ਭਾਸ਼ਾ ਸ਼ਬਦ ਸੰਸਕ੍ਰਿਤ ਦੇ ਭਾਸ਼ ਧਾਤੁ ਤੋਂ ਬਣਿਆ ਹੈ ਜਿਸਦਾ ਮਤਲਬ ਹੈ ਬੋਲਣਾ ਜਾਂ ਕਹਿਣਾ ਅਰਥਾਤ ਭਾਸ਼ਾ ਉਹ ਹੈ ਜਿਸ ਨੂੰ ਬੋਲਿਆ ਜਾਵੇ।ਪਲੈਟੋ ਨੇ ਸੋਫਿਸਟ ਵਿੱਚ ਵਿਚਾਰ ਅਤੇ ਭਾਸ਼ਾ ਦੇ ਸੰਬੰਧ ਵਿੱਚ ਲਿਖਦੇ ਹੋਏ ਕਿਹਾ ਹੈ ਕਿ ਵਿਚਾਰ ਅਤੇ ਭਾਸ਼ਾ ਵਿੱਚ ਥੋੜ੍ਹਾ ਹੀ ਅੰਤਰ ਹੈ। ਵਿਚਾਰ ਆਤਮਾ ਦੀ ਮੂਕ ਜਾਂ ਅਧੁਨੀਰੂਪ ਗੱਲਬਾਤ ਹੈ ਪਰ ਉਹੀ ਜਦੋਂ ਧੁਨੀਰੂਪ ਹੋਕੇ ਬੁਲੀਆਂ ਉੱਤੇ ਜ਼ਾਹਰ ਹੁੰਦੀ ਹੈ ਤਾਂ ਉਸਨੂੰ ਭਾਸ਼ਾ ਦੀ ਸੰਗਿਆ ਦਿੰਦੇ ਹਨ। ਸਵੀਟ ਦੇ ਅਨੁਸਾਰ ਧੁਨੀਆਤਮਕ ਸ਼ਬਦਾਂ ਦੁਆਰਾ ਵਿਚਾਰਾਂ ਨੂੰ ਜ਼ਾਹਰ ਕਰਨਾ ਹੀ ਭਾਸ਼ਾ ਹੈ। ਵੇਂਦਰੀਏ ਕਹਿੰਦੇ ਹਨ ਕਿ ਭਾਸ਼ਾ ਇੱਕ ਤਰ੍ਹਾਂ ਦਾ ਚਿੰਨ੍ਹ ਹੈ। ਚਿੰਨ੍ਹ ਤੋਂ ਭਾਵ ਉਹਨਾਂ ਪ੍ਰਤੀਕਾਂ ਤੋਂ ਹੈ ਜਿਹਨਾਂ ਦੇ ਦੁਆਰਾ ਮਨੁੱਖ ਆਪਣੇ ਵਿਚਾਰ ਦੂਸਰਿਆਂ ਕੋਲ ਜ਼ਾਹਰ ਕਰਦਾ ਹੈ। ਇਹ ਪ੍ਰਤੀਕ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਦੇਖਣਯੋਗ, ਸੁਣਨਯੋਗ ਅਤੇ ਛੋਹਯੋਗ। ਦਰਅਸਲ ਭਾਸ਼ਾ ਦੀ ਦ੍ਰਿਸ਼ਟੀ ਤੋਂ ਸੁਣਨਯੋਗ ਪ੍ਰਤੀਕ ਹੀ ਸਭ ਤੋਂ ਉੱਤਮ ਹੈ।ਬਲਾਕ ਅਤੇ ਟਰੇਗਰ – ਭਾਸ਼ਾ ਅਟਕਲੀ ਭਾਸ਼ ਪ੍ਰਤੀਕਾਂ ਦਾ ਤੰਤਰ ਹੈ ਜਿਸਦੇ ਦੁਆਰਾ ਇੱਕ ਸਾਮਾਜਕ ਸਮੂਹ ਸਹਿਯੋਗ ਕਰਦਾ ਹੈ। ਸਤਰੁਤਵਾ – ਭਾਸ਼ਾ ਅਟਕਲੀ ਭਾਸ਼ ਪ੍ਰਤੀਕਾਂ ਦਾ ਤੰਤਰ ਹੈ ਜਿਸਦੇ ਦੁਆਰਾ ਇੱਕ ਸਾਮਾਜਕ ਸਮੂਹ ਦੇ ਮੈਂਬਰ ਸਹਿਯੋਗ ਅਤੇ ਸੰਪਰਕ ਕਰਦੇ ਹਨ।
ਭਾਸ਼ਾ ਅਜਿਹੀ ਪ੍ਰਣਾਲੀ ਹੁੰਦੀ ਹੈ ਜਿਸ ਵਿੱਚ ਮਨੁੱਖੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹੁੰਦਾ ਹੈ। ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਭਾਸ਼ਾ ਦੇ ਫ਼ਲਸਫ਼ੇ ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ।
ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਬੋਲੀ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਕੋਈ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਹੋਰ ਤਰਾਸ਼ਦੇ ਤਿੱਖਾ ਕਰਦੇ ਹਨ।
ਭਾਸ਼ਾ ਦੇ ਬਿਨਾਂ ਮਨੁੱਖ ਸਰਵਥਾ ਅਪੂਰਣ ਅਤੇ ਆਪਣੇ ਇਤਹਾਸ ਅਤੇ ਪਰੰਪਰਾ ਨਾਲੋਂ ਵੱਖ ਹੁੰਦਾ ਹੈ।ਭਾਸ਼ਾ ਅੰਦਰੂਨੀ ਪਰਕਾਸ਼ਨ ਦਾ ਸਭ ਤੋਂ ਜਿਆਦਾ ਭਰੋਸੇਯੋਗ ਮਾਧਿਅਮ ਹੈ। ਭਾਸ਼ਾ ਅੰਦਰੂਨੀ ਉਸਾਰੀ, ਵਿਕਾਸ, ਅਸਮਿਤਾ, ਸਾਮਾਜਕ – ਸਾਂਸਕ੍ਰਿਤਕ ਪਹਿਚਾਣ ਦਾ ਵੀ ਸਾਧਨ ਬਣਦੀ ਹੈ।
ਭਾਰਤ ਧਰਮ ਨਿਰਪੱਖ ਦੇਸ਼ ਹੈ। ਭਾਵੇਂ ਹੀ ਭਾਰਤ ਦੇ ਅੰਦਰ ਹਰ ਜਾਤ, ਧਰਮ ਤੋਂ ਇਲਾਵਾ ਹਰ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਲੋਕਾਂ ਨੂੰ ਸਿਰਫ਼ ਇੱਕੋ ਇੱਕ ਭਾਸ਼ਾ ਬੋਲਣ ਲਈ ਹੁਣ ਸਮੇਂ ਦੀ ਸਰਕਾਰ ਨੇ ਮਜਬੂਰ ਕਰਨ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੱਲ ਨੂੰ ਹੋਵੇਗਾ ਏਕ ਦੇਸ਼ ਇੱਕ ਹੀ ਗੇਰੂਆ ਪਹਿਰਾਵਾ ਜਾਂ ਹੋਵੇਗਾ ਏਕ ਦੇਸ਼ ਇੱਕ ਚਾਵਲ ਖਾਣਾ। ਪੰਜਾਬ ਦੇ ਅੰਦਰ ਪੰਜਾਬੀ ਭਾਸ਼ਾ ਭਾਵੇਂ ਹੀ ਸਾਰੇ ਜ਼ਿਲ੍ਹਿਆਂ ਦੇ ਅੰਦਰ ਬੋਲੀ ਜਾਂਦੀ ਹੈ, ਪਰ ਕੁਝ ਨਿੱਜੀ ਸਕੂਲਾਂ ਦੇ ਵੱਲੋਂ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਪੰਜਾਬੀ ਦੀ ਬਿਜਾਏ ਹਿੰਦੀ ਬੋਲਣ ਦੇ ਲਈ ਵੀ ਆਖਿਆ ਜਾ ਰਿਹਾ ਹੈ। ਮਾਪੇ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ‘ਚ ਪੜ੍ਹਾ ਰਹੇ ਹਨ। ਅਸੀਂ ਵੀ ਦੋ ਨੰਬਰ ਤੇ ਹਿੰਦੀ ਪੜ੍ਹੀ ਸੀ ਤੇ ਹੋਰ ਪੜ੍ਹ ਨ ਲਿਖਣ ਚ ਵਰਤ ਵੀ ਸਕਦੇ ਹਾਂ ਪਰ ਇਹ ਕੋਈ ਹਿਟਲਰੀ ਫੁਰਮਾਨ ਨਹੀਂ ਹੈ ਕਿ ਮੰਨਣਾ ਹੀ ਪਵੇਗਾ। ਦਿਨ ਤਾਂ ਵੈਸੇ ਹਿਟਲਰੀ ਫੁਰਮਾਣਾ ਵਰਗੇ ਹੀ ਹਨ। ਤੇ ਹਿਟਲਰ ਬਾਰੇ ਸਾਰੇ ਜਾਣਦੇ ਹੀ ਹਨ।
