ਅੱਜ ਦਿਲਪ੍ਰੀਤ ਦੇ ਪਿੰਡ ਵਿਚ ਸਕੂਲ ਦੀ ਗਰਾਉਂਡ ਨੇ ਮੇਲੇ ਵਾਲਾ ਮਹੌਲ ਬਣਾਇਆ ਹੋਇਆ ਸੀ। ਦਿਲਪ੍ਰੀਤ ਨੇ ਜੋ ਤਬੂੰ ਕਨਾਤਾ ਆਪਣੀ ਟਰਾਲੀ ਵਿਚ ਲਿਆਂਦੇ ਸਨ, ਉਹ ਸਜਾਏ ਹੋਏ ਸਨ। ਸਕੂਲ ਵੱਲ ਜਾਂਦੀ ਸੜਕ ਤੇ ਕਾਫੀ ਆਵਾ ਜਾਈ ਸੀ। ਗਰਮੀ ਦੇ ਬਾਵਜ਼ੂਦ ਸੰਗਤਾਂ ਸਕੂਲ ਵੱਲ ਵਹੀਰਾਂ ਘੱਤ ਕੇ ਆ ਰਹੀਆਂ ਸਨ। ਪਿੰਡ ਦੇ ਬਾਕੀ ਮੁੰਡਿਆਂ ਨਾਲ ਤੋਸ਼ੀ ਚਾਚਾ ਵੀ ਸ਼ਰਬਤ ਵਰਤਾਉਣ ਦੀ ਸੇਵਾ ਕਰਦਾ ਨਜ਼ਰੀ ਪਿਆ। ਦਿਲਪ੍ਰੀਤ ਵੀ ਸਵੇਰ ਦਾ ਚਾਨਣੀਆਂ ਹੇਠਾਂ ਦਰੀਆਂ ਵਿਛਾਉਣ ਦੀ ਸੇਵਾ ਵਿਚ ਰੁੱਝਾ ਹੋਇਆ ਸੀ। ਥੌੜ੍ਹੀ ਦੇਰ ਵਿਚ ਹੀ ਸੰਗਤਾਂ ਦਾ ਵਾਹਵਾ ਇੱਕਠ ਹੋ ਗਿਆ ਅਤੇ ਸੰਤਾ ਦੇ ਪਹੁੰਚਣ ਦੀ ਉਡੀਕ ਬਹੁਤ ਹੀ ਉਤਾਵਲੀ ਨਾਲ ਹੋ ਰਹੀ ਸੀ।
ਜਦੋਂ ਹੀ ਸੰਤ ਪਹੁੰਚੇ ਤਾਂ ਸਾਰਾ ਪੰਡਾਲ ਜੈਕਾਰਿਆਂ ਨਾਲ ਗੂੰਜ ਉਠਿਆ। ਕਈ ਲੋਕ ਸੰਤਾਂ ਦੇ ਗੋਡਿਆਂ ਜਾਂ ਪੈਰਾ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਤਾਂ ਸੰਤ ਉਹਨਾ ਨੂੰ ਹੱਥ ਜੋੜ ਕੇ ਮਨਾ ਕਰ ਰਹੇ ਸਨ। ਸੰਤ ਸਟੇਜ਼ ਤੇ ਬਿਰਾਜਮਾਨ ਹੋਏ ਅਤੇ ਸਾਰੀ ਸੰਗਤ ਪੰਡਾਲ ਵਿਚ ਸਜ ਗਈ। ਸੰਤਾ ਨੇ ਸਭ ਤੋਂ ਪਹਿਲਾਂ
“ਸ਼ਬਦ ਗੁਰੂ, ਸੁਰਿਤ ਧੁਨ ਚੇਲਾ” ਦੀ ਵਿਆਖਿਆ ਕੀਤੀ। ਨਾਲ ਨਾਲ ਉਹਨਾਂ ਅਜੋਕੇ ਸਮੇਂ ਵਿਚ ਵਿਚਰਨ ਲਈ ਨੀਤੀ ਤੇ ਪੈਤੜਿਆਂ ਤੇ ਚਾਣਨਾ ਪਾਇਆ। ਸਿੱਖੀ ਦੀ ਉਹਨਾਂ ਜੋ ਵਿਆਖਿਆ ਕੀਤੀ ਉਸ ਨੂੰ ਪੂਰੀ ਤਰ੍ਹਾਂ ਸਿਖਾਂ ਵਿਚ ਲਾਗੂ ਕਰਾਉਣ ਦੀ ਦਿੜ੍ਰਤਾ ਵੀ ਸੀ। ਜਵਾਨ ਉਮਰ ਦੇ ਸੰਤਾਂ ਦੀਆਂ ਗੱਲਾਂ ਨੇ ਨੋਜਵਾਨਾਂ ਤੇ ਬੜਾ ਡੰਘਾ ਪ੍ਰਭਾਵ ਪਾਇਆ। ਜੋ ਨੋਜਵਾਨ ਆਪਣੀਆ ਦਾੜੀਆਂ ਜਾ ਕੇਸ ਕੱਟਦੇ ਸਨ, ਉਹਨਾਂ ਨੇ ਆਪਣੇ ਮਨ ਵਿਚ ਪ੍ਰਣ ਕਰ ਲਿਆ ਕਿ ਉਹ ਸਿੱਖੀ ਸਰੂਪ ਧਾਰਨ ਕਰਨਗੇ। ਮੋਰਚੇ ਅਤੇ ਮੰਗਾਂ ਸਬੰਧੀ ਜੋ ਗੱਲਾਂ ਕੀਤੀਆਂ, ਉਹ ਸਾਰੀ ਸੰਗਤ ਵਿਚ ਪ੍ਰਭਾਵ ਛੱਡ ਰਹੀਆਂ ਸਨ। ਦਿਲਪ੍ਰੀਤ ਪੰਡਾਲ ਦੇ ਪਿੱਛੇ ਖੜਾ ਸਾਰੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ, ਜਦੋਂ ਇਕ ਸੱਜਣ ਜਿਸ ਦੇ ਮੋਢੇ ਉੱਤੇ ਇਕ ਥੈਲਾ ਲਟਕਦਾ ਸੀ ਤੇ ਜੇਬ ਨਾਲ ਪੈਨ ਲੱਗਾ ਸੀ ਆ ਕੇ ਦਿਲਪ੍ਰੀਤ ਨੂੰ ਪੁੱਛਿਆ, “ਮੈ ਇਕ ਪੱਤਰਕਾਰ ਹਾਂ ਅਤੇ ਮੇਰਾ ਨਾਮ ਸਤਵੀਰ ਹੈ। ਮੈਂ ਸੰਤਾਂ ਨਾਲ ਇੰਟਰਵਿਊ ਕਰਨੀ ਚਾਹੁੰਦਾ ਹਾਂ।”
“ਉੁਹ ਸਰਪੰਚ ਸਾਹਿਬ ਖੱੜ੍ਹੇ ਹਨ।” ਦਿਲਪ੍ਰੀਤ ਨੇ ਹੱਥ ਨਾਲ ਇਸ਼ਾਰਾ ਕਰਕੇ ਦੱਸਿਆ, “ਤੁਸੀਂ ਉਹਨਾ ਨਾਲ ਗੱਲ ਕਰ ਲਉ।”
“ਤੁਸੀਂ ਵੀ ਮੇਰੇ ਨਾਲ ਹੀ ਆ ਜਾਵੋ।” ਸਤਵੀਰ ਨੇ ਕਿਹਾ, “ਉਹਨਾ ਨਾਲ ਮੇਰੀ ਗੱਲ ਕਰਵਾ ਦਿਉ।”
ਦਿਲਪ੍ਰੀਤ ਨੇ ਸਰਪੰਚ ਨਾਲ ਸਾਰੀ ਗੱਲ ਕੀਤੀ। ਸਰਪੰਚ ਨੇ ਕਿਹਾ, “ਜਦੋਂ ਸੰਤ ਜੀ ਆਪਣੀ ਵਿਆਖਿਆ ਖਤਮ ਕਰ ਲੈਣਗੇ। ਤੁਸੀ ੳਦੋਂ ਸਕੂਲ ਦੇ ਬਗਲ ਵਾਲੇ ਕਮਰੇ ਵਿਚ ਆ ਜਾਣਾ।
