ਫ਼ਤਹਿਗੜ੍ਹ ਸਾਹਿਬ - “ਸੈਂਟਰ ਦੀ ਮੋਦੀ ਹਕੂਮਤ ਵੱਲੋਂ ਨੈਸ਼ਨਲ ਸਕਿਊਰਟੀ ਗਾਰਡ ਦਾ ਇਕ ਬੇਸ ਅੰਮ੍ਰਿਤਸਰ ਵਿਖੇ ਬਣਾਉਣ ਦੀ ਜੋ ਯੋਜਨਾ ਬਣਾਈ ਗਈ ਹੈ, ਉਸ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਵਿਖੇ 120 ਏਕੜ ਜ਼ਮੀਨ ਪ੍ਰਾਪਤ ਕਰਨ ਦੀ ਗੱਲ ਕਹੀ ਹੈ । ਇਸ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ ਸਮੁੱਚੀਆ ਜੇਲ੍ਹਾਂ ਵਿਚ ਸੀ.ਆਰ.ਪੀ. ਲਗਾਉਣ ਦੀ ਗੱਲ ਵੀ ਕਹਿ ਚੁੱਕੇ ਹਨ । ਪੰਜਾਬ ਸਰਕਾਰ ਕਮਾਡੋ ਵੀ ਬਣਾ ਰਹੀ ਹੈ । ਅਜਿਹੇ ਅਮਲ ਕਿਤੇ ਜਿਵੇਂ ਜੰਮੂ-ਕਸ਼ਮੀਰ ਵਿਚ ਪਹਿਲੇ ਆਪਣੀ ਮੰਦਭਾਵਨਾ ਭਰੀ ਯੋਜਨਾ ਨੂੰ ਲਾਗੂ ਕਰਨ ਲਈ, ਕਸ਼ਮੀਰ ਅਤੇ ਲਦਾਖ ਨੂੰ ਯੂ.ਟੀ. ਐਲਾਨਣ ਲਈ ਬਣਾਏ ਗਏ ਸੀ, ਉਸੇ ਤਰ੍ਹਾਂ ਮੋਦੀ ਦੀ ਫਿਰਕੂ ਹਕੂਮਤ ਵੱਲੋਂ ਪੰਜਾਬ ਨੂੰ ਵੀ ਉਸੇ ਸੋਚ ਤੇ ਪੈਟਰਨ ਉਤੇ ਘੇਰਨ ਅਤੇ ਪੰਜਾਬੀਆਂ ਤੇ ਸਿੱਖਾਂ ਨਾਲ ਵੀ ਉਸੇ ਤਰ੍ਹਾਂ ਦਾ ਜ਼ਬਰ-ਜੁਲਮ ਕਰਨ ਦੀ ਸਾਜ਼ਿਸ ਤਾਂ ਨਹੀਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਅਤੇ ਕੈਪਟਨ ਹਕੂਮਤ ਵੱਲੋਂ ਅੰਮ੍ਰਿਤਸਰ ਵਿਖੇ 120 ਏਕੜ ਜਮੀਨ ਵਿਚ ਨੈਸ਼ਨਲ ਸਕਿਊਰਟੀ ਗਾਰਡ ਦਾ ਬੇਸ ਸਥਾਪਿਤ ਕਰਨ ਦੀ ਬਣਾਈ ਜਾ ਰਹੀ ਯੋਜਨਾ ਨੂੰ ਪੂਰਨ ਸੰਕਾ ਦੇ ਰੂਪ ਵਿਚ ਵੇਖਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੈਂਟਰ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਾਂਝੀਆ ਯੋਜਨਾਵਾਂ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35ਏ ਨੂੰ ਖ਼ਤਮ ਕਰਨ ਦਾ ਪ੍ਰੋਗਰਾਮ ਕੀਤਾ ਗਿਆ, ਉਸ ਤੋਂ ਪਹਿਲੇ ਪੂਰੇ ਜੰਮੂ-ਕਸ਼ਮੀਰ ਨੂੰ ਇਸੇ ਤਰ੍ਹਾਂ ਕਮਾਡੋ, ਫ਼ੌਜ, ਅਰਧ ਸੈਨਿਕ ਬਲਾਂ ਅਤੇ ਖੂਫੀਆ ਏਜੰਸੀਆ ਰਾਹੀ ਘੇਰਿਆ ਗਿਆ ਸੀ । ਜਾਪਦਾ ਹੈ ਕਿ ਸੈਂਟਰ ਦੀ ਮੋਦੀ ਮੁਤੱਸਵੀ ਹਕੂਮਤ ਦਾ ਅਗਲਾ ਨਿਸ਼ਾਨਾਂ ਪੰਜਾਬ ਸੂਬਾ ਅਤੇ ਸਿੱਖ ਕੌਮ ਹੈ । ਇਹ ਗਹਿਰੇ ਦੁੱਖ ਵਾਲੇ ਅਮਲ ਹਨ ਕਿ ਬੀਤੇ ਸਮੇਂ ਦੇ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀ ਅਤੇ ਅਜੋਕੇ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸਾਜ਼ਿਸਾਂ ਦੇ ਭਾਈਵਾਲ ਬਣਨ ਤੇ ਖੁਸ਼ੀਆਂ ਮਹਿਸੂਸ ਕਰ ਰਹੇ ਹਨ । ਜਦੋਂਕਿ ਅਜਿਹੀਆ ਯੋਜਨਾਵਾਂ ਬਹੁਤ ਹੀ ਸੂਖਮ ਢੰਗ ਨਾਲ ਅਛੋਪਲੇ ਹੀ ਕਿਸੇ ਵੱਡੇ ਮਕਸਦ ਦੀ ਪ੍ਰਾਪਤੀ ਲਈ ਹੁਕਮਰਾਨਾਂ ਵੱਲੋਂ ਹੁੰਦੀਆ ਹਨ । ਜਿਸ ਤੋਂ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਾਜ਼ ਨਜ਼ਰ ਰੱਖਦੇ ਹੋਏ ਸੁਚੇਤ ਵੀ ਰਹਿਣਾ ਪਵੇਗਾ ਅਤੇ ਸਮਾਂ ਆਉਣ ਤੇ ਸੜਕਾਂ ਉਤੇ ਨਿਕਲਕੇ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਅਜਿਹੀਆ ਸਾਜ਼ਿਸਾਂ ਨੂੰ ਅਸਫ਼ਲ ਬਣਾਉਣ ਲਈ ਸਮੂਹਿਕ ਉਦਮ ਵੀ ਕਰਨੇ ਪੈਣਗੇ ।