ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਸਤੰਬਰ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਮੀਟਿੰਗ ਵਿੱਚ, ਐਕਸ਼ਨ ਡਿਗਨਿਟੀ ਵਲੋਂ, ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਤੇ ਇੱਕ ਵਰਕਸ਼ੌਪ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਤੋਂ ਸੰਦੀਪ ਮੱਲ੍ਹੀ ਤੇ ਸੀਵਾ ਤੋਂ ਸਮੀਨਾ ਜੀ ਵਿਸੇਸ਼ ਤੌਰ ਤੇ ਹਾਜ਼ਰ ਹੋਏ।
ਸਭ ਤੋਂ ਪਹਿਲਾਂ, ਸੱਠ ਕੁ ਮੈਂਬਰਾਂ ਨੂੰ, ਗਰੁੱਪ ਡਿਸਕਸ਼ਨ ਕਰਵਾਉਣ ਲਈ, ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ। ਪ੍ਰਧਾਨ ਡਾ. ਬਲਵਿੰਦਰ ਬਰਾੜ, ਕੋ-ਆਰਡੀਨੇਟਰ ਗੁਰਚਰਨ ਥਿੰਦ ਅਤੇ ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਤਿੰਨਾਂ ਗਰੁੱਪਾਂ ਦੀ ਲੀਡਰਸ਼ਿਪ ਦੀ ਡਿਊਟੀ ਸੰਭਾਲਦੇ ਹੋਏ, ਇਸ ਵਿਸ਼ੇ ਨਾਲ ਸਬੰਧਤ ਸੁਆਲ ਪੁੱਛੇ। ਹਰ ਗਰੁੱਪ ਦੇ ਮੈਂਬਰਾਂ ਨੇ ਇਸ ਚਰਚਾ ਵਿੱਚ ਹਿੱਸਾ ਲਿਆ ਤੇ ਆਪੋ ਆਪਣੀ ਸਮਝ ਤੇ ਤਜਰਬੇ ਮੁਤਾਬਕ ਕਮਾਲ ਦੇ ਜੁਆਬ ਦਿੱਤੇ ਜਿਹਨਾਂ ਨੂੰ ਨੋਟ ਟੇਕਰ- ਸੰਦੀਪ ਮੱਲ੍ਹੀ, ਡਾ. ਪਰੌਮਿਲਾ ਸ਼ਰਮਾ ਤੇ ਸਤਵਿੰਦਰ ਕੌਰ ਨੇ ਕਲਮ ਬੱਧ ਕੀਤਾ। ਗੁਰਚਰਨ ਥਿੰਦ ਨੇ ਇਹਨਾਂ ਨੋਟਸ ਦਾ ਨਿਚੋੜ, ਸਾਰੇ ਮੈਂਬਰਾਂ ਨੂੰ ਇਕੱਠੇ ਕਰਕੇ ਪ੍ਰਸਤੁਤ ਕੀਤਾ ਤੇ ਇਸ ਵਿਸ਼ੇ ਤੇ ਬੋਲਣ ਵਾਲੇ ਮਾਹਿਰਾਂ ਦੀ ਜਾਣ ਪਛਾਣ ਕਰਵਾਈ।
ਕੈਲਗਰੀ ਇੰਮੀਗਰੈਂਟ ਵੂਮੈਨ ਐਸੋਸੀਏਸ਼ਨ ਤੋਂ ਉਚੇਚੇ ਤੌਰ ਤੇ ਆਈ ਸਮੀਨਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ- ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨਾ ਬਹੁਤ ਮੰਦਭਾਗੀ ਗੱਲ ਹੈ ਜਿਸ ਨੂੰ ਰੋਕਣ ਲਈ ਸਰਕਾਰ ਤੇ ਕੁੱਝ ਸੰਸਥਾਵਾਂ ਮਿਲ ਕੇ ਕੰਮ ਕਰ ਰਹੀਆਂ ਹਨ। ਦੁਰਵਿਵਹਾਰ ਤੋਂ ਕੀ ਭਾਵ ਹੈ? ਇਹ ਕਿੰਨੀ ਕਿਸਮ ਦਾ ਹੋ ਸਕਦਾ ਹੈ? ਜੇ ਸਾਡੇ ਆਪਣੇ ਜਾ ਕਿਸੇ ਜਾਣਕਾਰ ਨਾਲ ਦੁਰਵਿਵਹਾਰ ਹੋਵੇ ਤਾਂ ਅਸੀਂ ਕੀ ਕਰ ਸਕਦੇ ਹਾਂ? ਕਿਹੜੇ ਰਿਸੋਰਸਜ਼ ਹਨ ਇਸ ਦੀ ਰਿਪੋਰਟ ਕਰਨ ਜਾਂ ਹੈਲਪ ਲੈਣ ਲਈ? ਇਹਨਾਂ ਸਾਰੇ ਸੁਆਲਾਂ ਦਾ ਜੁਆਬ ਦੇਣ ਦੇ ਨਾਲ ਨਾਲ ਉਸ ਨੇ ਔਰਤਾਂ ਨੂੰ ਆਪਣੀ ਤਾਕਤ ਪਛਾਨਣ ਤੇ ਖੁਦ ਇਸ ਦੇ ਵਿਰੁੱਧ ਡੱਟ ਜਾਣ ਦੀ ਸਲਾਹ ਵੀ ਦਿੱਤੀ। ਉਸ ਦੇ ਵਿਚਾਰਾਂ ਦਾ ਸਮੂਹ ਮੈਂਬਰਾਂ ਨੇ ਭਰਪੂਰ ਤਾੜੀਆਂ ਨਾਲ ਹੁੰਗਾਰਾ ਭਰਿਆ। ਸੰਦੀਪ ਮੱਲ੍ਹੀ ਨੇ ਵੀ ਦੱਸਿਆ ਕਿ-‘ਤੁਸੀਂ ਸਾਡੇ ਨਾਲ ਆਪਣੀ ਭਾਸ਼ਾ ਵਿੱਚ, ਬੇਝਿਜਕ ਹੋ ਕੇ ਗੱਲ ਕਰ ਸਕਦੇ ਹੋ ਅਤੇ ਸਾਰੀ ਰਿਪੋਰਟ ਗੁਪਤ ਰੱਖੀ ਜਾਂਦੀ ਹੈ’। ਸਾਰੀ ਵਿਚਾਰ ਚਰਚਾ ਤੋਂ ਬਾਅਦ, ਮੈਂਬਰਾਂ ਤੋਂ ਫੀਡ ਬੈਕ ਲੈਣ ਲਈ ਕੁੱਝ ਸੁਆਲ ਪੁੱਛੇ ਗਏ, ਜਿਸ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਕੁੱਝ ਇਨਾਮ ਵੀ ਦਿੱਤੇ ਗਏ। ਐਕਸ਼ਨ ਡਿਗਨਿਟੀ ਵਲੋਂ ਲਿਖਤੀ ਫੀਡ ਬੈਕ ਲੈਣ ਲਈ ਮੈਂਬਰਾਂ ਤੋਂ ਫਾਰਮ ਭਰਵਾਏ ਗਏ।
ਦੋਹਾਂ ਬੁਲਾਰਿਆਂ ਦਾ ਧੰਨਵਾਦ ਕਰਦਿਆਂ, ਡਾ. ਬਲਵਿੰਦਰ ਬਰਾੜ ਨੇ ਸਭ ਨੂੰ ਸਲਾਹ ਦਿੱਤੀ ਕਿ-‘ਘਰਾਂ ਵਿੱਚ ਬੈਠ ਕੇ ਇਕੱਲਤਾ ਭੋਗਣ ਨਾਲੋਂ, ਘਰਾਂ ਤੋਂ ਬਾਹਰ ਨਿਕਲੋ ਤੇ ਇਹਨਾਂ ਸਭਾਵਾਂ ਦਾ ਹਿੱਸਾ ਬਣ ਕੇ, ਆਪਣੇ ਅੰਦਰ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢੋ ਤੇ ਕੋਈ ਨਾ ਕੋਈ ਸ਼ੌਕ ਜਰੂਰ ਪਾਲੋ’। ਡਾ.ਪਰੌਮਿਲਾ ਸ਼ਰਮਾ ਨੇ ਵੀ ਇੱਕ ਸ਼ੇਅਰ ਰਾਹੀਂ ਔਰਤ ਦੀ ਪ੍ਰਸ਼ੰਸਾ ਕੀਤੀ। ਗੁਰਦੀਸ਼ ਕੌਰ ਨੇ ਵੀ ਕਿਹਾ ਕਿ- ‘ਕੋਮਲ ਹੈ ਕਮਜ਼ੋਰ ਨਹੀਂ ਤੂੰ ਸ਼ਕਤੀ ਕਾ ਨਾਮ ਹੀ ਨਾਰੀ ਹੈ- ਜੱਗ ਕੋ ਜੀਵਨ ਦੇਨੇ ਵਾਲੀ ਮੌਤ ਭੀ ਤੁਝ ਸੇ ਹਾਰੀ ਹੈ!’
