ਅੱਜ ਕੱਲਯੁਗ ਦੇ ਸਮੇਂ ’ਚ ਵੀ, ਸਮੇਂ ਦੀ ਮਸਰੂਫਿਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਕੰਮ ਕਰ ਰਹੀਆਂ ਹਨ ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿੱਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇੱਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ ਤੇ ਮੋਟੀਆਂ ਰਕਮਾਂ ਖਰਚ ਕਰਨ , ਭੋਗ ਆਦਿ ਦੀ ਰਸਮ ’ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਨ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ ਤੇ ਹੋਣ ਵਾਲੀਆਂ ਫਜੂਲ ਖਰਚੀਆਂ ਤੋਂ ਬਚਣ ਲਈ ਮੁੱਹਲਾ ਪੱਧਰ ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜੂਲ ਖਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਭਾਵੇਂ ਕਿ ਕਈ ਸੰਸਥਾਵਾਂ ਵੱਲੋਂ ਅਜਿਹੀਆਂ ਫਜੂਲ ਖਰਚੀਆਂ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਕਿ ਨੁੱਕੜ ਮੀਟਿੰਗਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਫਲੈਕਸ ਬੋਰਡ ਲਗਾਉਣੇ ਆਦਿ ਪਰ ਫਿਰ ਵੀ ਅਮਲ ਘੱਟ ਹੀ ਨਜ਼ਰ ਆਉਂਦਾ ਹੈ।
ਸਾਡੇ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ ਸੱਭਿਆਚਾਰ ‘ਚ ਮਿੱਠਾ ਜਾ ਮਠਿਆਈ ਖੁਸ਼ੀ ਸਮੇਂ ਸ਼ਗੁਨ ਦੇ ਰੂਪ ਵਿੱਚ ਖਿਲਾਈ ਜਾਂਦੀ ਹੈ ਪਰ ਕਿੰਨ੍ਹੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜ-ਕੱਲ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇ ਸਰਦੇ ਪੁੱਜਦੇ ਪਰਿਵਾਰਾਂ ਵੱਲੋਂ ਮਿੱਠੇ ਦੇ ਕਈ ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵੱਲੋਂ ਇੱਕ ਦੋ ਕਿਸਮ ਦੇ ਪਕਵਾਨ ਜਰੂਰ ਹੀ ਬਣਾਏ ਜਾਂਦੇ ਹਨ। ਹਰ ਵਰਗ ‘ਚ ਵਿਅਕਤੀ ਦੀ ਮੌਤ ਉਪਰੰਤ ਕੀਤੀਆਂ ਜਾਣ ਵਾਲੀਆਂ ਰਸਮਾਂ ਨੂੰ ਘੋਖ ਨਾਲ ਦੇਖਦਿਆਂ ਸਾਡੇ ਸਮਾਜ ਦਾ ਇੱਕ ਹੋਰ ਬਹੁਤ ਹੀ ਦੁਖਦਾਈ ਪਹਿਲੂ ਸਾਡੇ ਸਾਹਮਣੇ ਆਉਂਦਾ ਹੈ ਵਿਸ਼ੇਸ਼ ਕਰਕੇ ਕਿ ਹਿੰਦੂ ਅਤੇ ਸਿੱਖ ਸਮਾਜ ਦੇ ਲੋਕਾਂ ਵੱਲੋਂ ਰੱਖੇ ਜਾਂਦੇ ਭੋਗ ਸਮਾਗਮਾਂ ਉੱਪਰ ਦੇਖਣ ’ਚ ਆਉਂਦਾ ਹੈ ਕਿ ਅਫਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10/15 ਮਿੰਟ ਪਹਿਲਾਂ ਹੀ ਪਹੁੰਚਦੇ ਹਨ ਤਾਂ ਜੋ ਆਪਣਾ ਚਿਹਰਾ ਦਿਖਾ ਸਕਣ। ਇਹ ਵੀ ਦੇਖਣ ‘ਚ ਆਉਂਦਾ ਹੈ ਕਿ ਪੰਡਾਲ ਵਿੱਚ ਅਫਸੋਸ ਜਤਾਉਣ ਆਏ ਪਰਿਵਾਰਕ ਰਿਸ਼ਤੇਦਾਰ ਅਤੇ ਦੋਸਤ ਮਿੱਤਰ (ਔਰਤਾਂ/ਮਰਦ) ਕਥਾ ਸੁਨਣ ਦੀ ਬਜਾਏ ਗੱਲਾਂ ਵਿੱਚ ਮਸਰੂਫ ਦੇਖੇ ਜਾਂਦੇ ਹਨ। ਇਕ ਭੋਗ ’ਤੇ ਜਾਣ ਦਾ ਮੌਕਾ ਮਿਲਿਆ ਤਾਂ ਕਥਾ ਸੁਨਾਉਣ ਆਏ ਪੰਡਤ ਜੀ ਅਤੇ ਸ਼ਰਧਾਂਜਲੀ ਭੇਂਟ ਕਰਨ ਵਾਲੇ ਸੱਜਣਾਂ ਵੱਲੋਂ ਬੈਠੀ ਸੰਗਤ ਨੂੰ ਬਾਰ-ਬਾਰ ਗੱਲਾਂ ਨਾ ਕਰਨ ਦਾ ਕਹਿਣ ਦੇ ਬਾਵਜੂਦ ਪੰਡਾਲ ’ਚ ਬੈਠੇ ਔਰਤਾਂ ਅਤੇ ਮਰਦ ਚੁੱਪੀ ਨਾ ਧਾਰ ਸਕੇ। ਅਜਿਹਾ ਕੁਝ ਵਾਪਰਨ ਨਾਲ ਸਾਡਾ ਅਜੋਕਾ ਸਮਾਜ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਨਹੀਂ ਬਣ ਸਕੇਗਾ। ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿੱਚ ਵਾਪਰੀ ਦੁਖਦਾਈ ਘਟਨਾ ’ਤੇ ਹਰ ਕੋਈ ਬਣਦੀ ਜੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ’ਤੇ ਅਸੀਂ ਖੁਦ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲ ਅਤੇ ਬਣਦੀਆਂ ਜਿੰਮੇਵਾਰੀਆਂ ਦਰਕਿਨਾਰ ਕਰ ਸਿਰਫ਼ ਆਪਣੀ ਪੈਂਠ ਬਨਾਉਣ ਦੀ ਖਾਤਿਰ ਲੋਕ ਦਿਖਾਵੇ ਦੀ ਭੀੜ ਵਿੱਚ ਰੁਲ ਕੇ ਰਹਿ ਗਏ ਹਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਉਂਝ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢਕਣ ਲਈ ਮੱਦਦ ਕਰਨ ਵਿੱਚ ਆਪਣੀਆਂ ਮਜਬੂਰੀਆਂ ਜਾਹਿਰ ਕਰਦੇ ਹਾਂ ਪਰ ਫੋਕੀ ਸ਼ੌਹਰਤ ਹਾਸਲ ਕਰਨ ਲਈ ਅਨੇਕਾਂ ਰੂਪਏ ਫਜ਼ੂਲ ਖਰਚੀ ਤੇ ਲੁੱਟਾਉਣ ਵਿੱਚ ਜਰ੍ਹਾ ਵੀ ਗੁਰੇਜ ਨਹੀਂ ਕਰਦੇ। ਅਜਿਹੇ ਦਿਖਾਵੇ-ਸ਼ੋਹਰਤ ਅਤੇ ਆਪਣੀ ਨੱਕ ਬਚਾਉਣ ਲਈ ਜਨਮ ਮਰਨ ਆਦਿ ਲਈ ਨਿਸਚਿਤ ਕੀਤੀਆਂ ਧਾਰਮਿਕ ਰਸਮਾਂ ਤੇ ਕੀਤੇ ਖਰਚ ਕਿਸੇ ਵੀ ਸੂਰਤ ਵਿੱਚ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਅਕਸਰ ਕਿਸੇ ਵਿਅਕਤੀ ਵੱਲੋਂ ਗਰੀਬ ਲੋੜਵੰਦ ਦਾ ਸਿਰ ਢਕਣ ਲਈ ਬੰਦ ਮੁੱਠੀ ਕੀਤਾ ਦਾਨ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਆਪ ਮੁਹਾਰੇ ਹੋ ਕੇ ਬੋਲੇਗਾ ਪਰ ਅਸੀਂ ਮ੍ਰਿਤਕ ਦੇਹਿ ਤੇ ਪਾਉਣ ਵਾਲੀ ਚਾਦਰ ’ਚ ਵੀ ਆਪਣਾ ਨਾਮ ਬੋਲਣ ਦੀ ਉਮੀਦ ਕਰਦੇ ਹਾਂ।
ਮੇਰਾ ਮੰਨਣਾ ਹੈ ਕਿ ਅੱਜ ਸਾਡੇ ਸਮਾਜ ਵਿੱਚ ਧਨਾਢ ਲੋਕਾਂ ਵੱਲੋਂ ਲੋਕ ਦਿਖਾਵੇ ਦਾ ਜੋ ਰਿਵਾਜ ਅਪਣਾਇਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿੱਚ ਆਪਣਾ ਰੁਤਬਾ ਬਰਕਰਾਰ ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਅਤੇ ਜਿੰਮੇਵਾਰੀ ਸਮਝਦਿਆਂ ਮ੍ਰਿਤਕ ਪਰਿਵਾਰਾਂ ਦੇ ਦੁੱਖ ’ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੀ ਫਜ਼ੂਲ ਖਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਮੌਤ ਸਮੇਂ ਸਾਨੂੰ ਮੁਸਲਿਮ ਸਮੁਦਾਏ ਤੋਂ ਸੇਧ ਲੈਣ ਦੀ ਲੋੜ ਹੈ। ਜਿਸ ਵਿੱਚ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਉਸ ਦੇ ਨੇੜੇ ਦੇ ਰਿਸ਼ਤੇਦਾਰਾਂ ਅਤੇ ਮੁੱਹਲੇਦਾਰਾਂ ਵੱਲੋ ਤਿੰਨ ਦਿਨ ਤੱਕ ਪਰਿਵਾਰ ਲਈ ਰੋਟੀ-ਪਾਣੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜੋ ਕਿ ਕਾਫੀ ਹੱਦ ਤੱਕ ਨੈਤਿਕ ਨਿਯਮਾਂ ਅਨੁਸਾਰ ਠੀਕ ਵੀ ਜਾਪਦਾ ਹੈ ਕਿਉਂਕਿ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ ਤਾਂ ਉਸ ਸਮੇ ਸਹਾਇਤਾ ਦੀ ਜਰੂਰਤ ਹੁੰਦੀ ਹੈ ਨਾ ਕਿ ਲੋਕਾਂ ਲਈ ਖਾਣੇ ਪਾਣੀ ਦਾ ਪ੍ਰਬੰਧ ਕਰਨ ਦੀ। ਉਝ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇੱਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾਂ ਕਰਨ ਲਈ ਕਰਜਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇੱਕ ਹੋਰ ਵਿਅਕਤੀ ਕਰਜ਼ਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।