ਸਨਿਚਰਵਾਰ ਦਾ ਦਿਨ ਅਤੇ ਸ਼ਾਮ ਦਾ ਸਮਾਂ ਸੀ। ਬੇਬੇ ਜੀ ਮੰਜੇ ਤੇ ਬੈਠੀ ਕਹਿ ਰਹੀ ਸੀ, “ਹਰਜਿੰਦਰਾ, ਐਤਕੀਂ ਦਿਲਪ੍ਰੀਤ ਘਰ ਆਵੇਗਾ।”
“ਬੇਬੇ ਜੀ, ਕੁੱੱਝ ਨਹੀਂ ਪਤਾ। ਕਹਿੰਦਾ ਸੀ ਕਿ ਅੰਮਿ੍ਤਸਰ ਜਾਣਾ ਹੈ।”
“ਜਿਸ ਦਿਨ ਦੇ ਸੰਤ ਪਿੰਡ ਵਿਚ ਪੈਰ ਪਾ ਗਏ ੳਦੋਂ ਦਾ ਸਾਰਾ ਪਿੰਡ ਹੀ ਅੰਮ੍ਰਿਤਸਰ ਨੂੰ ਹੀ ਤੁਰਿਆਂ ਰਹਿੰਦਾ ਆ।”
“ਸੰਤਾ ਦੀਆਂ ਗੱਲਾਂ ਪਿੰਡ ਵਾਲਿਆਂ ਨੂੰ ਚੰਗੀਆਂ ਲੱਗਦੀਆਂ ਹਨ।” ਕੋਲ ਬੈਠੇ ਤੋਸ਼ੀ ਨੇ ਕਿਹਾ, “ਅਗਲੇ ਐਤਵਾਰ ਨੂੰ ਅਸੀ ਵੀ ਅਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਉਦੇਂ ਹਾਂ।”
“ਜਿਸ ਦਿਨ ਸੰਤ ਸਾਡੇ ਪਿੰਡ ਆਏ ਸਨ ਮੇਰਾ ਤਾਂ ਉਸ ਦਿਨ ਵੀ ਦਿਲ ਬਹੁਤ ਕਰਦਾ ਸੀ ਕਿ ਸੰਤਾਂ ਦੇ ਦਰਸ਼ਨ ਕਰਕੇ ਆਵਾਂ।” ਰਸੋਈ ਵਲੋਂ ਆਉਂਦੀ ਮਿੰਦੀ ਨੇ ਕਿਹਾ, “ਪਰ ਭੈਣ ਜੀ ਨੇ ਰੋਕ ਦਿੱਤਾ ਅਤੇ ਕਿ ਕਾਕਾ ਛੋਟਾ ਆ ਅਤੇ ਗਰਮੀ ਵੀ ਬਹੁਤ ਸੀ।”
“ਇਦਾਂ ਕਰਦੇ ਹਾਂ ਆਪਾਂ ਟਰਾਲੀ ਲੈ ਚੱਲੀਏ ਨਾਲੇ ਪਿੰਡ ਵਿਚੋਂ ਹੋਰ ਸੰਗਤ ਵੀ ਨਾਲ ਜਾ ਸਕਦੀ ਆ।” ਹਰਜਿੰਦਰ ਸਿੰਘ ਨੇ ਸਲਾਹ ਦਿੱਤੀ, “ਓਧਰੋਂ ਦਿਲਪ੍ਰੀਤ ਸਿੱਧਾ ਆ ਜਾਵੇਗਾ।”
“ਕਾਕਾ ਇਹ ਗੱਲ ਤੇਰੀ ਠੀਕ ਹੈ।” ਬੇਬੇ ਜੀ ਨੇ ਕਿਹਾ, “ਨਾਲੇ ਪੁੰਨ ਨਾਲੇ ਫਲੀਆਂ, ਮੈਨੂੰ ਵੀ ਆਖਰੀ ਵਾਰ ਬਾਬੇ ਦੀ ਨਗਰੀ ਦੇ ਦਰਸ਼ਨ ਕਰਵਾ ਦਿਉ।”
“ਬੇਬੇ ਜੀ ਤੁਸੀ ਇਦਾਂ ਨਾ ਕਿਹਾ ਕਰੋ।” ਮਿੰਦੀ ਨੇ ਕਿਹਾ, “ਸੁੱਖ ਨਾਲ ਜਦੋਂ ਦਿਲਪ੍ਰੀਤ ਦਾ ਵਿਆਹ ਹੋਇਆ ੳਦੋਂ ਵੀ ਤਹਾਨੂੰ ਹਰਮੰਦਿਰ ਸਾਹਿਬ ਦੇ ਦਰਸ਼ਨ ਕਰਾਉਣੇ ਆ।”
