ਪੰਥ ਰਤਨ ਭਾਈ ਦਿੱਤ ਸਿੰਘ ਜੀ (ਗਿਆਨੀ), ਜੋ ਸਤੰਬਰ ਮਹੀਨੇ ਦੀ 6 ਤਰੀਕ ਨੂੰ, ਸੰਨ 1901 ਵਿੱਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਸਨ। ਸਤੰਬਰ ਮਹੀਨੇ ਸਿੱਖ ਪੰਥ ਦੀਆਂ ਕੁੱਝ ਜਾਗਦੀਆਂ ਜ਼ਮੀਰਾਂ ਵਾਲੇ ਵਿਅਕਤੀ ਅਤੇ ਕੁੱਝ ਸੰਸਥਾਵਾਂ ਉਹਨਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਜ਼ਰੂਰ ਕਰਵਾਉਣਗੀਆਂ। ਹਰ ਸਾਲ ਇਸ ਤਰ੍ਹਾਂ ਹੁੰਦਾ ਹੈ, ਹੁੰਦਾ ਰਹੇਗਾ। ਪਰ ਗਿਆਨੀ ਦਿੱਤ ਸਿੰਘ ਜੀ ਦੇ ਬਾਰੇ ਕੁੱਝ ਲਿਖਣਾ ਹੋਵੇ ਜਾਂ ਬੋਲਣਾ ਹੋਵੇ ਤਾਂ ਸੱਚੀਂ ਬੜਾ ਹੀ ਔਖਾ ਕੰਮ ਹੈ, ਕਿਉਂਕਿ ਉਹ ਅਜਿਹੀ ਸਖਸ਼ੀਅਤ ਸਨ, ਜਿਨ੍ਹਾਂ ਬਾਰੇ ਬਹੁਤਾ ਲਿਖ, ਬੋਲ ਕੇ ਵੀ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਫਿਰ ਵੀ ਲੱਗਦਾ ਕਿ ਬਹੁੱਤ ਘੱਟ ਲਿਖ ਜਾਂ ਬੋਲ ਸਕੇ ਹਾਂ। ਕਿਉਂਜੁ ਉਹਨਾਂ ਦੀ ਸਖਸ਼ੀਅਤ ਨੂੰ ਪ੍ਰਚਾਰਣਾ ਅਤੇ ਸਮੁੱਚੇ ਪੰਥ ਨੂੰ ਉਹਨਾਂ ਬਾਰੇ ਦੱਸਣਾ ਵੀ ਅਤਿ ਲੋੜੀਂਦਾ ਹੈ, ਕਿਉਂਜੁ ਉਹਨਾਂ ਦੇ ਬਾਰੇ ਅੱਜ ਸਾਡਾ ਨੌਜਵਾਨ ਵਰਗ ਤਾਂ ਹੈ, ਅਫਸੋਸ ਕਿ ਉਸਦੇ ਨਾਲ (ਪ੍ਰਚਾਰਕ/ਕਥਾਵਾਚਕ) ਵੀ ਗਿਆਨੀ ਦਿੱਤ ਸਿੰਘ ਜੀ ਦੀ ਸਖਸ਼ੀਅਤ ਤੋਂ ਅਨਜਾਣ ਹਨ।
ਸਮਝ ਨਹੀਂ ਆਉਂਦੀ ਹੈ ਕਿ ਸਾਡੀ ਪ੍ਰਚਾਰਕ ਸ਼੍ਰੇਣੀ ਅਨਜਾਣਤਾ ਵੱਸ ਗਿਆਨੀ ਜੀ ਦੀ ਸਖਸ਼ੀਅਤ ਤੋਂ ਅਨਜਾਣ ਹੈ, ਜਾਂ ਫਿਰ ਜਾਣ-ਬੁੱਝ ਕੇ ਅਨਜਾਣ ਬਣੀ ਹੋਈ ਹੈ। ਹਥਲੀ ਲਿਖਤ ਵਿੱਚ ਜੇਕਰ ਮੈਂ ਗਿਆਨੀ ਜੀ ਦੇ ਜੀਵਣ ਦੇ ਕਿਸੇ ਪਹਿਲੂ ਬਾਰੇ ਲਿਖਣ ਲੱਗਾਂ ਤਾਂ ਸ਼ਾਇਦ ਲਿਖਤ ਬਹੁਤ ਲੰਮੀ ਹੋ ਜਾਵੇ, ਪਰ ਮੈਨੂੰ ਲੱਗਦਾ ਕਿ ਉਹਨਾਂ ਦੇ ਜੀਵਣ ਨੂੰ ਸਮਝਣ ਵਾਸਤੇ ਪਹਿਲਾਂ ਸਾਨੂੰ ਤਿਆਰ ਹੋਣਾ ਪਵੇਗਾ ਅਤੇ ਆਪਣੀ ਪ੍ਰਚਾਰਕ ਸ਼ਰੇਣੀ ਸਮੇਤ ਸਮੁੱਚੇ ਪੰਥ ਨੂੰ ਤਿਆਰ ਕਰਨਾ ਪਵੇਗਾ। ਕਿਉਂਕਿ ਅੱਜ ਦੇ ਪ੍ਰਚਾਰਕ ਮਾਹੌਲ ਦੀ ਗੱਲ ਕਰੀਏ ਤਾਂ ਸਾਡੇ ਬਹਤੁੇ ਪ੍ਰਚਾਰਕਾਂ ਵਿੱਚ ਗਿਆਨੀ ਜੀ ਵਰਗੀ ਦਲੇਰੀ, ਦਲੀਲ, ਤਰਕ, ਦ੍ਰਿੜਤਾ, ਆਪਣੇ ਇਤਿਹਾਸ, ਆਪਣੇ ਧਾਰਮਿਕ ਗ੍ਰੰਥ ਸਮੇਤ ਅਨਮਤੀ ਗੰ੍ਰਥਾਂ ਦੀ ਜਾਣਕਾਰੀ, ਸੱਚਾਈ, ਨਿਡਰਤਾ, ਨਿਰਭੈਅਤਾ ਦੀ ਕਮੀ ਕਿਤੇ ਨਾ ਕਿਤੇ ਦਿਸ ਹੀ ਪਵੇਗੀ। ਕਾਰਣ ਬਹੁਤ ਸਪੱਸ਼ਟ ਹੈ, ਗਿਆਨੀ ਜੀ ਵਾਂਙ ਹਰ ਵਿਸ਼ੇ ਤੇ ਕਰਮਕਾਂਡਾਂ/ਅੰਧਵਿਸਵਾਸ਼ਾਂ ਵਿਰੁੱਧ ਆਪਣੀ ਕੌਮ ਨਾਲ ਸਿਰ ਅੜਾਉਣ ਦੇ ਨਾਲ-ਨਾਲ ਦੂਜੇ ਧਰਮਾਂ ਵਿਚਲੀਆਂ ਤੱਥਹੀਣ ਜਾਂ ਦਿਸ਼ਾਹੀਣ ਬਾਤਾਂ ਉੱਤੇ ਕਟਾਕਸ਼ ਕਰਨਾ ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਕਿਉਂਜੁ ਨਿੱਜੀ ਜੀਵਣ ਵਿੱਚ ਕਿਤੇ ਨਾ ਕਿਤੇ ਰੂਹਾਨੀਅਤ, ਅਧਿਆਤਮਕ ਗਿਆਨ ਦੀ ਘਾਟ ਵੱਡੇ ਪੱਧਰ ਤੇ ਪੱਸਰ ਰਹੀ ਹੈ।
ਸ਼ਾਇਦ ਇਹ ਵੀ ਇੱਕ ਕਾਰਣ ਹੈ ਕਿ ਅੱਜ ਤੋਂ 100 ਸਾਲ ਪਹਿਲਾਂ ਬਹੁਤ ਘੱਟ ਸਾਧਨਾਂ ਦੇ ਬਾਵਜੂਦ ਭਾਈ ਦਿੱਤ ਸਿੰਘ ਜੀ ਨੇ ਖਾਲਸਾ ਅਖਬਾਰ ਰਾਹੀਂ, ਆਪਣੀਆਂ ਲਿਖਤਾਂ, ਆਪਣੀਆਂ ਕਿਤਾਬਾਂ, ਲੇਖਾਂ ਰਾਹੀਂ ਜੋ ਇਨਕਲਾਬ ਨਾਨਕ ਫਲਸਫੇ ਦਾ ਲੈ ਆਂਦਾ ਸੀ ਉਹੋ ਜਿਹੀ ਚੀਜ਼ ਦੁਬਾਰਾ ਅੱਜ ਸੱਭ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਪੰਥ ਨੂੰ ਦੇਣ ਵਿੱਚ ਅਸਮੱਰਥ ਹਾਂ। ਗਿਆਨੀ ਜੀ ਅਤੇ ਉਹਨਾਂ ਦੇ ਸਾਥੀ ਪ੍ਰੋ. ਗੁਰਮੁਖ ਸਿੰਘ ਜੀ ਸਮੇਤ ਜਾਗਦੀਆਂ ਜ਼ਮੀਰਾਂ ਵਾਲੇ ਸਰੀਰਾਂ ਨੂੰ ਨਾਲ ਲੈ ਕੇ ਆਪ ਜੀ ਨੇ ਉਸ ਵਕਤ 