ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਜਲਦੀ ਹੀ ਜੇਲ੍ਹ ਤੋਂ ਰਿਹਾ ਹੋ ਸਕਦੇ ਹਨ। ਇਮਰਾਨ ਖਾਨ ਦੇ ਨਜ਼ਦੀਕੀ ਹੁਮਾਯੂੰ ਅਖ਼ਤਰ ਨੇ ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਦਾਅਵੇ ਨਾਲ ਕਿਹਾ ਹੈ ਕਿ ਮੇਰੀ ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਨਾਲ ਗੱਲਬਾਤ ਜਾਰੀ ਹੈ ਅਤੇ ਜਲਦੀ ਹੀ ਉਹ ਪਲੇਨ ਵਿੱਚ ਬੈਠ ਕੇ ਦੇਸ਼ ਛੱਡ ਜਾਣਗੇ। ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਤੇ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਸੰਪਤੀ ਇੱਕਠੀ ਕਰਨ ਦੇ ਆਰੋਪ ਹਨ। ਇਸ ਸਮੇਂ ਉਹ ਜੇਲ੍ਹ ਵਿੱਚ ਹਨ।
ਅਖਤਰ ਨੇ ‘ਸਮਾਂ ਟੀਵੀ’ ਤੇ ਇੱਕ ਪ੍ਰੋਗਰਾਮ ਦੌਰਾਨ ਨਵਾਜ਼ ਸ਼ਰੀਫ਼ ਨਾਲ ਹੋ ਰਹੀ ਡੀਲ ਸਬੰਧੀ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਰੀਫ਼ ਪ੍ਰੀਵਾਰ ਨਹੀਂ ਚਾਹੁੰਦਾ ਕਿ ਇਸ ਡੀਲ ਬਾਰੇ ਦੇਸ਼ ਦੀ ਜਨਤਾ ਨੂੰ ਦੱਸਿਆ ਜਾਵੇ। ਇਸ ਲਈ ਇਸ ਵਾਰਤ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਪਾਕਿਸਤਾਨ ਦੇ ਮੀਡੀਆ ਵਿੱਚ ਪਿੱਛਲੇ ਦਿਨੀਂ ਵੀ ਇਮਰਾਨ ਅਤੇ ਸ਼ਰੀਫ਼ ਵਿੱਚਕਾਰ ਚੱਲ ਰਹੀ ਡੀਲ ਦੀਆਂ ਖ਼ਬਰਾਂ ਛੱਪੀਆਂ ਸਨ। ਨਵਾਜ਼ ਦੀ ਪਾਰਟੀ ਪੀਐਮਐਲਐਨ ਨੇ ਇਸ ਤਰ੍ਹਾਂ ਦੀ ਕਿਸੇ ਵੀ ਡੀਲ ਤੋਂ ਇਨਕਾਰ ਕੀਤਾ ਹੈ।
ਪੀਟੀਆਈ ਦੇ ਅਖਤਰ ਨੇ ਕਿਹਾ, ‘ਮੇਰੀ ਜਾਣਕਾਰੀ ਅਨੁਸਾਰ ਨਵਾਜ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਇੱਕ ਡੀਲ ਤੇ ਦਸਤਖਤ ਕਰਨ ਲਈ ਤਿਆਰ ਹੋ ਗਏ ਹਨ। ਇਸ ਅਨੁਸਾਰ, ਉਹ ਦੇਸ਼ ਦਾ ਕੁਝ ਪੈਸਾ ਵਾਪਿਸ ਕਰਨਗੇ। ਇਸ ਦੇ ਬਾਅਦ ਉਨ੍ਹਾਂ ਦੇ ਲਈ ਪਲੇਨ ਤਿਆਰ ਰਹੇਗਾ। ਉਹ ਦੇਸ਼ ਤੋਂ ਬਾਹਰ ਚਲੇ ਜਾਣਗੇ।’