ਕਾਬੁਲ – ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਸੱਭ ਤੋਂ ਲੰਬੀ ਲੜਾਈ ਨੂੰ ਸਮਾਪਤ ਕਰਨ ਲਈ ਸਾਲਭਰ ਤੋਂ ਚੱਲ ਰਹੀ ਸ਼ਾਂਤੀ ਵਾਰਤਾ ਤੋਂ ਰਾਸ਼ਟਰਪਤੀ ਟਰੰਪ ਦੇ ਪਿੱਛੇ ਹੱਟਣ ਦੇ ਐਲਾਨ ਦੇ ਬਾਅਦ ਤਾਲਿਬਾਨ ਨੇ ਕਿਹਾ ਕਿ ਇਸ ਦਾ ਸੱਭ ਤੋਂ ਵੱਧ ਨੁਕਸਾਨ ਯੂਐਸ ਨੂੰ ਹੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਗੱਲਬਾਤ ਦੇ ਲਈ ਸਾਡੇ ਦਰਵਾਜ਼ੇ ਖੁਲ੍ਹੇ ਹਨ।
ਤਾਲਿਬਾਨ ਦੇ ਬੁਲਾਰੇ ਮੁਜਾਹਿਦ ਨੇ ਟਵਿੱਟਰ ਤੇ ਕਿਹਾ, ‘ਅਸੀਂ ਹੁਣ ਵੀ ……. ਵਿਸ਼ਵਾਸ਼ ਕਰਦੇ ਹਾਂ ਕਿ ਅਮਰੀਕੀ ਪੱਖ ਨੂੰ ਇਹ ਸਮਝ ਵਿੱਚ ਆਵੇਗਾ ….. ਪਿੱਛਲੇ 18 ਸਾਲਾਂ ਤੋਂ ਸਾਡੀ ਲੜਾਈ ਨੇ ਅਮਰੀਕੀਆਂ ਦੇ ਲਈ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਤੱਕ ਅਸੀਂ ਉਨ੍ਹਾਂ ਦੇ ਕਬਜ਼ੇ ਦਾ ਸੰਪੂਰਨ ਖਾਤਮਾ ਨਹੀਂ ਵੇਖ ਲੈਂਦੇ ਤਦ ਤੱਕ ਅਸੀਂ ਅਰਾਮ ਨਾਲ ਨਹੀਂ ਬੈਠਾਂਗੇ।’ ਇਹ ਵੀ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਅਮਰੀਕਾ ਦੇ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਹੀ ਦਿੱਤਾ ਸੀ ਅਤੇ ਜਿਸ ਨਾਲ ਅਮਰੀਕਾ ਤਾਲਿਬਾਨ ਨਾਲ ਸੁਰੱਖਿਆ ਵਾਅਦਿਆਂ ਦੇ ਬਦਲੇ ਵਿੱਚ ਆਪਣੇ ਸੈਨਿਕਾਂ ਨੂੰ ਵਾਪਿਸ ਬੁਲਾਉਣਾ ਸ਼ੁਰੂ ਕਰ ਦਿੰਦਾ। ਜਬੀਹੁਲਾਹ ਦੇ ਬਿਆਨ ਅਨੁਸਾਰ ਦੋਵੇਂ ਧਿਰਾਂ ਇਸ ਕਰਾਰ ਦੀ ਘੋਸ਼ਣਾ ਕਰਨ ਹੀ ਵਾਲੇ ਸਨ ਕਿ ਟਰੰਪ ਨੇ ਇਹ ਸ਼ਾਂਤੀ ਵਾਰਤਾ ਰੋਕ ਦਿੱਤੀ।
ਰਾਸ਼ਟਰਪਤੀ ਟਰੰਪ ਨੇ ਇਸ ਗੱਲਬਾਤ ਤੋਂ ਪਿੱਛੇ ਹੱਟਣ ਦੀ ਵਜ੍ਹਾ ਹਾਲ ਹੀ ਵਿੱਚ ਕਾਬੁਲ ਵਿੱਚ ਹੋਏ ਹਮਲੇ ਨੂੰ ਦੱਸਿਆ ਹੈ, ਜਿਸ ਵਿੱਚ ਇੱਕ ਅਮਰੀਕੀ ਸੈਨਿਕ ਸਮੇਤ 12 ਲੋਕ ਮਾਰੇ ਗਏ ਸਨ। ਤਾਲਿਬਾਨ ਨੇ ਟਰੰਪ ਦੁਆਰਾ ਦਿੱਤੀ ਗਈ ਵਜ੍ਹਾ ਨੂੰ ਖਾਰਿਜ਼ ਕਰਦੇ ਹੋਏ ਕਿਹਾ ਹੈ ਕਿ ਉਸ ਵਿੱਚ ਨਾ ਤਾਂ ਅਨੁਭਵ ਹੈ ਅਤੇ ਨਾ ਹੀ ਹੌਂਸਲਾ ਵਿਖਾਈ ਦਿੰਦਾ ਹੈ।