ਲੰਡਨ/ਗਲਾਸਗੋ,(ਮਨਦੀਪ ਖੁਰਮੀ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ 16 ਸਤੰਬਰ ਤੋਂ 22 ਸਤੰਬਰ ਤੱਕ ਦਾ ਹਫ਼ਤਾ ਪਿਛਲੇ 30 ਸਾਲਾਂ ਤੋਂ ਗਲਾਸਗੋ ਖੁੱਲ੍ਹੇ ਦਰਵਾਜ਼ੇ ਤਿਉਹਾਰ (ਗਲਾਸਗੋ ਡੋਰਜ ਓਪਨ ਡੇਅ ਫੈਸਟੀਵਲ) ਵਜੋਂ ਮਨਾਇਆ ਜਾ ਰਿਹਾ ਹੈ। ਇਸ ਹਫਲਤੇ ਦੀ ਖਾਸੀਅਤ ਇਹ ਹੈ ਕਿ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ, ਕਾਰੀਗਰੀ ਦਾ ਨਮੂਨਾ ਪੁਰਾਣੀਆਂ ਇਮਾਰਤਾਂ, ਪੁਰਾਣੇ ਚਰਚਾਂ, ਉਦਯੋਗਿਕ ਕਾਰਖਾਨੇ, ਥੀਏਟਰ, ਸ਼ਰਾਬ ਦੀਆਂ ਫੈਕਟਰੀਆਂ ਸਮੇਤ ਹੋਰ ਬਹੁਤ ਸਾਰੀਆਂ ਦਿਲ-ਖਿੱਚਵੇਂ ਅਸਥਾਨਾਂ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲ੍ਹੇ ਰੱਖੇ ਜਾਂਦੇ ਹਨ ਤਾਂ ਜੋ ਉਹ ਸਕਾਟਲੈਂਡ ਦੇ ਅਮੀਰ ਵਿਰਸੇ ਤੇ ਵਿਰਾਸਤਾਂ ਨੂੰ ਬਾਰੀਕਬੀਨੀ ਨਾਲ ਜਾਣ ਸਕਣ। ਹਰ ਸਾਲ ਸਤੰਬਰ ਮਹੀਨੇ 200 ਤੋਂ ਵਧੇਰੇ ਇਮਾਰਤਾਂ, ਘੁੰਮਣ ਵਾਲੇ ਰਸਤੇ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਸਮਾਗਮ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਉਕਤ ਤਿਉਹਾਰ ਦਾ ਹਿੱਸਾ ਗਲਾਸਗੋ ਦੇ ਦੋ ਗੁਰਦੁਆਰਾ ਸਾਹਿਬਾਨਾਂ ਦੀਆਂ ਇਮਾਰਤਾਂ ਵੀ ਬਣੀਆਂ ਹੋਈਆਂ ਹਨ। ਜਿਸ ਕਰਕੇ ਹਜਾਰਾਂ ਦੀ ਤਾਦਾਦ ਵਿੱਚ ਵੱਖ ਵੱਖ ਨਸਲਾਂ, ਧਰਮਾਂ ਤੇ ਖਿੱਤਿਆਂ ਦੇ ਲੋਕਾਂ ਦਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਐਲਬਰਟ ਡਰਾਈਵ ਅਤੇ ਸਿੰਘ ਸਭਾ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਹਨ। ਜਿੱਥੇ ਦੋਵੇਂ ਗੁਰੂਘਰਾਂ ਦੇ ਮੁੱਖ ਸੇਵਾਦਾਰਾਂ ਲਭਾਇਆ ਸਿੰਘ ਅਤੇ ਸੁਰਜੀਤ ਸਿੰਘ ਚੌਧਰੀ ਦੀ ਅਗਵਾਈ ਹੇਠ ਵਲੰਟੀਅਰ ਵੱਖ ਵੱਖ ਭਾਸ਼ਾਵਾਂ ਬੋਲਦੇ ਸਮਝਦੇ ਲੋਕਾਂ ਨਾਲ ਉਹਨਾਂ ਦੀ ਜ਼ੁਬਾਨ ਵਿੱਚ ਸਿੱਖ ਜਗਤ ਨਾਲ ਸੰਬੰਧਤ ਜਾਣਕਾਰੀ ਦੇ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਜਿਕਰਯੋਗ ਹੈ ਕਿ ਦੋਵੇਂ ਗੁਰਦੁਆਰਾ ਸਾਹਿਬਾਨਾਂ ਵਿੱਚ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਵਿਸ਼ੇਸ਼ ਪ੍ਰਦਰਸ਼ਨੀਆਂ ਵੀ ਲਗਾਈਆਂ ਹੋਈਆਂ ਸਨ। ਜਿਕਰਯੋਗ ਹੈ ਕਿ ਉਕਤ ਤਿਉਹਾਰ ਸਮੁੱਚੇ ਸਕਾਟਲੈਂਡ ਵਿੱਚ ਸਕਾਟਿਸ਼ ਸਿਵਿਕ ਟਰਸਟ ਵਲੋਂ ਆਯੋਜਿਤ ਕੀਤਾ ਜਾਂਦਾ ਹੈ ਜਦੋਂਕਿ ਇਸੇ ਦੇ ਹਿੱਸੇ ਵਜੋਂ ਹੀ ਗਲਾਸਗੋ ਵਿਖੇ ਇਹ ਤਿਉਹਾਰ ਗਲਾਸਗੋ ਇਮਾਰਤ ਸੰਭਾਲ ਟਰਸਟ ਦੀ ਦੇਖਰੇਖ ਹੇਠ ਨੇਪਰੇ ਚੜ੍ਹਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਭਾਇਆ ਸਿੰਘ ਤੇ ਸੁਰਜੀਤ ਸਿੰਘ ਚੌਧਰੀ ਨੇ ਕਿਹਾ ਕਿ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਸਕਾਟਲੈਂਡ ਦੇ 30 ਸਾਲਾਂ ਤੋਂ ਲਗਾਤਾਰ ਮਨਾਏ ਜਾਂਦੇ ਆ ਰਹੇ ਤਿਉਹਾਰ ਦਾ ਅਸੀਂ ਵੀ ਅਟੁੱਟ ਹਿੱਸਾ ਬਣ ਕੇ ਅੱਗੇ ਵਧ ਰਹੇ ਹਾਂ। ਜਿੱਥੇ ਇਹ ਤਿਉਹਾਰ ਜਿਗਿਆਸੂ ਲੋਕਾਂ ਦੇ ਗਿਆਨ ‘ਚ ਵਾਧਾ ਕਰਦਾ ਹੈ, ਉੱਥੇ ਆਪੋ ਆਪਣੇ ਵਿਰਸੇ, ਅਕੀਦੇ, ਪ੍ਰੰਪਰਾਵਾਂ ਬਾਰੇ ਦੱਸਣ, ਜਾਨਣ ਲਈ ਮੇਲ ਮਿਲਾਪ ਕਰਨ ਦਾ ਵੀ ਅਹਿਮ ਸਾਧਨ ਹੈ।
ਗਲਾਸਗੋ ਦੇ ਖੁੱਲ੍ਹੇ ਦਰਵਾਜ਼ੇ ਤਿਉਹਾਰ ਦੌਰਾਨ ਗੁਰਦੁਆਰਿਆਂ ‘ਚ ਲੱਗੀਆਂ ਰਹੀਆਂ ਰੌਣਕਾਂ
This entry was posted in ਅੰਤਰਰਾਸ਼ਟਰੀ.