ਸਤਵੀਰ ਉੱਥੇ ਖਲੋ ਕੇ ਹੀ ਕਥਾ ਦੇ ਸਮਾਪਤ ਹੋਣ ਜਾਣ ਦੀ ਉਡੀਕ ਕਰਨ ਲੱਗਾ। ਜੋ ਸੰਤ ਜੀ ਬੋਲ ਰਹੇ ਸਨ ਉਹਨਾ ਵਿਚੋਂ ਕੁਝ ਗੱਲਾਂ ਉਹ ਆਪਣੀ ਕਾਪੀ ਤੇ ਨੋਟ ਵੀ ਕਰ ਰਿਹਾ ਸੀ। ਦਿਲਪ੍ਰੀਤ ਨੇ ਉਸ ਨੂੰ ਛਬੀਲ ਤੋਂ ਸ਼ਰਬੱਤ ਦਾ ਗਿਲਾਸ ਲਿਆ ਕੇ ਪਿਲਾਇਆ ਅਤੇ ਕੁਝ ਖਾਣ ਲਈ ਵੀ ਕਿਹਾ। ਗੱਲਾਂ ਗੱਲਾਂ ਵਿਚ ਪਤਾ ਲੱਗਾ ਕਿ ਸਤਵੀਰ ਲ਼ੁਧਿਆਣੇ ਸ਼ਹਿਰ ਦਾ ਹੀ ਰਹਿਣ ਵਾਲਾ ਹੈ।
ਜਿਉਂ ਹੀ ਸੰਤਾਂ ਦਾ ਭਾਸ਼ਣ ਸਮਾਪਤ ਹੋਇਆ ਦੋਨੋ ਜਣੇ ਉਸ ਕਮਰੇ ਵੱਲ ਚੱਲ ਪਏ ਜਿੱਥੇ ਸਰਪੰਚ ਨੇ ਉਹਨਾ ਨੂੰ ਪੁੱਜਣ ਲਈ ਕਿਹਾ ਸੀ। ਸੰਤ ਜੀ ਉਸ ਵੱਡੇ ਕਮਰੇ ਵਿਚ ਪਹਿਲਾਂ ਹੀ ਪਹੁੰਚ ਚੁੱਕੇ ਸਨ ਤੇ ਕੁਝ ਸ਼ਰਧਾਲੂ ਵੀ ਉਹਨਾ ਨਾਲ ਸਨ। ਫਤਹਿ ਬੁਲਾ ਕੇ ਬੈਠੇ ਹੀ ਸਨ ਕਿ ਸੰਤਾ ਨੇ ਦਿਲਪ੍ਰੀਤ ਵੱਲ ਦੇਖ ਕੇ ਕਿਹਾ, ਪੁੱਛੋ ਜੋ ਕੁਝ ਪੁੱਛਣਾ ਚਾਹੁੰਦੇ ਹੋ।”
“ਮੈ ਨਹੀਂ ਜੀ।” ਦਿਲਪ੍ਰੀਤ ਨੇ ਹੱਥ ਜੋੜ ਕੇ ਕਿਹਾ, “ਇਹਨਾਂ ਨੇ ਪੁੱਛਣਾ ਹੈ।”
“ਸੱਜਣਾ, ਜੋ ਕੁਝ ਪੁੱਛਣਾ ਹੈ, ਛੇਤੀ ਪੁੱਛ ਲੈ।” ਸੰਤਾ ਨੇ ਕਿਹਾ, “ਅਸੀ ਫਿਰ ਅੱਗੇ ਵੀ ਜਾਣਾ ਹੈ।”
ਸਤਵੀਰ ਨੇ ਪਹਿਲਾਂ ਸਵਾਲ ਪੁੱਛਿਆ, “ਤੁਸੀ ਇਕ ਧਾਰਮਿਕ ਨੇਤਾ ਹੋ, ਫਿਰ ਰਾਜਸੀ ਮੋਰਚੇ ਵਿਚ ਕਿਉਂ ਸ਼ਾਮਲ ਹੋਏ?”
“ਸਭ ਤੋਂ ਪਹਿਲਾਂ ਧਾਰਮਿਕ ਮੋਰਚਾ ਹੀ ਸ਼ੁਰੂ ਹੋਇਆ ਸੀ, ਮਗਰੋਂ ਅਕਾਲੀ ਦਲ ਨੇ ਧਰਾਮਿਕ ਮੰਗਾ ਨਾਲ ਰਾਜਨਿਤਕ ਮੰਗਾਂ ਵੀ ਰੱਖ ਲਈਆਂ।”
“ਧਰਮ ਅਤੇ ਸਿਆਸਤ ਦੋ ਵੱਖਰੀਆਂ ਗੱਲਾਂ ਨਹੀ?”
“ਸਿੱਖ ਸਿਆਸਤ ਅਤੇ ਧਰਮ ਨੂੰ ਇਕ ਹੀ ਮੰਨਦੇ ਨੇ। ਇਹ ਮੀਰੀ ਪੀਰੀ ਦੇ ਮਾਲਕ ਸਾਹਿਬ ਗੁਰੂ ਹਰਗੋਬਿੰਦ ਜੀ ਦੀ ਅਦੁੱਤੀ ਦੇਣ ਹੈ।”
“ਕੀ ਅਨੰਦਪੁਰ ਦੇ ਮਤੇ ਵਿਚ ਖਾਲਸਿਤਾਨ ਦੀ ਕੋਈ ਮੰਗ ਹੈ?”
“ਨਹੀ, ਉਸ ਮਤੇ ਵਿਚ ਇਹ ਕੋਈ ਮੰਗ ਨਹੀਂ।”
“ਕੀ ਤੁਸੀ ਖਾਲਿਸਤਾਨ ਦੇ ਹਾਮੀ ਹੋ?”
“ਨਾਂ ਮੈਂ ਹਮਾਇਤ ਕਰਦਾ ਹਾਂ ਤੇ ਨਾਂ ਹੀ ਵਿਰੋਧ। ਅਸੀਂ ਭਾਰਤ ਨਾਲ ਰਹਿਣਾ ਚਾਹੁੰਦੇ ਹਾਂ। ਪਰ ਸਰਕਾਰ ਸਾਨੂੰ ਦੱਸੇ ਕਿ ਉਹ ਰੱਖਣਾ ਚਾਹੁੰਦੀ ਹੈ ਜਾਂ ਨਹੀਂ। ਜੇ ਬਰਾਬਰ ਦੇ ਸ਼ਹਿਰੀ ਬਣਾ ਕੇ ਰੱਖਣਾ ਹੈ ਤਾਂ ਠੀਕ ਹੈ, ਪਰ ਅਸੀ ਗ਼ੁਲਾਮ ਬਣ ਕੇ ਨਾਲ ਨਹੀਂ ਰਹਿਣਾ। ਦੇਸ਼ ਦੀ ਅਜ਼ਾਦੀ ਲਈ 93 ਫੀ ਸਦੀ ਸਿਰ ਦੇ ਕੇ ਵੀ ਅਸੀ ਗ਼ੁਲਾਮ ਰਹਿਣਾ ਮਨਜ਼ੂਰ ਨਹੀਂ ਕਰਦੇ। ਅਸੀਂ ਖਾਲਿਸਤਾਨ ਮੰਗਦੇ ਨਹੀਂ ਹਾਂ, ਜੇ ਕੇਂਦਰ ਨੇ ਬਰਾਬਰ ਦੇ ਸ਼ਹਿਰੀ ਨਾਂ ਮੰਨਦਿਆ ਸਾਨੂੰ ਵੱਖਰਾ ਖਾਲਿਸਤਾਨ ਦੇਣਾ ਹੀ ਹੈ ਤਾਂ ਸਿਰ ਮੱਥੇ।।”
“ਤਹਾਨੂੰ ਸ਼ਕਾਇਤ ਹੈ ਕਿ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਜਦ ਕਿ ਸਰਕਾਰ ਕਹਿੰਦੀ ਹੈ ਕਿ ਬਿਨਾਂ ਕਿਸੇ ਵਿਤਕਰੇ ਦੇ ਗਿਆਨੀ ਜੈਲ ਸਿੰਘ, ਸ:ਦਰਬਾਰਾ ਸਿੰਘ ਅਤੇ ਸ:ਰਣਜੀਤ ਸਿੰਘ ਸਰਕਾਰੀਆ ਆਦਿ ਵੱਡੇ ਅਹੁਦਿਆ ਤੇ ਕੰਮ ਕਰ ਰਹੇ ਨੇਂ?”