ਪਿਛਲੇ ਦਿਨੀਂ ਸਾਡੇ ਦੇਸ਼ ਦੇ ਅੰਦਰ ਹਿੰਦੀ ਦਿਵਸ ਮਨਾਇਆ ਗਿਆ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦੇਸ਼ ਵਾਸੀਆਂ ਨੂੰ ਜਿੱਥੇ ਹਿੰਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਹੀ ਹਿੰਦੀ ਭਾਸ਼ਾ ਨੂੰ ਹਰ ਪ੍ਰਫੁਲਿਤ ਕਰਨ ‘ਤੇ ਵੀ ਜ਼ੋਰ ਦਿੱਤਾ। ਅਮਿਤ ਸ਼ਾਹ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਇੱਕ ਦੇਸ਼ ਇੱਕ ਭਾਸ਼ਾ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲੋਂ ਸ੍ਰੀ ਨਰਿੰਦਰ ਮੋਦੀ ਦੀ ਸ਼ਹਿ ‘ਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਵੀ ਆਮ ਚੱਲ ਰਹੀਆਂ ਹਨ। ਦੇਸ਼ ਜੇਕਰ ਹਿੰਦੂ ਰਾਸ਼ਟਰ ਬਣ ਜਾਂਦਾ ਹੈ ਤਾਂ ਦੇਸ਼ ਦੇ ਅੰਦਰ ਹੋਰ ਰਹਿ ਰਹੇ ਘੱਟ ਗਿਣਤੀਆਂ ‘ਤੇ ਹਮਲੇ ਹੋਣੇ ਸ਼ੁਰੂ ਹੋ ਜਾਣਗੇ ਤੇ ਹੋ ਵੀ ਰਹੇ ਹਨ। ਹੁਣ ਵੀ ਕਈ ਜਗ੍ਹਾਵਾਂ ‘ਤੇ ਦਲਿਤ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਅਤੇ ਧੱਕੇ ਦੇ ਨਾਲ ਹੀ ਉਨ੍ਹਾਂ ਦੇ ਮੂੰਹੋਂ ”ਜੈ ਸ਼੍ਰੀ ਰਾਮ” ਦਾ ਨਾਮ ਕਢਵਾਇਆ ਜਾ ਰਿਹਾ ਹੈ। ਜੋ ਕਿ ਸਰਾਸਰ ਹਿਟਲਰੀ ਧੱਕਾ ਹੈ। ਅਮਿਤ ਸ਼ਾਹ ਦੇ ਵੱਲੋਂ ਜੋ ਪਿਛਲੇ ਦਿਨੀਂ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਉਨ੍ਹਾਂ ਮਹਾਤਮਾ ਗਾਂਧੀ ਅਤੇ ਵੱਲਭ ਭਾਈ ਪਟੇਲ ਦੇ ਸੁਪਨੇ ‘ਏਕ ਦੇਸ਼ ਇੱਕ ਭਾਸ਼ਾ’ ਵੀ ਕੀਤਾ। ਸ਼ਾਹ ਨੇ ਕਿਹਾ ਕਿ ਗਾਂਧੀ ਅਤੇ ਪਟੇਲ ਦੇ ਸੁਪਨੇ ਨੂੰ ਸੱਚ ਕਰਨ ਲਈ ਹਿੰਦੀ ਦੀ ਵਰਤੋਂ ਵਿੱਚ ਵਾਧਾ ਕਰਨਾ ਪਵੇਗਾ। ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਕਿਹਾ ਕਿ ‘ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ ਅਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ, ਪਰ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਅਤਿਅੰਤ ਜ਼ਰੂਰੀ ਹੈ ਤਾਂ ਜੋ ਵਿਸ਼ਵ ਭਰ ਵਿੱਚ ਭਾਰਤ ਦੀ ਪਛਾਣ ਬਣੇ। ਉਨ੍ਹਾਂ ਕਿਹਾ ਕਿ ਅੱਜ ਜੇ ਕੋਈ ਭਾਸ਼ਾ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਕੰਮ ਕਰ ਸਕਦੀ ਹੈ ਤਾਂ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ। ਅਸੀਂ ਉਨ੍ਹਾਂ ਦੀਆਂ ਗੱਲਾਂ ਦੇ ਨਾਲ ਅਸਹਿਮਤ ਹਾਂ। ਦੇਸ਼ ਦੇ ਅੰਦਰ ਜਦੋਂ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਵੱਖ-ਵੱਖ ਜਾਤਾਂ ਦੇ ਲੋਕਾਂ ਦੇ ਨਾਲ ਅਸੀਂ ਵਿੱਚਰਦੇ ਹਾਂ ਤਾਂ ਅਸੀਂ ਇੱਕੋ ਇੱਕ ਭਾਸ਼ਾ ਹਿੰਦੀ ਕਿਵੇਂ ਬੋਲ ਸਕਾਂਗੇ? ਦੇਸ਼ ਨੂੰ ਕਥਿਤ ਤੌਰ ‘ਤੇ ਬਰਬਾਦ ਕਰਨ ਦੇ ਵੱਲ ਅਮਿਤ ਸ਼ਾਹ ਤੇ ਮੋਦੀ ਲੈ ਕੇ ਜਾ ਰਹੇ ਹਨ।
ਹਿੰਦੀ, ਹਿੰਦੂ ਅਤੇ ਹਿੰਦੂਤਵ ਤੋਂ ਕਿਤੇ ਵੱਡਾ ਭਾਰਤ ਹੈ। ਤੇ ਨਾ ਹੀ ਹਿੰਦੀ ਹਰ ਭਾਰਤੀ ਦੀ ਮਾਤ ਭਾਸ਼ਾ ਹੈ। ਅਸੀਂ ਭਾਰਤ ਦੇਸ਼ ਦੀਆਂ ਕਈ ਮਾਂ ਬੋਲੀਆਂ ਹੋਣ ਦੀ ਵੰਨ ਸਵੰਨਤਾ ਅਤੇ ਖੂਬਸੂਤਰੀ ਦੀ ਸ਼ਲਾਘਾ ਕਰਦੇ ਹਾਂ ਤਾਂ ਤੁਸੀਂ ਕਿਉਂ ਨਿਕਾਰਦੇ ਹੋ?
ਸੰਵਿਧਾਨ ਦੀ ਧਾਰਾ 29 ਹਰ ਭਾਰਤੀ ਨੂੰ ਆਪੋ ਆਪਣੀ ਭਾਸ਼ਾ ਅਤੇ ਸਭਿਆਚਾਰ ਦਾ ਅਧਿਕਾਰ ਦਿੰਦੀ ਹੈ ਤੇ ਤੁਸੀਂ ਕਿੰਜ ਸੰਵਿਧਾਨ ਦੀ ਧਾਰਾ ਦੇ ਉਲਟ ਜਾ ਸਕਦੇ ਹੋ। ਆਉਣ ਵਾਲੇ ਸਮੇਂ ਵਿੱਚ ਤੁਸੀਂ ਕੀ ਕੀ ਹਿਟਲਰੀ ਫੁਰਮਾਣ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਛਿੱਕੇ ਟੰਗੀ ਜਾ ਰਹੇ ਹੋ। ਜੇ ਇਹੀ ਗੱਲ ਕੋਈ ਹੋਰ ਕਹਿੰਦਾ ਤਾਂ ਸਲਾਖਾਂ ਪਿੱਛੇ ਕਰ ਦਿੰਦੇ?
