ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਨੇ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੱਲੋਂ ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਪਵਿੱਤਰ ਦੱਸਦਿਆਂ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਉਹਨਾਂ ਖਿਲਾਫ ਤੁਰੰਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰ ਵਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋਵੇਂ ਭਰਾ ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਵੱਧ ਪਵਿੱਤਰ ਦੱਸ ਕੇ ਉਸਨੂੰ ਮੱਥਾ ਟੇਕਣ ਤੇ ਪੂਜਣ ਦੀ ਗੱਲ ਵੀ ਆਖ ਰਹੇ ਹਨ। ਉਹਨਾਂ ਕਿਹਾ ਕਿ ਇਹ ਗੁਰੂ ਘਰਾਂ ਦੀ ਬੇਅਬਦੀ ਜਾਂ ਬੱਜਰ ਗੁਨਾਹ ਹੀ ਨਹੀਂ ਬਲਕਿ ਘੋਰ ਪਾਪ ਵੀ ਹੈ।
ਸ੍ਰ. ਵਲਟੋਹਾ ਨੇ ਕਿਹਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਜਿਸ ਮੁਤਾਬਕ ਮੀਰੀ ਯਾਨੀ ਬਾਦਸ਼ਾਹਤ ਨਾਲੋਂ ਪੀਰੀ ਯਾਨੀ ਧਰਮ ਨੂੰ ਉਪਰ ਰੱਖਿਆ ਹੈ। ਉਹਨਾਂ ਕਿਹਾ ਕਿ ਮੀਰੀ ਭਾਵੇਂ ਜਿੱਡਾ ਮਰਜ਼ੀ ਰਾਜ ਭਾਗ ਦਰਬਾਰ ਜਾਂ ਸਦਨ ਹੋਵੇ, ਇਹ ਸਭ ਪੀਰੀ ਯਾਨੀ ਧਰਮ ਤੋਂ ਉਪਰ ਨਹੀਂ ਹੋ ਸਕਦਾ ਪਰ ਬੈਂਸ ਭਰਾ ਇੰਨਾ ਹੰਕਾਰ ਗਏ ਹਨ ਕਿ ਇਹਨਾਂ ਨੇ ਛੇਵੇਂ ਪਾਤਸ਼ਾਹ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਵੀ ਉਲਟਾ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਦੋਵੇਂ ਸਕੇ ਭਰਾ ਵਿਧਾਨ ਸਭਾ ਚੋਣਾਂ ਕੀ ਜਿੱਤ ਗਏ, ਹੰਕਾਰ ਵਿਚ ਅੰਨ੍ਹੇ ਹੋ ਗਏ ਹਨ। ਉਹਨਾਂ ਕਿਹਾ ਕਿ ਇਹ ਦੋਵੇਂ ਭਰਾ ਇਹ ਸਮਝਣ ਲੱਗ ਪਏ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ ਪੀਰੀ ਦੇ ਸਿਧਾਂਤ ਤੋਂ ਵੀ ਉਪਰ ਹੋ ਗਏ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ ਦੋਵੇਂ ਰਾਜਨੀਤਕ ਲੋਕਾਂ ਦੇ ਖਿਲਾਫ ਊਲ ਜਲੂਲ ਬੋਲਦੇ ਸੀ ਪਰ ਹੁਣ ਧਰਮ ਤੇ ਗੁਰੂ ਦੇ ਸਿਧਾਂਤਾਂ ਦੇ ਖਿਲਾਫ ਵੀ ਬੋਲਣ ਲੱਗ ਪਏ ਹਨ ਜੋ ਕਿ ਗੁਰੂ ਅਤੇ ਗੁਰੂ ਦੇ ਸਿਧਾਂਤ ਦੀ ਘੋਰ ਬੇਅਬਦੀ ਹੈ।
ਸ੍ਰੀ ਵਲਟੋਹਾ ਨੇ ਕਿਹਾ ਕਿ ਇਹ ਬੱਜਰ ਗੁਨਾਹ ਹੀ ਨਹੀਂ ਪਾਪ ਵੀ ਹੈ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਪਰੰਪਰਾ ਰਹੀ ਹੈ ਕਿ ਚਾਹੇ ਕੋਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਮੁੱਖ ਮੰਤਰੀ, ਐਮ ਪੀ ਜਾਂ ਐਮ ਐਲ ਏ ਬਣਦਾ ਹੈ, ਉਹ ਚੁਣੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ। ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਵੀ ਕਿਤੇ ਵੀ ਵਿਧਾਨ ਸਭਾ ਜਾਂ ਲੋਕ ਸਭਾ ਨੂੰ ਗੁਰਦੁਆਰਾ ਜਾਂ ਮੰਦਿਰ ਤੋਂ ਉਪਰ ਨਹੀਂ ਕਿਹਾ ਗਿਆ ਬਲਕਿ ਪ੍ਰਚਲਤ ਭਾਸ਼ਾ ਵਿਚ ਇਸਨੂੰ ਪਵਿੱਤਰ ਸਦਨ ਕਿਹਾ ਜਾਂਦਾ ਹੈ।
ਉਹਨਾਂ ਕਿਹਾ ਕਿ ਗੁਰੂ ਘਰਾਂ ਵਿਚ ਲੋਕ ਆਪਣੀਆਂ ਮੁਰਾਦਾਂ ਪੂਰੀਆਂ ਹੋਣ ਵਾਸਤੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ ਹਨ ਪਰ ਦੂਜੇ ਪਾਸੇ ਵਿਧਾਨ ਸਭਾ ਵਿਚ ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਹੇਠਲੇ ਪੱਧਰ ਦੀ ਦੂਸ਼ਣਬਾਜ਼ੀ ਹੁੰਦੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿਚ ਵੱਡੀਆਂ ਵੱਡੀਆਂ ਗੁੰਮਰਾਹਕੁੰਨ ਗੱਲਾਂ ਕਰ ਕੇ ਉਹਨਾਂ ਤੋਂ ਮੁਕਰ ਜਾਣ ਵਾਲਾ ਧੋਖਾ ਵੀ ਦਿੱਤਾ ਜਾਂਦਾ ਹੈ ਜਦੋਂ ਕਿ ਗੁਰਦੁਆਰਾ ਸਾਹਿਬ ਵਿਚ ਸੱਚ ਦਾ ਸੁਨੇਹਾ ਦਿੱਤਾ ਜਾਂਦਾ ਹੈ, ਸੱਚ ਦਾ ਪ੍ਰਕਾਸ਼ ਹੁੰਦਾ ਹੈ, ਜਿਥੇ ਸਮੁੱਚੀ ਮਨੁੱਖਤਾ ਨੂੰ ਸਿੱਧਾ ਰਸਤਾ ਵਿਖਾਇਆ ਜਾਂਦਾ ਹੈ, ਝੂਠ, ਕੁਫਰ ਤੇ ਧੋਖੇ ਤੋਂ ਬਚ ਕੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਸ੍ਰੀ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੈਠੇ ਵਿਅਕਤੀ ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਦਕਿ ਗੁਰਦੁਆਰਾ ਸਾਹਿਬ ਵਿਚ ਇਕ ਦੂਜੇ ਤੋਂ ਨੀਵੇਂ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਜਾਂਦੀ ਹੈ। ਵਿਧਾਨ ਸਭਾ ਮਨੁੱਖ ਵੱਲੋਂ ਬਣਾਈ ਹੋਈ ਹੈ ਤੇ ਮਨੁੱਖ ਵੱਲੋਂ ਬਣਾਏ ਵਿਧਾਨ ਅਨੁਸਾਰ ਚਲਦੀ ਹੈ । ਉਹਨਾਂ ਕਿਹਾ ਕਿ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਨਾਲ ਤੁਲਨਾ ਕਰਨਾ ਇਕ ਗੁਨਾਹ ਹੀ ਨਹੀਂ ਘੋਰ ਪਾਪ ਵੀ ਹੈ। ਇਸ ਕੀਤੇ ਹੋਏ ਗੁਨਾਹ ਅਤੇ ਬਜਰ ਪਾਪ ਨੇ ਸਿੱਖ ਸੰਗਤਾਂ ਨੂੰ ਬਹੁਤ ਪੀੜਾ ਦਿੱਤੀ ਹੈ ਤੇ ਇਹ ਗੁਨਾਹ ਬਖਸ਼ਣਯੋਗ ਨਹੀਂ ਹੈ। ਉਹਨਾਂ ਕਿਹਾ ਕਿ ਬਲਵਿੰਦਰ ਬੈਂਸ ਨੇ ਆਪਣੇ ਭਰਾ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਦੀ ਪ੍ਰੋੜਤਾ ਹੀ ਨਹੀਂ ਕੀਤੀ ਬਲਕਿ ਉਸ ਤੋਂ ਵੀ ਅੱਗੇ ਵੱਧ ਕੇ ਬਿਆਨਬਾਜ਼ੀ ਕਰਦਿਆਂ ਆਖਿਆ ਹੈ ਕਿ ਉਹ ਵਿਧਾਨ ਨੂੰ ਹਮੇਸ਼ਾ ਮੱਥਾ ਵੀ ਟੇਕਦੇ ਹਨ ਅਤੇ ਉਸਦੀ ਪੂਜਾ ਵੀ ਕਰਦੇ ਹਨ।
ਉਹਨਾਂ ਮੰਗ ਕੀਤੀ ਕਿ ਦੋਵਾਂ ਭਰਾਵਾਂ ਖਿਲਾਫ ਕਾਨੂੰਨ ਅਨੁਸਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕੇ ਧਾਰਮਿਕ ਮਰਿਯਾਦਾ ਅਨੁਸਾਰ ਵੀ ਇਨ੍ਹਾਂ ਵਿਰੁੱਧ ਬਣਦੀ ਕਰਵਾਈ ਕੀਤੀ ਜਾਵੇ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਹਰਮੀਤ ਸਿੰਘ ਸੰਧੂ, ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਵੀਰ ਸਿੰਘ ਲੋਪੋਕੇ, ਹਲਕਾ ਦਖਣੀ ਦੇ ਇੰਜਾਰਚ ਤਲਬੀਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸ੍ਰੋਮਣੀ ਕਮੇਟੀ ਮੈਬਰ ਹਰਜਾਪ ਸਿੰਘ ਸੁਲਤਾਨ ਵਿੰਡ, ਬਿਕਰਮਜੀਤ ਸਿੰਘ ਕੋਟਲਾ, ਬਾਵਾ ਸਿੰਘ ਗੁਮਾਨਪੁਰਾ, ਅਵਤਾਰ ਸਿੰਘ ਟਰਕਾਂਵਾਲਾ, ਜਸਪਾਲ ਸਿੰਘ ਛੰਟੂ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।