇ ਹਨ। ਉਹ ਇਹ ਵੀ ਲਿਖਦੀ ਹੈ ਕਿ ਔਰਤ ਕਦੀ ਵੀ ਬੁੱਢੀ ਨਹੀਂ ਹੁੰਦੀ ਸਗੋਂ ਉਸਦੀਆਂ ਭਾਵਨਾਵਾਂ ਹਮੇਸ਼ਾ ਜਵਾਨ ਰਹਿੰਦੀਆਂ ਹਨ। ਸਮਾਜਿਕ ਪ੍ਰਦੂਸ਼ਣ ਵੀ ਸਮਾਜ ਨੂੰ ਘੁਣ ਵਾਂਗ ਨੁਕਸਾਨ ਕਰ ਰਿਹਾ ਹੈ। ਕਵਿਤਰੀ ਦੀ ਰੋਮਾਂਸਵਾਦੀ ਕਵਿਤਾ ‘ਉਚੇ ਚੁਬਾਰੇ’ ਪਿਆਰ ਪਰੁਤਿਆਂ ਦੇ ਦਿਲਾਂ ਸ਼ਰਸਾਰ ਕਰ ਜਾਂਦੀ ਹੈ, ਪ੍ਰੰਤੂ ਇਸ ਕਵਿਤਾ ਵਿਚ ਵੀ ਉਹ ਸਮਾਜਿਕ ਸਰੋਕਾਰਾਂ ਦੀ ਗੱਲ ਕਰ ਜਾਂਦੀ ਹੈ।
ਅਸਾਂ ਜਦੋਂ ਦੀਆਂ ਲਾਈਆਂ, ਕੱਖਾਂ ਢਾਰਿਆਂ ਦੇ ਨਾਲ,
ਸਾਡੀ ਨਿਭਦੀ ਨਹੀਂ, ਉਚਿਆਂ ਚੁਬਾਰਿਆਂ ਦੇ ਨਾਲ।
ਤੇਰੇ ਜ਼ਹਿਰ ਭਰੇ ਬੋਲ, ਸਾਨੂੰ ਮਾਰ ਹੀ ਮੁਕਾਉਂਦੇ,
ਅਸੀਂ ਕਦੋਂ ਤੱਕ ਜਿਉਂਦੇ। ਝੂਠੇ ਲਾਰਿਆਂ ਦੇ ਨਾਲ।
ਮੁੜ ਵੇਖਣਾ ਨਹੀਂ ਪਿੱਛੇ, ਚਾਲ ਆਪਣੀ ਤੁਰਾਂਗੇ।
ਸੋਚਾਂ ਕਰਾਂਗੇ ਬੁਲੰਦ ਢਿੱਲੋਂ ਮਿਹਨਤਾਂ ਤਿਆਰੀਆਂ ਦੇ ਨਾਲ।
ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੀ ਵਕਾਲਤ ਉਹ ਆਪਣੀ ਹਰ ਕਵਿਤਾ ਵਿਚ ਕਰ ਜਾਂਦੀ ਹੈ। ਭਵਿੱਖ ਵਿਚ ਬਲਬੀਰ ਢਿੱਲੋਂ ਤੋਂ ਹੋਰ ਵਧੇਰੇ ਸਾਰਥਿਕ ਕਵਿਤਾਵਾਂ ਲਿਖਣ ਦੀ ਉਮੀਦ ਕੀਤੀ ਜਾ ਸਕਦੀ ਹੈ।