1950 ਵਿਚ ਭਾਰਤ ‘ਵਿਭਿੰਨਤਾ ਵਿਚ ਏਕਤਾ’ ਦੇ ਵਾਅਦੇ ਨਾਲ ਹੀ ਇਕ ਗਣਤੰਤਰ ਬਣਿਆ ਸੀ ਤੇ ਰਹਿਣਾ ਚਾਹੀਦਾ ਹੈ। ਕੋਈ ਵੀ ਥੋਪੀ ਗਈ ਹਿੰਦੀ ਨੂੰ ਸਵੀਕਾਰ ਨਹੀਂ ਕਰੇਗਾ ਖ਼ਾਸ ਕਰਕੇ ਪੰਜਾਬ ਹਰਿਆਣਾ ਤੇ ਦੱਖਣੀ ਭਾਰਤ ਅਤੇ ਤਾਮਿਲਨਾਡੂ ਵਿੱਚ। ਸਾਂਝੀ ਭਾਸ਼ਾ ਦੇਸ਼ ਦੇ ਵਿਕਾਸ ਵਿੱਚ ਸਹਾਇਤਾ ਕਰ ਸਕਦੀ ਹੈ ਪਰ ਭਾਰਤ ਵਿੱਚ ਕੋਈ ਆਮ ਭਾਸ਼ਾ ਨਹੀਂ ਹੈ। ਜਿੱਥੇ ਹਿੰਦੀ ਬੋਲੀ ਜਾਂਦੀ ਹੈ, ਉਥੇ ਕੋਈ ਸਮੱਸਿਆ ਨਹੀਂ ਹੈ ਪਰ ਪੰਜਾਬ ਤੇ ਦੱਖਣੀ ਭਾਰਤ ਵਿਚ ਇਹ ਸਮੱਸਿਆ ਹੋ ਸਕਦੀ ਹੈ। ਪੰਜਾਬ ਪੰਜਾਬੀਆਂ ਦਾ ਹੈ ਪੰਜਾਬੀ ਬੋਲੀ ਦਾ ਹੈ। ਏਨੇ ਨਾ ਡਿਜੀਟਲ ਹੋਵੋ ਕਿ ਟਰੰਪ ਬੌਰਿਸ ਤੇ ਹਿਟਲਰ ਬਣ ਬੈਠੋ।
ਗੁਲਦਸਤਾ ਰੰਗ ਬਿਰੰਗੇ ਫੁੱਲਾਂ ਨਾਲ ਹੀ ਖੂਬਸੂਰਤ ਲੱਗਦਾ ਹੈ। ਭਾਰਤ 22 ਕੌਮਾਂ ਦਾ ਗੁਲਦਸਤਾ ਹੈ ਰੰਗ ਬਿਰੰਗੇ ਰੰਗਾਂ ਚ ਹੀ ਸੋਹਣਾ ਲੱਗੇਗਾ। ਸਾਡੇ ਨਾਚ ਵੱਖਰੇ ਪਹਿਰਾਵੇ ਵੱਖਰੇ। ਵੱਖਰੀਆਂ 2 ਲੱਜ਼ਤਾਂ ਵਾਲੇ ਖਾਣੇ। ਕੱਲ ਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਦੇਸ਼ ਚ ਇਹ ਵੀ ਇਕ ਹੀ ਹੋਣ। ਚੰਨ ਦੀ ਯਾਤਰਾ ਬੁਲਟ ਟਰੇਨਾਂ ਉੱਚੇ ਬੁੱਤਾਂ ਨਾਲ ਨਹੀਂ ਕਦੇ ਦੇਸ਼ ਟੁਰਦੇ ਹੁੰਦੇ। ਜੇ ਲੋਕ ਗ਼ਲਤੀ ਨਾਲ ਬਹੁਮੱਤ ਦੇ ਹੀ ਬੈਠੇ ਹਨ ਤਾਂ ਦੇਸ਼ ਦੀ ਮੰਦੀ ਦਸ਼ਾ ਸੁਧਾਰੋ। ਭੁੱਖ ਮਰੀ ਸੋਧੋ। ਬਾਹਰਲੇ ਦੌਰਿਆਂ ਨਾਲ ਵੱਡਿਆਂ ਨਾਲ ਯਾਰੀ ਲਾ ਕੇ ਵੱਡੇ ਨਹੀਂ ਅਖਵਾਇਆ ਜਾਣਾ। ਘਰ ਸਾਂਭੋ ਜਿੱਥੇ ਕਰਬਲਾ ