ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਕਰਤਾਰਪੁਰ ਗਲਿਆਰੇ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦੇਵੇਗੀ। ਕਾਰੀਡੋਰ ਦੇ ਪ੍ਰੋਜੈਕਟ ਡਾਇਰੈਕਟਰ ਅਤੀਕ ਮੁਜੀਦ ਨੇ ਦੱਸਿਆ ਕਿ 9 ਨਵੰਬਰ ਨੂੰ ਇਹ ਗਲਿਆਰਾ ਖੁਲ੍ਹ ਜਾਵੇਗਾ। 11 ਅਤੇ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿੱਚ 5,000 ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜ਼ਾਜਤ ਦਿੱਤੀ ਜਾਵੇਗੀ ਅਤੇ ਬਾਅਦ ਵਿੱਚ ਇਹ ਵਧਾ ਕੇ 10,000 ਤੱਕ ਵੀ ਕੀਤੀ ਜਾ ਸਕਦੀ ਹੈ।
ਡਾਇਰੈਕਟਰ ਮੁਜੀਦ ਨੇ ਕਿਹਾ, ‘ਇਮੀਗ੍ਰੇਸ਼ਨ ਦੇ ਲਈ ਕੁਲ 152 ਕਾਊਂਟਰ ਬਣਾਏ ਜਾਣਗੇ। ਜੀਰੋ ਪੁਆਇੰਟ ਤੋਂ ਸੀਮਾ ਟਰਮੀਨਲ ਦੀ ਦੂਰੀ 350 ਮੀਟਰ ਹੋਵੇਗੀ।’ ਉਨ੍ਹਾਂ ਨੇ ਕਿਹਾ ਕਿ ਇਸ ਗਲਿਆਰੇ ਵਿੱਚ ਯਾਤਰੀਆਂ ਨੂੰ ਏਅਰਪੋਰਟ ਵਰਗੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ।ਪਾਕਿਸਤਾਨ ਨੇ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ੇ ਦੇ ਯਾਤਰਾ ਕਰਨ ਦੀ ਵੀ ਪ੍ਰਮਿਸ਼ਨ ਦੇ ਦਿੱਤੀ ਹੈ। ਜਿੰਨ੍ਹਾਂ ਦੇ ਕੋਲ Eਸੀਆਈ ਕਾਰਡ ਹੈ, ਉਹ ਵੀ ਕਰਤਾਰਪੁਰ ਗਲਿਆਰੇ ਦਾ ਇਸਤੇਮਾਲ ਕਰ ਕੇ ਗੁਰਦੁਆਰਾ ਸਾਹਿਬ ਜਾ ਸਕਣਗੇ।
ਪਾਕਿਸਤਾਨ ਅਤੇ ਭਾਰਤ ਨੇ ਪਿੱਛਲੇ ਸਾਲ 2018 ਵਿੱਚ ਕਰਤਾਰਪੁਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਨੂੰ ਜੋੜਨ ਲਈ ਗਲਿਆਰਾ ਬਣਾਉਣ ਤੇ ਸਹਿਮੱਤੀ ਬਣਾਈ ਸੀ। ਕਰਤਾਰਪੁਰ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਵਿੱਚ ਰਾਵੀ ਨਦੀ ਦੇ ਕੋਲ ਅਤੇ ਡੇਰਾ ਬਾਬਾ ਨਾਨਕ ਤੋਂ ਕੇਵਲ ਚਾਰ ਕਿਲੋਮੀਟਰ ਤੇ ਸਥਿਤ ਹੈ।