ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਮੀਡੀਏ ਅਤੇ ਸੰਚਾਰ ਸਾਧਨਾਂ ਉਤੇ ਆਪਣੀ ਅਜਾਰੇਦਾਰੀ ਕਾਇਮ ਕਰਕੇ ਅਤੇ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਬੇਸ਼ੱਕ ਮੀਡੀਏ ਵਿਚ ਆਪਣੇ-ਆਪ ਨੂੰ ਨਾਇਕ ਸਾਬਤ ਕਰਨ ਦੀ ਅਸਫ਼ਲ ਕੋਸ਼ਿਸ਼ ਕਿਉਂ ਨਾ ਕਰਨ, ਪਰ ਕਸ਼ਮੀਰ ਵਿਚ ਕਸ਼ਮੀਰੀਆਂ ਉਤੇ ਨਾਜੀ ਹਿਟਲਰ ਦੀ ਤਰ੍ਹਾਂ ਜ਼ਬਰ-ਜੁਲਮ ਕਰਨ, ਮਾਓਵਾਦੀ, ਨਕਸਲਾਈਟ, ਝਾਂਰਖੰਡ ਦੇ ਜੰਗਲਾਂ ਵਿਚ ਵੱਸੋਂ ਕਰਨ ਵਾਲੇ ਮਜ਼ਲੂਮ, ਗਰੀਬ ਨਿਵਾਸੀਆ, ਪੰਜਾਬੀਆਂ ਤੇ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲੇ ਮੋਦੀ ਆਪਣੇ ਉਤੇ ਲੱਗੇ ਮਨੁੱਖਤਾ ਵਿਰੋਧੀ ਦਾਗ ਨੂੰ ਲੰਮੀਆ ਚੌੜੀਆਂ ਤਕਰੀਰਾਂ ਕਰਕੇ ਜਾਂ ਬਾਹਰਲੇ ਮੁਲਕਾਂ ਦੇ ਮੁੱਖੀਆ ਨੂੰ ਇੰਡੀਆ ਦੀ ਅਸਲ ਤਸਵੀਰ ਦੀ ਬਜਾਇ ਗਲਤ ਤਸਵੀਰ ਪੇਸ਼ ਕਰਕੇ ਨਾ ਤਾਂ ਹਿੰਦ ਦੇ ਨਾਇਕ ਸਾਬਤ ਕਰ ਸਕਦੇ ਹਨ ਅਤੇ ਨਾ ਹੀ ਆਪਣੇ-ਆਪ ਨੂੰ ਮਨੁੱਖਤਾ ਪੱਖੀ । ਜੋ ਸਿੱਖ ਕੌਮ ਤੇ ਕਸ਼ਮੀਰੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਹਿਊਸਟਨ ਸਟੇਡੀਅਮ ਦੇ ਬਾਹਰ ਜ਼ਾਬਰ-ਜ਼ਾਲਮ ਮਨੁੱਖਤਾ ਦੇ ਕਾਤਲ ਮੋਦੀ ਦੀ ਅਸਲ ਤਸਵੀਰ ਪੇਸ਼ ਕਰਨ ਦਾ ਉਦਮ ਕੀਤਾ ਹੈ, ਉਸ ਨਾਲ ਇੰਡੀਆ ਅਤੇ ਮੋਦੀ ਵੱਲੋਂ ਇੰਡੀਆਂ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾ ਰਹੇ ਜ਼ਬਰ-ਜੁਲਮ ਦੀ ਕੌਮਾਂਤਰੀ ਪੱਧਰ ਤੇ ਸਪੱਸਟ ਤਸਵੀਰ ਸਾਹਮਣੇ ਆ ਚੁੱਕੀ ਹੈ । ਸਿੱਖ ਕੌਮ ਅਤੇ ਕਸ਼ਮੀਰੀਆਂ ਨੇ ਕੌਮਾਂਤਰੀ ਸਟੇਜ ਤੋਂ ਇਹ ਵਿਰੋਧ ਕਰਕੇ ਮੋਦੀ ਦੇ ਚਿਹਰੇ ਉਤੇ ਚੜ੍ਹਾਏ ਖੂੰਖਾਰ ਨਕਾਬ ਨੂੰ ਉਤਾਰਕੇ ਰੱਖ ਦਿੱਤਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਦੇ ਹਿਊਸਟਨ ਵਿਖੇ ਪਹੁੰਚਣ ਉਤੇ ਅਣਖ਼-ਗੈਰਤ ਵਾਲੇ ਕਸ਼ਮੀਰੀਆਂ ਅਤੇ ਸਿੱਖਾਂ ਨੇ ਜੋ ਜੋਰਦਾਰ ਬਾਦਲੀਲ ਢੰਗ ਨਾਲ ਵਿਰੋਧ ਕਰਕੇ ਸ੍ਰੀ ਮੋਦੀ ਦੇ ਮਨੁੱਖਤਾ ਵਿਰੋਧੀ ਕਰੂਪ ਚਿਹਰੇ ਨੂੰ ਨੰਗਾ ਕਰਨ ਦੀ ਜ਼ਿੰਮੇਵਾਰੀ ਨਿਭਾਈ ਹੈ, ਉਸਦੀ ਭਰਪੂਰ ਪ੍ਰਸ਼ੰਸ਼ਾਂ ਕਰਦਿਆ ਅਤੇ ਸਿੱਖ ਕੌਮ ਦੇ ਹਰ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ ਅਤੇ ਵਿਲੱਖਣਤਾ ਨੂੰ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਅਣਖ਼ੀ ਸਿੱਖਾਂ ਤੇ ਕਸ਼ਮੀਰੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਉਥੇ ਕੁਝ ਝੋਲੀ ਚੁੱਕ ਅਤੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਾਲੇ ਕੁਝ ਕੁ ਸਿੱਖਾਂ ਵੱਲੋਂ ਇੰਡੀਅਨ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਕੇ ਕੇਵਲ ਸਿੱਖ ਕੌਮ ਦੀ ਬਹੁਤ ਪਹਿਲੇ ਬਣਾਈ ਗਈ ਕਾਲੀ ਸੂਚੀ ਨੂੰ ਖ਼ਤਮ ਕਰਨ ਦਾ ਧੰਨਵਾਦ ਕਰਨ ਅਤੇ ਮੋਦੀ ਨਾਲ ਆਪਣੇ ਸਿਆਸੀ ਸੰਬੰਧ ਕਾਇਮ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਇਹ ਪੁਰਾਤਨ ਸਮੇਂ ਤੋਂ ਅਜਿਹਾ ਕੁਝ ਅਫ਼ਗਾਨ ਹਕੂਮਤ, ਇਸਲਾਮ ਹਕੂਮਤ, ਅੰਗਰੇਜ਼ ਹਕੂਮਤ ਸਮੇਂ ਵੀ ਅਜਿਹੇ ਸਿੱਖਾਂ ਦੀ ਨਾਂਹਵਾਚਕ ਭੂਮਿਕਾ ਰਹੀ ਹੈ । ਪਰ ਅਜਿਹੇ ਜ਼ਾਬਰ ਹਕੂਮਤਾਂ ਨਾਲ ਸੰਬੰਧ ਰੱਖਣ ਵਾਲੇ ਅਤੇ ਆਪਣੇ ਨਿੱਜੀ ਫਾਇਦੇ ਲੈਣ ਵਾਲੇ ਸਿੱਖਾਂ ਦੀ ਨਾ ਤਾਂ ਇਤਿਹਾਸ ਦੇ ਪੰਨਿਆ ਵਿਚ ਕਦੇ ਨਾਮ ਆਇਆ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹੇ ਸਿੱਖ, ਸਿੱਖ ਕੌਮ ਵਿਚ ਕਿਸੇ ਤਰ੍ਹਾਂ ਦਾ ਸਤਿਕਾਰ ਪ੍ਰਾਪਤ ਕਰ ਸਕਣਗੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਤਾਂ ਬਾਬਾ ਦੀਪ ਸਿੰਘ ਦੀ ਤਰ੍ਹਾਂ ਲਾਇਨ ਵਾਹਕੇ ਸੱਚ ਉਤੇ ਪਹਿਰਾ ਦੇਣ ਵਾਲਿਆ ਦੇ ਨਾਮ ਨੂੰ ਸੁਨਹਿਰੀ ਅੱਖਰਾਂ ਵਿਚ ਅੰਕਿਤ ਕਰਦਾ ਹੈ ਅਤੇ ਗ਼ਦਾਰਾਂ ਤੇ ਪੰਥ ਦੋਖੀਆਂ ਦਾ ਕਾਲੇ ਅੱਖਰਾਂ ਵਿਚ ਦਰਜ ਹੁੰਦਾ ਹੈ । ਸਿੱਖ ਕੌਮ ਅਜਿਹੇ ਹਕੂਮਤਾਂ ਦੇ ਝੋਲੀ ਚੁੱਕਾ ਤੋਂ ਖ਼ਬਰਦਾਰ ਰਹੇ ਤਾਂ ਕਿ ਇਹ ਸਿੱਖ ਕੌਮ ਦਾ ਇਖ਼ਲਾਕੀ, ਜਾਨੀ-ਮਾਲੀ ਅਤੇ ਸਮਾਜਿਕ ਨੁਕਸਾਨ ਕਰਨ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਇਹ ਵੀ ਕਿਹਾ ਕਿ ਉਹ ਕਸ਼ਮੀਰੀਆਂ, ਪੰਜਾਬੀਆਂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ ਉਤੇ ਆਰ.ਐਸ.ਐਸ, ਬੀਜੇਪੀ, ਕਾਂਗਰਸ, ਬਾਦਲ ਦਲੀਆ ਦੇ ਕੀਤੇ ਜਾਣ ਵਾਲੇ ਜ਼ਬਰ-ਜੁਲਮਾਂ ਅਤੇ ਵਧੀਕੀਆ ਨੂੰ ਬਿਲਕੁਲ ਸਹਿਣ ਨਹੀਂ ਕਰਨਗੇ ਅਤੇ ਇਸ ਵਿਰੁੱਧ ਕੌਮਾਂਤਰੀ ਪੱਧਰ ਤੇ ਸੰਪੂਰਨ ਆਜ਼ਾਦੀ ਪ੍ਰਾਪਤ ਕਰਨ ਤੱਕ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੰਗ ਜਾਰੀ ਰਹੇਗੀ ।