“ਬਾਬਾ ਦਿਲਪ੍ਰੀਤ ਦਾ ਵਿਆਹ ਹੀ ਦਿਖਾ ਦੇਵੇ ਏਨਾ ਹੀ ਬੜਾ ਸ਼ੁਕਰ ਹੈ।” ਬੇਬੇ ਜੀ ਨੇ ਕਿਹਾ।
“ਹਾਂ ਸੱਚ, ਭਾਅ ਦਿਲਪ੍ਰੀਤ ਦੇ ਸਹੁਰਿਆਂ ਵਲੋਂ ਸੁਨੇਹਾ
ਆਇਆ ਸੀ।” ਤੋਸ਼ੀ ਨੇ ਦੱਸਿਆ, “ਵਿਆਹ ਦੀ ਤਾਰੀਕ ਜੇ ਰੱਖਣੀ ਹੈ ਤਾ ਸਲਾਹ ਕਰ ਲੈਂਦੇ।”
“ਸ਼ੁਕਰ ਹੈ, ਉਹਨਾ ਸੁਨੇਹਾ ਭੇਜਿਆ।” ਬੇਬੇ ਜੀ ਨੇ ਆਪਣੇ ਸ਼ਾਲ ਦੀ ਬੁਕਲ ਨੂੰ ਠੀਕ ਕਰਦੇ ਕਿਹਾ, “ਮੈਨੂੰ ਤਾਂ ਫਿਕਰ ਹੋ ਗਿਆ ਸੀ ਕਿ ਖਬਰੇ ਉਹਨਾ ਦੇ ਮਨ –ਪੇਟ ਵਿਚ ਕੀ ਆ ਜਿਹੜੇ ਵਿਆਹ ਦਾ ਨਾਮ ਹੀ ਨਹੀ ਲੈਂਦੇ।”
“ਇੰਦਰ ਸਿੰਘ ਫੁੱਫੜ ਜੀ ਦੇ ਮੋਰਚੇ ਤੋਂ ਮੁੜ ਆਉਣ ਦੀ ਉਡੀਕ ਵਿਚ ਸਨ।” ਮਿੰਦੀ ਨੇ ਕਿਹਾ, “ਹੋਰ ਉਹਨਾ ਦੇ ਮਨ ਵਿਚ ਕੋਈ ਗੱਲ ਨਹੀ। ਕੁੜਮਾਈ ਕਰਨ ਨੂੰ ਤਾਂ ਉਹ ੳਦੋਂ ਕਹਿੰਦੇ ਸੀ, ਪਰ ਬੇਬੇ ਜੀ, ਤੁਸੀ ਤੇ ਭਾਅ ਜੀ ਨਹੀ ਸੀ ਮੰਨੇ ਕਿ ਵਾਧੂ ਵਧਾਏ ਰਿਵਾਜ਼ਾ ਵਿਚ ਨਹੀ ਪੈਣਾ, ਸਿਧਾ ਵਿਆਹ ਹੀ ਕਰ ਲੈਣਾ ਆ।”
“ਜਿਹੜਾ ਕੁੜੀ ਮੁੰਡੇ ਨੂੰ ੳਦੋਂ ਪਿਆਰ ਦਿੱਤਾ ਸੀ, ਉਹ ਇਕ ਤਰ੍ਹਾਂ ਉਹਨਾ ਦੀ ਮੰਗਣੀ ਕਰ ਦਿੱਤੀ ਸੀ। ਵਿਆਹ ਵੀ ਹੋਈ ਹੀ ਜਾਣਾ ਆ, ਚਲੋ ਉਹ ਤਾਂ ਕੋਈ ਗੱਲ ਨਹੀ।” ਹਰਜਿੰਦਰ ਸਿੰਘ ਵਿਚੋਂ ਹੀ ਬੋਲਿਆ, “ਕਈ ਮਜ਼ਬੂਰੀਆਂ ਹੁੰਦੀਆਂ ਘਰਾਂ ਵਿਚ।”
“ਕੋਈ ਨਹੀ, ਅਸੀਂ ਜਾ ਆਉਂਦੇ ਹਾਂ ਇਕ ਦਿਨ।” ਤੋਸ਼ੀ ਨੇ ਕਿਹਾ, “ਭਾਬੀ ਅਜੇ ਹਵੇਲੀ ਤੋਂ ਧਾਰ ਕੱਢ ਕੇ ਮੁੜੀ ਨਹੀਂ।”