4 ਸਿੱਖ ਬੱਚੇ ਜੋ ਕੇਵਲ ਇੱਕ ਖਾਸ ਪ੍ਰਭਾਵ ਅਧੀਨ ਹੋ ਕੇ ਆਪਣਾ ਧਰਮ ਛੱਡ ਕੇ ਇਸਾਈ ਬਣਨ ਜਾ ਰਹੇ ਸਨ, ਨੂੰ ਰੋਕ ਲਿਆ ਸੀ ਅਤੇ ਆਪਣਾ ਸਾਰਾ ਜੀਵਣ ਪੰਥ ਦੀ ਚੜ੍ਹਦੀ ਕਲਾ ਅਤੇ ਨਾਨਕ ਫਲਸਫੇ ਨੂੰ ਪ੍ਰਚਾਰਣ ਹਿਤ ਲਗਾਉਣ ਦਾ ਪ੍ਰਣ ਲੈ ਲਿਆ ਸੀ।
ਪਰ ਅੱਜ ਸਾਨੂੰ ਉਤਨਾ ਖਤਰਾ ਅਨਮਤੀਆਂ ਦੇ ਧਰਮਾਂ/ਸੰਸਕਾਰਾਂ ਤੋਂ ਨਹੀਂ ਹੈ, ਜਿਨ੍ਹਾਂ ਖਤਰਾ ਅੱਜ ਅਨਮਤੀਆਂ ਦੀ ਰੀਸੋ-ਰੀਸ ਸਿੱਖੀ ਦੇ ਨਾਮ ਹੇਠ ਪ੍ਰਚਾਰ ਦਿੱਤੇ ਗਏ ਰੀਤੀ-ਰਿਵਾਜ਼ਾਂ, ਕਰਮਕਾਂਡਾਂ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ ਸੰਸਕਾਰਾਂ ਤੋਂ ਹੈ। ਭਾਵੇ ਕਿ ਅਨਮਤੀਆਂ ਬਾਰੇ ਗੱਲ ਕਰਨ ਲੱਗਿਆਂ ਸਾਦੇ ਪ੍ਰਚਾਰਕਾਂ ਵੱਲੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ, ‘ਉਹ 33 ਕਰੌੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਹਨ, ਜਦਕਿ ਪ੍ਰਮਾਤਮਾ ਤਾਂ ਇੱਕ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਦੇ ਲੜ੍ਹ ਲਾਇਆ ਸੀ’ ਪਰ ਸੱਚਾਈ ਇਹ ਵੀ ਹੈ, ਜਿਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਉਹ ਇਹ ਕਿ ਅੱਜ 10 ਸਿੱਖ ਪਰਿਵਾਰਾਂ ਵਿੱਚ 10 ਦੇ 10 ਹੀ ਵੱਖ-ਵੱਖ ਕਿਸਮਾਂ ਦੇ ਬਾਬਿਆਂ, ਡੇਰਿਆਂ, ਸਾਧੂਆਂ ਨੂੰ ਮੰਨਣ ਵਾਲੇ ਹਨ, ਜੇ ਇਸ ਤਰ੍ਹਾਂ ਨਹੀਂ ਵੀ ਹੈ ਤਾਂ 10 ਸਿੱਖ ਪਰਿਵਾਰਾਂ ਵਿੱਚੋਂ 70 ਫੀਸਦੀ ਪਰਿਵਾਰਕ ਮੈਂਬਰਾਂ ਦੀ ਸੁਰਤ ਇੱਕ ਦੀ ਪੂਜਾ ਛੱਡਾ ਕੇ ਅਨੇਕਤਾ ਦੀ ਪੂਜਾ ਵਿੱਚ ਲੱਗੀ ਹੋਈ ਹੈ। ਇਹੀ ਕਾਰਣ ਹੈ ਕਿ ਅੱਜ ਸਿੱਖ ਘਰਾਂ ਵਿੱਚ ਗੁਰੂ ਬਾਬੇ ਦੀ ਬਾਣੀ ਵਿਰੁੱਧ, ਗੁਰੂ ਬਾਬੇ ਦੀਆਂ ਹੀ ਕਾਲਪਨਿਕ ਅਤੇ ਗੁਰੂ ਸਿਧਾਂਤਾਂ ਦੀ ਖਿੱਲੀ ਉਡਾਉਂਦੀਆਂ ਤਸਵੀਰਾਂ, ਮਾਲਾਵਾਂ, ਤਰਸਯੋਗ ਹਾਲਤ ਵਿੱਚ ਗੁਟਕਾ ਸਾਹਿਬ (ਜਿਸ ਤੋਂ ਘਰ ਦੇ ਬਜ਼ੁਰਗ ਪਾਠ ਕਰਿਆ ਕਰਦੇ ਸਨ, ਫਿਰ ਸਾਡੀ ਵੱਡੀ ਪੀੜ੍ਹੀ ਤੇ ਮੇਰੀ ਉਮਰ ਵਾਲੇ ਤਾਂ ਵੈਸੇ ਹੀ ਇਸ ਪਾਸੇ ਧਿਆਨ ਨਹੀਂ ਕਰਦੇ), ਅਨਮਤੀ ਧਰਮਾਂ ਦੀਆਂ ਤਸਵੀਰਾਂ, ਸਾਜੋ ਸਮਾਨ, ਜੰਤਰੀਆਂ, ਬੁੱਤ ਆਦਿ ਤਾਂ ਮਿਲ ਜਾਣਗੇ, ਪਰ ਗੁਰਬਾਣੀ ਪੋਥੀਆਂ, ਗੁਰਬਾਣੀ ਸੈਂਚੀਆਂ, ਗੁਰਬਾਣੀ ਸ਼ਬਦਆਰਥ ਇਹ ਨਹੀਂ ਲੱਭਣਗੇ। ਅਖਬਰਾਂ, ਮਹਿੰਗੇ ਫੋਨ ਵਿੱਚ ਮਹਿੰਗਾ ਨੈੱਟ ਪੈਕ, ਡਿਸ਼-ਐੱਲ.ਸੀ.ਡੀ., ਕਾਰਾਂ ਸਕੂਟਰ, ਏ.ਸੀ ਸੱਭ ਸਹੂਲਤਾਂ ਵਾਸਤੇ ਪੈਸਾ ਹੈ, ਪਰ ਧਾਰਮਿਕ ਕਿਤਾਬ, ਮੈਗਜ਼ੀਨ ਆਦਿ ਉੱਤੇ ਕੋਈ ਖਰਚਾ ਕਰਨਾ ਪਸੰਦ ਨਹੀਂ ਕਰਦੇ ਹਾਂ।
ਭਾਵੇਂ ਅੱਜ ਸਿੱਖ ਪੜ੍ਹਾਈ ਲਿਖਾਈ ਵਿੱਚ ਵੀ ਅੱਗੇ ਨਿਕਲ ਗਏ ਹਨ, ਪਰ ਰੂਹਾਨੀਅਤ ਅਤੇ ਗੁਰੂਬਾਣੀ ਦੀ ਵਿੱਦਿਆ ਅੱਜ ਵੀ ‘ਕਾਲਾ ਅੱਖਰ ਭੈਂਸ ਬਰਾਬਰ’ ਵਾਲੀ ਹਾਲਤ ਹੀ ਹੈ। ਗੁਰਬਾਣੀ ਵਿਅਕਰਣ ਤੋਂ ਲੈ ਕੇ ਸਿੱਖ ਸਿਧਾਂਤਾਂ, ਸਿੱਖ ਇਹਿਤਾਸ, ਸਿੱਖ ਵਿਚਾਰਧਾਰਾ, ਸਿਖ ਮਰਯਾਦਾ, ਸਿੱਖ ਪ੍ਰੰਪਰਾਵਾਂ, ਸਿੱਖ ਰੀਤੀ-ਰਿਵਾਜ਼ਾਂ ਤੋਂ ਅੱਜ ਸਿੱਖ ਪਰਿਵਾਰ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੇ ਹਨ, ਇੱਥੋਂ ਤੱਕ ਕਿ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਰਸਮਾਂ ਬਾਰੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਹ ਗੁਰਮਤਿ ਹਨ ਜਾਂ ਮਨਮਤ। ਉਹ ਸੱਭ ਕੁੱਝ ਭੁਲੇਖੇ ਜਾਂ ਅਣਜਾਨਪੁਣੇ ਵਿੱਚ ਹੀ ਉਸ ਸੱਭ ਰੀਤੀ-ਰਿਵਾਜ਼ਾਂ ਨਿਭਾਈ ਜਾ ਰਹੇ ਹਨ ਜੋ ਗੁਰਮਤਿ ਵਿਰੋਧੀ ਹਨ।
