ਹਾਲ ਹੀ ‘ਚ ‘ਇਕ ਦੇਸ਼ ਇਕ ਭਾਸ਼ਾ’ ਦੀ ਵਕਾਲਤ ਕਰਨ ਅਤੇ ਕੈਨੇਡਾ ਦੇ ਇਕ ਸ਼ੋਅ ਦੌਰਾਨ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀਆਂ ਪ੍ਰਤੀ ਸਾਊਪੁਣੇ ਦੀਆਂ ਸਾਰੀਆਂ ਹੱਦਾਂ ਟੱਪ ਦਿਆਂ ਗੈਰ ਇਖਲਾਕੀ ਅਤੇ ਭੱਦੀ ਸ਼ਬਦਾਵਲੀ ਵਰਤਣ ਕਾਰਨ ਸਮੂਹ ਪੰਜਾਬੀਆਂ ਦੇ ਨਿਸ਼ਾਨੇ ‘ਤੇ ਆਏ ਪੰਜਾਬੀ ਗਾਇਕ ਗੁਰਦਸ ਮਾਨ ਮਾਂ ਬੋਲੀ ਦਾ ਹੀ ਨਿਰਾਦਰ ਨਹੀਂ ਕਰ ਰਿਹਾ ਸਗੋਂ ਪੰਜਾਬੀਆਂ ਨੁੰ ਨਸ਼ੇ ਕਰਨ, ਆਸ਼ਕੀ ਕਰਨ ਅਤੇ ਸਿੱਖਾਂ ਨੂੰ ਬਜਰ ਕੁਰਹਿਤ ਪ੍ਰਤੀ ਵੀ ਉਕਸਾ ਰਿਹਾ ਹੈ।
ਮਾਂ ਬੋਲੀ ਪੰਜਾਬੀ ਦਾ ਨਿਰਾਦਰ ਕਰਨ ਕਰ ਕੇ ਵਿਸ਼ਵ ਭਰ ‘ਚ ਚੁਫੇਰਿਓ ਸਮੂਹ ਪੰਜਾਬੀਆਂ ਤੋਂ ਤ੍ਰਿਸਕਾਰੇ ਤੇ ਸਖਤ ਆਲੋਚਨਾ ਦਾ ਸਾਹਮਣਾ ਗੁਰਦਾਸ ਮਾਨ ਕਿਉ ਨਾ ਕਰਨ? ਪੰਜਾਬੀ ਵੀ ਕੀ ਕਰਨ, ਮਾਨ ਨੂੰ ਅੱਜ ਉਸ ਮਾਂ ਬੋਲੀ ਨਾਲ ਖੜਨਾ ਵਾਜਬ ਨਹੀਂ ਲਗਿਆ ਜਿਸ ਨੇ ਇਸ ਨੂੰ ਇਕ ਪਛਾਣ ਦਿਤੀ, ਸਮਾਜ ਬਲਕੇ ਵਿਸ਼ਵ ਪੱਧਰ ‘ਤੇ ਮਕਬੂਲ ਕਰਾਇਆ ਅਤੇ ਮੁਕਾਮ ‘ਤੇ ਪਹੁੰਚਾਉਦਿਆਂ ਵੱਡਾ ਮਾਣ ਦਿਤਾ ਤੇ ਦਿਵਾਇਆ। ਗੁਰਮੁਖੀ ਲਿੱਪੀ ਅਤੇ ਪੰਜਾਬੀ ਜੁਬਾਨ ਦੀ ਜਾਣ ਬੁਝ ਕੇ ਕੀਤੀ ਗਈ ਨਿਰਾਦਰੀ ਲਈ ਪੰਜਾਬੀ ਹਿਤੈਸ਼ੀਆਂ ‘ਚ ਮਾਨ ਪ੍ਰਤੀ ਰੋਸ ਉਠਣਾ ਕੁਦਰਤੀ ਸੀ। ਇਕ ਭਾਸ਼ਾ ਇਕ ਦੇਸ਼ ਦਾ ਨਾਅਰਾ ਲਾਉਣ ਵਾਲੇ ਕੇਂਦਰੀ ਮੰਤਰੀ ਅਮਿਤ ਸ਼ਾਹ ਆਪ ਦੀ ਗਲਤੀ ਨੂੰ ਸੁਧਾਰਦਿਆਂ ਆਪ ਦੀ ਗਲ ਵਾਪਸ ਲੈਗਿਆ। ਪਰ ਕਿਸੇ ਗੁਪਤ ਸਿਆਸੀ ਏਜੰਡੇ ਵਸ ਸ਼ਾਇਦ ਮਾਨ ਸਾਹਿਬ ਨੇ ਸ਼ਾਹ ਜੀ ਦੇ ਏਜੰਡੇ ਨੂੰ ਆਪਣੇ ਲਈ ਡੰਗੋਰੀ ਸਮਝ ਲਿਆ। ਕੀ ਇਕ ਦੇਸ਼ ਇਕ ਭਾਸ਼ਾ ਤੋਂ ਬਾਅਦ ਇਕ ਪਹਿਰਾਵਾ, ਇਕ ਧਰਮ, ਇਕ ਰਹੁ ਰੀਤ ਇਕ ਸਭਿਆਚਾਰ ਦੀ ਵਾਰੀ ਨਹੀਂ ਆਵੇਗੀ? ਕੈਨੇਡਾ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਪੰਜਾਬੀ ਹਿਤੈਸ਼ੀਆਂ ਦਾ ਰੋਸ ਦੂਰ ਕਰਨ ਜਾਂ ਉਨਾਂ ਨੂੰ ਸ਼ਾਂਤ ਕਰਨ ਦੀ ਥਾਂ ਬੁਖਲਾਹਟ ‘ਚ ਆ ਕੇ ਪੰਜਾਬੀ ਜੁਬਾਨ ਦਾ ਦਮ ਭਰ ਰਹੇ ਗੁਰਸਿੱਖਾਂ ਪ੍ਰਤੀ ਸਟੇਜ਼ ਤੋਂ ਹੀ ਨਾ ਹਜ਼ਮ ਹੋਣ ਵਾਲੀ ਅਪਮਾਨਜਨਕ ਅਤੇ ਅਸਭਿਅਕ ਭਾਸ਼ਾ ਬੋਲ ਕੇ ਸਮੂਹ ਪੰਜਾਬੀਆਂ ਦਾ ਅਪਮਾਨ ਕੀਤੇ ਜਾਣ ਦੀ ਮਾਨ ਤੋਂ ਆਸ ਨਹੀਂ ਸੀ। ਅਜਿਹਾ ਕਰਦੇ ਸਮੇਂ ਉਥੇ ਬੀਬੀਆਂ- ਭੈਣਾਂ ਵੀ ਮੌਜੂਦ ਸਨ। ਪਤਾ ਨਹੀਂ ਇਕ ਸਿਆਣੇ ਮਨੁਖ ( ਅਖੌਤੀ ਬਾਬਾ ਬੋਹੜ) ਵਲੋਂ ਆਪਣੀ ਜੁਬਾਨ ‘ਤੇ ਕਾਬੂ ਨਾ ਰਖਦਿਆਂ ਇਤਰਾਜ਼ਯੋਗ ਤੇ ਅਪਮਾਨਜਨਕ ਸ਼ਬਦਾਵਲੀ ਰਾਹੀਂ ਉਹ ਕਿਸ ਤਰਾਂ ਪੰਜਾਬੀ ਸਭਿਆਚਾਰ ਦੀ ਸੇਵਾ ਕਰ ਰਿਹਾ ਹੈ?, ਸਮਝ ਤੋਂ ਬਾਹਰ ਹੈ। ਇਨਾ ਹੀ ਨਹੀਂ ਮਾਨ ਵਲੋਂ ਪੰਜਾਬੀ ਦੇ ਹੱਕ ‘ਚ ਉਸ ਦਾ ਵਿਰੋਧ ਕਰ ਰਹੇ ਪੰਜਾਬੀ ਹਿਤੈਸ਼ੀਆਂ ਨੂੰ ਵਿਹਲੜ ਕਹਿਣਾ, ਸ਼ੋਅ ਦੌਰਾਨ ਜਾਣ ਬੁਝ ਕੇ ਪੰਜਾਬੀਆਂ ਨੂੰ ਅਮਲੀ, ਨਸ਼ੇੜੀ ਤੋਂ ਇਲਾਵਾ ਆਪਣੇ ਪਿਤਾ ਅਤੇ ਭਰਾਵਾਂ ਨਾਲ ਸ਼ੋਅ ਦੇਖਣ ਆਈਆਂ ਕੁੜੀਆਂ ਦੀ ਮੌਜੂਦਗੀ ‘ਚ ਸ਼ੋਅ ਦੇਖ ਰਹੇ ਲੋਕਾਂ ਨੂੰ ਹੀ ਆਸ਼ਿਕ ਤੱਕ ਕਹਿ ਦੇਣਾ, ਪਤਾ ਨਹੀਂ ਕੁਝ ਲੋਕ ਬਰਦਾਸ਼ਤ ਕਿਵੇਂ ਕਰ ਗਏ? ਸ਼ਾਬਾਸ਼ ਹੈ ਉਹਨਾਂ ਗੁਰਸਿੱਖਾਂ ਨੂੰ ਜਿਨਾਂ ਉਸ ਦਾ ਉਠ ਕੇ ਅਤੇ ਖੁਲ ਕੇ ਵਿਰੋਧ ਕੀਤਾ। ਉਥੇ ਹੀ ਦਾੜ੍ਹੀ ‘ਚ ਚਿੱਟਾ ਨਹੀਂ ਰਹਿਣ ਦੇਣਾ ਕਹਿ ਕੇ ਉਹ ਸਿੱਖੀ ਸਿੱਧਾਂਤਾਂ ਦਾ ਮਜ਼ਾਕ ਵੀ ਉਡਾਰਿਹਾ ਸੀ। ਦਾਹੜੀ ‘ਚ ਚਿੱਟ ਭਾਵ ਚਿੱਟਾ ਵਾਲ ਨਹੀਂ ਛਡਣਾ, ਕੇਸਾਂ ਦੀ ਬੇਅਦਬੀ ਸਿੱਖੀ ‘ਚ ਬਜਰ ਕੁਰਹਿਤ ਹੈ, ਕੀ ਉਹ ਸਿਖ ਨੌਜਵਾਨਾਂ ਨੂੰ ਕੇਸਾਂ ਦੀ ਬੇਅਦਬੀ ਪ੍ਰਤੀ ਕੁਰਹਿਤ ਕਰਨ ਲਈ ਨਹੀਂ ਉਕਸਾ ਰਿਹਾ? ਇਨਾ ਹੀ ਨਹੀਂ ਉਸ ਨੇ ਦਸਮ ਬਾਣੀ ”ਦੇਹ ਸਿਵਾ ਬਰ ਮੁਹਿ ਇਹੈ ਸੂਭ ਕਰਮਨ ਤੇ ਕਬਹੂੰ ਨ ਟਰੋਂ” ਨਾਲ ਓਮ ਨਮ ਸ਼ਿਵਾਏ ਅਤੇ ਬੱਮ ਬੱਮ ਬੋਲੇ ਆਦਿ ਜੋੜ ਕੇ ਜਾਣਬੁਝ ਕੇ ਦਸਮ ਦੀ ਬਾਣੀ ਅਤੇ ਉਸ ਦੀ ਮੁਖ ਭਾਵਨਾ ਦਾ ਅਪਮਾਨ ਕਰਦਿਆਂ ਸਿੱਖੀ ਧਾਰਮਿਕ ਭਾਵਨਾਵਾਂ ਨਾਲ ਵੀ ਖਿਲਵਾੜ ਕਰਨ ਦਾ ਹੀਆ ਕੀਤਾ। ਹੁਣ ਇਸ ਨੂੰ ਸ੍ਰੀ ਅਕਾਲ ਤਖਤ ‘ਤੇ ਤਾਂ ਤਲਬ ਨਹੀਂ ਕਰਾਇਆ ਜਾ ਸਕਦਾ। ਕਿਉਕਿ ਇਹ ਆਪਣੇ ਆਪ ਨੂੰ ਸਿੱਖ ਮੰਨਦਾ ਹੀ ਨਹੀਂ। ” ਮੈਂ ਸਿੰਘ ਨਹੀਂ” ਇਸ ਦਾ ਪ੍ਰਮਾਣ ਤਾਂ ਆਪਣੇ ਨਾਮ ਨਾਲ ਸਿੰਘ ਸ਼ਬਦ ਹੱਟਾ ਕੇ ਮਾਨ ਸਭ ਨੂੰ ਦਸ ਹੀ ਚੁਕਾ ਹੈ, ਮਸਤਾਂ ਦੇ ਡੇਰੇ ਤਾਂ ਉਹ ਬਾਅਦ ‘ਚ ਪਹੁੰਚਿਆ ਉਸ ਤੋਂ ਪਹਿਲਾਂ ”ਸਾਡੀ ਜਿਥੇ ਲਗੀ ਹੈ ਲਗੀ ਰਹਿਣ ਦੇ” ਜਾਂ ”13 ਦੋਣੀ 26 ਤਾਂ 26 ਰਹਿਣ ਦੇ” ਗਾਉਦਿਆਂ ਸਿੱਖੀ ਅਤੇ ਨਾਨਕ ਦੀ ਵਿਚਾਰਧਾਰਾ ਤੋਂ ਵੀ ਕਿਨਾਰਾ ਕਰ ਚੁਕਿਆ ਸੀ। ਕਿਉਕਿ 13 ( ਤੇਰਾਂ ਤੇਰਾਂ ) ਗੁਰੂ ਨਾਨਕ – ਗੁਰਮਤਿ ਦਾ ਸਿੱਧਾਂਤ ਹੈ। ਤੇਰਾਂ ਦੀ ਛਬੀ ਭਾਵ ਤੇਰਾਂ ਦੇ ਵਿਪਰੀਤ ਜਾ ਕੇ ਗੁਰਮਤਿ ਸਿੱਧਾਂਤ ਦੇ ਵਿਰੁਧ ਜਾਣ ਦਾ ਉਹ ਹੋਕਾ ਦੇ ਚੁਕਿਆ ਸੀ। ਗੁਰੂ ਨਾਨਕ ਦੇ ਸਿੱਧਾਂਤ ਨੂੰ ਵਡੀ ਹਊਮੈ ਕਹਿਣ ਵਾਲਾ ਇਨਸਾਨ ਸਿੱਖ ਤਾਂ ਹੋ ਹੀ ਨਹੀਂ ਸਕਦਾ ਸੀ। ਮੈਂ ਇਹ ਨਹੀਂ ਕਹਿਦਾ ਕਿ ਇਸ ਦੇ ਕੇ ਪੀ ਐਸ ਗਿੱਲ ਨਾਲ ਕਿਵੇਂ ਦੇ ਸੰਬੰਧ ਰਹੇ। ਸਿੱਖ ਸੰਘਰਸ਼ ਨੂੰ ਢਾਹ ਲਾਉਣ ਲਈ ਕੀ ਕੀ ਕੀਤਾ? ਇਹ ਵਿਸ਼ਾ ਫਿਰ ਸਹੀ।