“ਨਸੀਬ ਦਾ ਤੈਨੂੰ ਪਤਾ ਹੀ ਆ।” ਹਰਜਿੰਦਰ ਸਿੰਘ ਨੇ ਦੱਸਿਆ, “ਝੋਟੇਕੁਟਾਂ ਦੀ ਨੂੰਹ ਨਾਲ ਗੱਲੀਂ ਲਗ ਗਈ ਹੋਣੀ ਆ, ਦੋਨੋ ਹਵੇਲੀ ਦੀ ਕੰਧ ਤੇ ਖੜੀਆਂ ਗੱਲਾਂ ਕਰਦੀਆਂ ਰਹਿੰਦੀਆਂ ਨੇ।”
“ਉਹਦੀ ਸੱਸ ਵੀ ਇਦਾਂ ਹੀ ਕਰਦੀ ਹੁੰਦੀ ਸੀ।” ਬੇਬੇ ਜੀ ਨੇ ਆਪਣਾ ਵੇਲਾ ਚੇਤੇ ਕਰਦਿਆਂ ਕਿਹਾ, “ਮੈਨੂੰ ਮੱਝ ਚੋਣ ਨੂੰ ਦੇਰ ਹੋ ਜਾਣੀ, ਪਰ ਉਹਦੀਆਂ ਗੱਲਾਂ ਨਾ ਸਨ ਮੁਕਦੀਆਂ।”
“ਆ ਕਾਕੇ ਨੂੰ ਫੜਿਉ।” ਮਿੰਦੀ ਨੇ ਕਾਕਾ ਤੋਸ਼ੀ ਨੂੰ ਫੜਾਉਂਦੇ ਕਿਹਾ, “ਮੈ ਭੈਣ ਜੀ ਦੇ ਆੳਂਦਿਆ ਨੂੰ ਰੋਟੀਆਂ ਲਾਹ ਲੈਂਦੀ ਹਾਂ।”
“ਪਹਿਲਾਂ ਮੇਰਾ ਮੰਜਾ ਅੰਦਰ ਕਰ ਦਿਉ। ਪਾਲ੍ਹਾ ਲੱਗਣ ਲੱਗ ਪਿਆ” ਬੇਬੇ ਜੀ ਨੇ ਕਿਹਾ।
ਦੋਨਾਂ ਭਰਾਵਾ ਨੇ ਬੇਬੇ ਜੀ ਦਾ ਮੰਜਾ ਫੜ ਕੇ ਅੰਦਰ ਕਰ ਦਿਤਾ। ਤੋਸ਼ੀ ਨੇ ਕਾਕਾ ਫੜ੍ਹ ਲਿਆ ਤੇ ਮਿੰਦੀ ਰਸੋਈ ਵੱਲ ਚਲੀ ਗਈ ਤਾਂ ਹਰਜਿੰਦਰ ਸਿੰਘ ਨੇ ਹੌਲੀ ਜਿਹੀ ਤੋਸ਼ੀ ਨੂੰ ਕਿਹਾ, “ਤੋਸ਼ੀ ਤੈਨੂੰ ਨਹੀ ਲੱਗਦਾ ਕਿ ਦਿਲਪ੍ਰੀਤ ਕੁਝ ਜ਼ਿਅਦਾ ਹੀ ਅੰਮਿਤਸਰ ਜਾਣ ਲੱਗ ਪਿਆ।”
“ਭਾਅ, ਤਾਂ ਕੀ ਹੋਇਆ, ਇਹਦੇ ਵਿਚ ਚਿੰਤਾ ਦੀ ਕੋਈ ਗੱਲ ਨਹੀਂ।”
“ਚਿੰਤਾ ਦੀ ਗਲ ਤਾਂ ਹੈ।” ਹਰਜਿੰਦਰ ਸਿੰਘ ਨੇ ਦੱਸਿਆ, “ਸਰਕਾਰ ਨਾਲ ਸਿੱਖਾਂ ਦੀ ਗੱਲ ਵਧਦੀ ਹੀ ਜਾਂਦੀ ਹੈ, ਤੂੰ ਵੀ ਖਬਰਾਂ ਸੁਣਦਾ ਹੀ ਆਂ।”
ਉਹਨਾਂ ਦੇ ਗੱਲਾਂ ਕਰਦਿਆਂ ਨਸੀਬ ਹਵੇਲੀ ਤੋਂ ਆ ਗਈ। ਉਸ ਨੂੰ ਦੇਖ ਕੇ ਦੋਨੋ ਭਰਾ ਚੁੱਪ ਹੋ ਗਏ।