“ਤੁਸੀ ਇਤਹਾਸ ਪੜਿ੍ਹਆ ਕੇ ਨਹੀਂ? ਮੁਗਲਾਂ ਵੇਲੇ ਕਈ ਹਿੰਦੂ ਰਾਜੇ ਮੁਗਲਾ ਨੂੰ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਸਿਆਸੀ ਲਾਭ ਪ੍ਰਾਪਤ ਕਰਦੇ ਰਹੇ ਨੇ। ਰਾਜਾ ਮਾਨ ਸਿੰਘ ਨੇ ਆਪਣੀ ਧੀ ਦਾ ਡੋਲਾ ਅਕਬਰ ਨੂੰ ਦਿੱਤਾ। ਚੰਦੂ ਨੇ ਜਹਾਂਗੀਰ ਨੂੰ ਖੁਸ਼ ਕਰਨ ਲਈ ਆਪਣੇ ਦੇਸ਼ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ੳਦੋਂ ਅਤੇ ਹੁਣ ਵਿਚ ਵੀ ਬਹੁਤਾ ਫ਼ਰਕ ਨਹੀ ਹੈ।”
“ਤੁਸੀਂ ਸੰਤ ਹੋ ਕੇ ਹਥਿਆਰ ਕਿਉਂ ਰੱਖਦੇ ਹੋ?”
“ਗੁਰੂ ਸਾਹਿਬ ਨੇ ਫਰਮਾਇਆ ਹੈ,
“ਅਸਿ, ਕ੍ਰਿਪਾਨ ਖੰਡੋ ਖੜਗ, ਤੁਪੁਕ, ਤਬਰ ਅਰ ਤੀਰ
ਸੈਫ, ਸਿਰੋਹੀ, ਸੈਹਬੀ ਯਹੀ ਹਮਾਰੇ ਪੀਰ।।
ਸ਼ਸ਼ਤਰ ਅਸੀ ਆਪਣੀ ਰੱਖਿਆ ਵਾਸਤੇ ਰੱਖਦੇ ਹਾਂ। 1978 ਦੀ ਵਿਸਾਖੀ ਵਾਲੇ ਦਿਨ 13 ਸਿੰਘ ਸ਼ਹੀਦ ਹੋ ਗਏ ਤੇ 78 ਜ਼ਖਮੀ, 8 ਕਾਨਪੁਰ ਵਿਚ ਸ਼ਹੀਦ ਹੋ ਗਏ, 3 ਦਿੱਲੀ ਵਿਚ ਸ਼ਹੀਦ ਹੋ ਗਏ, ਡੇੜ ਦਰਜਨ ਚੋਂਕ ਮਹਿਤਾ ਅਤੇ ਦੋ ਮਧੂਬਨ ਵਿਚ ਸ਼ਹੀਦ ਹੋ ਗਏ। ਇਸ ਵਾਸਤੇ ਹਥਿਆਰ ਰੱਖੇ ਹਨ। ਸਰਹੱਦਾਂ ਤੇ ਮਸ਼ੀਨ ਗੰਨਾ, ਤੋਪਾਂ ਬੀੜੀਆਂ ਹੁੰਦੀਆਂ ਹਨ ਉਹ ਹਥਿਆਰ ਦੇਸ਼ ਦੀ ਰੱਖਿਆ ਵਾਸਤੇ ਹੁੰਦੇ ਹਨ।”
ਪੱਤਰਕਾਰ ਸਤਵੀਰ ਨੇ ਹੋਰ ਵੀ ਬਹੁਤ ਸਾਰੇ ਸਵਾਲ ਸੰਤਾਂ ਨੂੰ ਪੁੱਛੇ ਜਿਹੜੇ ਜ਼ਵਾਬ ਸੰਤਾਂ ਨੇ ਦਿੱਤੇ ਉਹ ਕੋਈ ਆਮ ਇਨਸਾਨ ਤਾਂ ਦੇ ਨਹੀਂ ਸੀ ਸਕਦਾ। ਸੰਤਾ ਨੇ ਕਿਸੇ ਹੋਰ ਪਿੰਡ ਵਿਚ ਵੀ ਦੀਵਾਨ ਕਰਨਾ ਸੀ ਇਸ ਲਈ ਛੇਤੀ ਹੀ ਉਹਨਾਂ ਅਗਲੇ ਪ੍ਰੋਗਰਾਮ ਲਈ ਚਾਲੇ ਪਾ ਦਿੱੱਤੇ।