ਅੰਮ੍ਰਿਤਸਰ – ਪੰਜਾਬੀ ਮੰਚ ਦੇ ਆਗੂਆਂ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ‘ਇਕ ਰਾਸ਼ਟਰ-ਇਕ ਭਾਸ਼ਾ’ ਦੀ ਹਮਾਇਤ ਕਰਨ ਅਤੇ ਕੈਨੇਡਾ ਦੇ ਇਕ ਸ਼ੋਅ ਦੌਰਾਨ ਆਪਣਾ ਵਿਰੋਧ ਜਤਾ ਰਹੇ ਪੰਜਾਬੀ ਪ੍ਰੇਮੀਆਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਅਸਭਿਅ ਤੇ ਭੱਦੀ ਸ਼ਬਦਾਵਲੀ ਲਈ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਪੰਜਾਬੀ ਮੰਚ ਦੇ ਆਗੂਆਂ ਡਾ: ਜੋਗਿੰਦਰ ਸਿੰਘ ਕੈਰੋਂ, ਪ੍ਰੋ: ਊਧਮ ਸਿੰਘ ਸ਼ਾਹੀ, ਡਾ: ਜਗਦੀਪ ਸਿੰਘ, ਪ੍ਰੋ: ਸਰਚਾਂਦ ਸਿੰਘ , ਪ੍ਰੋ: ਜਸਵੰਤ ਸਿੰਘ, ਐਡਵੋਕੇਟ ਪ੍ਰਿਤਪਾਲ ਸਿੰਘ, ਰਜਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਛੀਨਾ ਅਤੇ ਸੁਖਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਾਲ ਹੀ ’ਚ ਗੁਰਦਾਸ ਮਾਨ ਵਲੋਂ ਕੀਤੀਆਂ ਗਈਆਂ ਟਿਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਗੁਰਦਾਸ ਮਾਨ ਵਲੋਂ ਕੈਨੇਡਾ ਵਿਚ ਇਕ ਸ਼ੋਅ ਦੌਰਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬੀ ਪ੍ਰੇਮੀਆਂ ਪ੍ਰਤੀ ਕੀਤੀ ਗਈ ਅਤਿ ਨੀਵੇਂ ਪੱਧਰ ਦੀ ਭੱਦੀ ਟਿਪਣੀ ਨੇ ਸਮੂਹ ਪੰਜਾਬੀਆਂ ਦਾ ਦਿੱਲ ਦੁਖਾਇਆ ਹੈ। ਉਹਨਾਂ ਕਿਹਾ ਕਿ ਗੁਰਦਾਸ ਮਾਨ ਨੂੰ ਉਸ ਪੰਜਾਬੀ ਮਾਂ–ਬੋਲੀ ਦੀ ਕਦਰ ਹੋਣੀ ਚਾਹੀਦੀ ਹੈ, ਜਿਸ ਕਰ ਕੇ ਉਸ ਦਾ ਅੱਜ ਵਜੂਦ ਕਾਇਮ ਹੈ। ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੇ ‘ਇਕ ਰਾਸ਼ਟਰ-ਇਕ ਭਾਸ਼ਾ’ ਦੀ ਹਮਾਇਤ ਕਰਨ ’ਚ ਗੁਰਦਾਸ ਮਾਨ ਦਾ ਕੋਈ ਰਾਜਸੀ ਸਰੋਕਾਰ ਹੋ ਸਕਦਾ ਹੈ, ਪਰ ਅਜਿਹਾ ਕਰਦਿਆਂ ਮਾਨ ਨੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਜਿਸ ਕਾਰਨ ਪੰਜਾਬੀਆਂ ’ਚ ਉਸ ਵਿਰੁਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਪੰਜਾਬੀ ਗਾਇਕਾਂ ਦਾ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਹੈ ਜੋ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਅਤੇ ਸ਼ੋਹਰਤ ਹਾਸਲ ਕੀਤੀ ਹੋਵੇ, ਅਤੇ ਸਮਾਂ ਆਉਣ ’ਤੇ ਆਪਣੇ ਸਵਾਰਥ ਲਈ ਮਾਂ ਬੋਲੀ ਪੰਜਾਬੀ ਨਾਲ ਧ੍ਰੋਹ ਕਮਾ ਰਿਹਾ ਹੋਵੇ। ਹਿੰਦੀ ਦੀ ਹਮਾਇਤ ਪ੍ਰਤੀ ਗੁਰਦਾਸ ਮਾਨ ਦੀ ਦਲੀਲ ਨਾਲ ਅਸਹਿਮਤੀ ਜਤਾਉਦਿਆਂ ਪੰਜਾਬੀ ਮੰਚ ਦੇ ਆਗੂਆਂ ਨੇ ਕਿਹਾ ਕਿ ਭਾਰਤ ਦੀ ਤਾਸੀਰ ‘ਵਖਰਿਵਿਆਂ ‘ਚ ਏਕਤਾ’ ਵਿੱਚ ਹੀ ਲੁਕਿਆ ਹੋਇਆ ਹੈ। ਹਰੇਕ ਦਾ ਆਪਣਾ ਵੱਖਰਾ ਸਭਿਆਚਾਰ ਤੇ ਬੋਲੀ ਹੈ। ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਹੀ ਇੱਕ ਸਭਿਆਚਾਰ ਵਿੱਚ ਪਿਰੋ ਕੇ ਰੱਖਦੀ ਆਈ ਹੈ। ਜੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਫ਼ਾਰਮੂਲਾ ਲਾਗੂ ਕਰ ਦਿੱਤਾ ਗਿਆ, ਤਾਂ ਮਾਂ–ਬੋਲੀ ਦੀ ਅਹਿਮੀਅਤ ਘਟ ਜਾਂ ਖ਼ਤਮ ਹੋ ਜਾਵੇਗੀ ਤੇ ਸਾਰੇ ਆਪੋ–ਆਪਣੇ ਸਭਿਆਚਾਰ ਤੋਂ ਦੂਰ ਹੋ ਜਾਣਗੇ। ਜਿਸ ਪ੍ਰਤੀ ਸਮੁਚੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ।