ਨਵੀਂ ਦਿੱਲੀ- ਦੇਸ਼ ਦੇ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਸਵੇਰ ਦੇ 7.45 ਵਜੇ ਦਿੱਲੀ ਸਥਿਤ ਆਪਣੇ ਨਿਵਾਸ ਤੇ ਆਖਰੀ ਸਾਹ ਲਏ। ਜੇਠਮਲਾਨੀ ਪਿੱਛਲੇ ਦੋ ਹਫ਼ਤਿਆਂ ਤੋਂ ਸਖਤ ਬਿਮਾਰ ਸਨ। ਉਨ੍ਹਾਂ ਦਾ ਜਨਮ 14 ਸਿਤੰਬਰ 1923 ਨੂੰ ਸਿੰਧ ਸੂਬੇ ਦੇ ਸਿਕਾਰਪੁਰ ਸ਼ਹਿਰ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ।
ਜੇਠਮਲਾਨੀ ਬੀਜੇਪੀ ਦੀ ਟਿਕਟ ਤੇ ਮੁੰਬਈ ਤੋਂ ਦੋ ਵਾਰ ਲੋਕਸਭਾ ਦੀ ਚੋਣ ਜਿੱਤੀ ਸੀ। ਉਹ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਬਣੇ। ਉਨ੍ਹਾਂ ਨੂੰ 7 ਮਈ 2010 ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਨੇ ਕਈ ਹਾਈ ਪ੍ਰੋਫਾਈਲ ਮਾਮਲਿਆਂ ਦੀ ਪੈਰਵੀ ਕੀਤੀ। ਉਹ ਸੁਪਰੀਮ ਕੋਰਟ ਦੇ ਸੱਭ ਤੋਂ ਮਹਿੰਗੇ ਵਕੀਲਾਂ ਵਿੱਚ ਸ਼ਾਮਿਲ ਸਨ। ਕਈ ਕੇਸਾਂ ਵਿੱਚ ਉਨ੍ਹਾਂ ਨੇ ਬਿਨਾਂ ਫੀਸ ਲਏ ਵੀ ਪੈਰਵੀ ਕੀਤੀ। ਉਹ 1996 ਵਿੱਚ ਇੰਟਰਨੈਸ਼ਨਲ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਰਹੇ।
ਉਨ੍ਹਾਂ ਨੇ ਭਾਰਤ ਵਿੱਚ ਆਪਣਾ ਪਹਿਲਾ ਕੇਸ ਇੱਕ ਸ਼ਰਨਾਰਥੀ ਦੇ ਰੂਪ ਵਿੱਚ ਲੜਿਆ ਸੀ। ਉਨ੍ਹਾਂ ਵਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੇ ਉਮਰ ਦੇ ਖਿਲਾਫ਼ ਸਟੇ ਲੈ ਰੱਖਿਆ ਸੀ।