ਸਮਾਗਮ ਦੇ ਆਖਰੀ ਭਾਗ ਵਿੱਚ, ਗੁਰਚਰਨ ਥਿੰਦ ਨੇ 3 ਨਵੰਬਰ ਨੂੰ ਵਾਈਟਹੌਰਨ ਹਾਲ ਵਿੱਚ ਹੋਣ ਜਾ ਰਹੇ ਸਭਾ ਦੇ ਸਲਾਨਾ ਸਮਾਗਮ ਦੀ ਸੂਚਨਾ ਦਿੰਦੇ ਹੋਏ ਬੇਨਤੀ ਕੀਤੀ ਕਿ- ਆਪਾਂ ਸਭ ਨੇ ਉਸ ਸਮਾਗਮ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨੀ ਹੈ। ਕਿਉਂਕਿ ਇਸ ਵਿੱਚ, ਕਲਚਰਲ ਪ੍ਰੋਗਰਾਮ ਦੇ ਨਾਲ ਨਾਲ ਕੁੱਝ ਸਮਾਜਿਕ ਮੁੱਦਿਆਂ ਤੇ ਵੀ ਅਹਿਮ ਚਰਚਾ ਹੋਏਗੀ। ਗੁਰਦੀਸ਼ ਗਰੇਵਾਲ ਨੇ ਨਵੇਂ ਆਏ ਮੈਂਬਰਾਂ- ਹਰਵਿੰਦਰ ਕੌਰ, ਨਰਿੰਦਰ ਕੌਰ ਪੰਨੂੰ, ਡੌਲੀ ਸਪਾਲ, ਨਰਿੰਦਰ ਕੌਰ ਬਾਜਵਾ, ਹਰਭਜਨ ਜੌਹਲ, ਸੁਰਿੰਦਰ ਕੌਰ ਗਿੱਲ, ਜਗਦੇਵ ਪੰਧੇਰ ਅਤੇ ਕੁਲਮਿੰਦਰ ਕੌਰ ਦਾ ਸੁਆਗਤ ਕਰਦੇ ਹੋਏ, ਉਹਨਾਂ ਨੂੰ ਸੰਖੇਪ ਜਾਣ ਪਛਾਣ ਕਰਵਾਈ। ਇਸ ਤੋਂ ਇਲਾਵਾ, ਸਤੰਬਰ ਮਹੀਨੇ ਵਿੱਚ ਆਏ- ਪਹਿਲੇ ਪ੍ਰਕਾਸ਼ ਦਿਹਾੜੇ ਦੀ ਤੇ ਗਰੈਂਡ ਪੇਰੈਂਟਸ ਡੇ ਦੀ ਵਧਾਈ ਦਿੱਤੀ। ਵੱਖ ਵੱਖ ਸਭਾਵਾਂ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਦੇ ਨਾਲ- ਸਭਾ ਦੇ ਮੈਂਬਰਾਂ ਵਲੋਂ ਪੇਸ਼ ਕੀਤੇ ਸਕਿੱਟ, ਡਾਂਸ ਤੇ ਕਵਿਤਾਵਾਂ ਲਈ, ਉਹਨਾਂ ਦੀ ਜ਼ੋਰਦਾਰ ਤਾੜੀਆਂ ਨਾਲ ਹੌਸਲਾ ਹਫਜ਼ਾਈ ਕੀਤੀ ਗਈ। ਪ੍ਰੌਗਰੈਸਿਵ ਕਲਚਰ ਐਸੋਸੀਏਸ਼ਨ ਤੋਂ ਆਈ ਕਮਲ ਪੰਧੇਰ ਨੇ ਕੈਲਗਰੀ ਵਿਖੇ 29 ਸਤੰਬਰ ਨੂੰ ਅਨੀਤਾ ਸ਼ਬਦੀਸ਼ ਦੇ ਹੋਣ ਵਾਲੇ ਨਾਟਕ ਦੀ ਸੂਚਨਾ ਦਿੱਤੀ।
ਮੀਟਿੰਗ ਦੌਰਾਨ, ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਤੋਂ ਇਲਾਵਾ, ਆਸ਼ਾ ਪਾਲ ਵਲੋਂ ਆਪਣੇ ਬੇਟੇ ਦੀ ਸ਼ਾਦੀ ਦੀ ਖੁਸ਼ੀ ਵਿੱਚ ਲਿਆਂਦੇ ਲੱਡੂਆਂ ਦਾ ਵੀ ਸਮੂਹ ਮੈਂਬਰਾਂ ਨੇ ਚਾਹ ਨਾਲ ਆਨੰਦ ਮਾਣਿਆਂ। ਸਭਨਾਂ ਦੇ ਚਿਹਰਿਆਂ ਤੇ ਆਈ ਰੌਣਕ ਤੋਂ ਇਸ ਈਵੈਂਟ ਦੀ ਸਾਰਥਕਤਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਸੀ। ਅਗਲੇ ਮਹੀਨੇ ਦੇ ਤੀਜੇ ਸ਼ਨਿਚਰਵਾਰ ਨੂੰ ਮੁੜ ਮਿਲਣ ਦਾ ਵਾਅਦਾ ਕਰਦਿਆਂ, ਖੁਸ਼ਗਵਾਰ ਮਹੌਲ ਵਿੱਚ ਇਸ ਇਕੱਤਰਤਾ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ: ਡਾ. ਬਲਵਿੰਦਰ ਕੌਰ ਬਰਾੜ 403 590 9629 ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।