ਜਾਖਲ ਮੰਡੀ – ਹਰਿਆਣਾ ਦੇ ਜ਼ਿਲਾ ਫਤਿਹਾਬਾਦ ਦੇ ਜਾਖਲ ਮੰਡੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਅਤੇ ਪੰਜਾਬ ਦੇ ਮਹਾਨ ਗਾਇਕ ਹਾਕਮ ਸੂਫ਼ੀ ਦੀ 7ਵੀਂ ਬਰਸੀ ਨੂੰ ਸਮਰਪਿਤ ਸਾਹਿਤਕ ਪਰੋਗਰਾਮ ਦਾ ਆਯੋਜਨ ਕੀਤਾ ਗਿਆ।ਪੰਜਾਬੀ ਸਾਹਿਤ ਸਭਿਆਚਾਰ ਮੰਚ,ਜਾਖਲ (ਫਤਿਹਾਬਾਦ) ਵਲੋਂ ਆਯੋਜਿਤ ਇਸ ਮਹੀਨਾਵਾਰ ਸਾਹਿਤਕ ਮਿਲਣੀ ਦੀ ਚਰਚਾ ਦੌਰਾਨ ਪੰਜਾਬੀ ਦੇ ਸੱਭਿਆਚਾਰਕ ਦੂਤ ਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਦੇ ਜੀਵਨ ਤੇ ਮਾਂ ਬੋਲੀ ਪੰਜਾਬੀ ਨੂੰ ਦੇਣ ਬਾਰੇ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ।ਇਸ ਦੌਰਾਨ ਮੰਚ ਦੇ ਪ੍ਰਬੰਧਕਾਂ ਵਲੋਂ ਭਵਿੱਖ ਵਿਚ ਪੰਜਾਬੀ ਸਾਹਿਤ ਅਕਾਦਮੀ,ਪੰਚਕੂਲਾ( ਹਰਿਆਣਾ) ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਕਲਾਤਮਕ ਸਮੂਲੀਅਤ ਲਈ ਇਕ ਸੱਭਿਆਚਾਰਕ ਪਰੋਗਰਾਮ ਦੇ ਆਯੋਜਨ ਲਈ ਰੂਪ-ਰੇਖਾ ਉਲੀਕੀ ਗਈ।
ਇਸ ਮੌਕੇ ਇਕ ਪੁਸਤਿਕਾ “ਭਾਈ ਕਾਨ੍ਹ ਸਿੰਘ ਨਾਭਾ ਜੀਵਨ ਤੇ ਰਚਨਾ” ਦਾ ਵਿਤਰਣ ਕੀਤਾ ਗਿਆ। ਪਰੋਗਰਾਮ ਵਿਚ ਸ਼ਾਮਿਲ ਵਿਦਵਾਨਾਂ ਸ਼੍ਰੀਮਤੀ ਕੁਲਦੀਪ ਕੌਰ ਅੱਕਾਂਵਾਲੀ,ਵੀਰ ਸਿੰਘ ਥਿੰਦ, ਸ਼੍ਰੀਮਤੀ ਕਿਰਨਲਤਾ,ਸੁਨੀਲ ਗੋਇਲ,ਰੋਹਿਤ ਕੁਮਾਰ,ਹਰਦੀਪ ਸਿੰਘ,ਕਰਮਜੀਤ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ।ਇਸ ਮੌਕੇ ਓਸ਼ੋ ਰਜ਼ਨੀਸ਼ ਤੇ ਉੱਘੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਫਲਸਫੇ ਉਪਰ ਵਿਦਵਾਨਾਂ ਨੇ ਆਪੋ ਆਪਣੇ ਅਲੋਚਨਾ ਵਿਚਾਰ ਪੇਸ਼ ਕੀਤੇ।ਅਖੀਰ ਚ ਪ੍ਰੋਗਰਾਮ ‘ਚ ਸ਼ਾਮਿਲ ਵਿਦਵਾਨਾਂ ਦੀ ਮੰਚ ਦੀ ਪ੍ਰਧਾਨ ਕੁਲਦੀਪ ਕੌਰ ਅੱਕਾਂਵਾਲੀ ਨੇ ਤਹਿ ਦਿਲੋਂ ਧੰਨਵਾਦ ਕੀਤਾ ।