ਕੁੱਲ ਮਿਲਾ ਕੇ ਗੱਲ ਕਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮੌਜੂਦਾ ਸਮੇਂ ਫਿਰ ਇੱਕ ਵਾਰ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਵਾਂਙ ਡੱਟ ਕੇ ਗੁਰਮਤਿ ਸਮੇਤ ਦੂਜੇ ਮਤਾਂ ਦਾ ਡੂੰਘਾ ਅਧਿਐਨ ਅਤੇ ਗੁਰਮਤਿ ਦੇ ਨਿੱਜੀ ਤਜ਼ੁਰਬੇ ਅਤੇ ਅਨੁਭਵ ਰਾਹੀਂ ਨਾਨਕ ਮੱਤ ਦੀਆਂ ਸਫਾਂ ਵਿੱਚ ਪ੍ਰਚਾਰ ਸ਼ੁਰੂ ਕਰੀਏ ਕਿਉਂਕਿ ਅਸਲ ਵਿੱਚ ਇਹੀ ਹੋਵੇਗੀ ਗਿਆਨੀ ਦਿੱਤ ਸਿੰਘ ਜੀ ਦੀ ਸਖਸ਼ੀਅਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਅਤੇ ਇਸ ਵਾਰ 6 ਸਤੰਬਰ ਨੂੰ ਪ੍ਰਣ ਕਰੀਏ ਕਿ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਤੇ ਮਨੁੱਖਤਾ ਨੂੰ ਨਾਨਕ ਫਲਸਫੇ ਦੇ ਗਿਆਨ ਦਾ ਚਾਨਣ ਦਿਖਾਉਣ ਵਾਸਤੇ ਅਸੀਂ ਯਤਨਸ਼ੀਲ ਹੋਵਾਂਗੇ।ਅਕਾਲ ਪੁਰਖ ਦੀ ਕ੍ਰਿਪਾ ਪ੍ਰਾਪਤ ਸਮੂਹ ਪ੍ਰਚਾਰਕ/ਕਥਾਵਚਾਕ ਕੇਵਲ ਤੇ ਕੇਵਲ ਬਾਬੇ ਨਾਨਕ ਦੀ ਉਚਾਰਣ ਕੀਤੀ ਧੁਰ ਕੀ ਬਾਣੀ ਕਸਵੱਟੀ ਤੋਂ ਕਦੇ ਵੀ ਬਾਹਰ ਨਾ ਜਾਣ ਦਾ ਸੰਕਲਪ ਕਰਨ। ਗੁਮਰਤਿ ਪ੍ਰਚਾਰਣ ਦੇ ਨਾਲ ਨਾਲ ਆਪਣੇ ਜੀਵਣ ਵਿੱਚ ਲਾਗੂ ਕਰਨ ਵਾਸਤੇ ਯਤਨਸ਼ੀਲ਼ ਹੋਣ ਕਿਉਂਕਿ ਅੱਜ ਸਾਡੇ ਕੋਲ ਇੰਨੇ ਜਿਆਦਾ ਢੰਗ ਤਰੀਕੇ, ਸੋਸ਼ਲ ਮੀਡੀਆ ਅਤੇ ਹਰ ਪੱਖੋਂ ਮਜ਼ਬੂਤੀ ਹੈ ਕਿ ਸੱਚ ਨੂੰ ਦਬਾਅ ਕੇ ਨਹੀਂ, ਸਗੋਂ ਚਮਕਾ ਕੇ ਪੇਸ਼ ਕਰਨ ਦਾ ਸਮਾਂ ਹੈ। ਦੁਨੀਆ/ਮਨੁੱਖਤਾ ਦੀਆਂ ਨਜ਼ਰਾਂ ਅੱਜ ਕੁੱਝ ਲੱਭ ਰਹੀਆਂ ਹਨ ਆਉ ਗੁਰਮਤਿ ਚਾਨਣ ਨਾਲ ਉਹਨਾਂ ਦੀ ਖੋਜ ਨੂੰ ਖਤਮ ਕਰੀਏ ਅਤੇ ਨਾਨਕ ਫਲਸਫੇ ਨੂੰ ਫੈਲਾਈਏ।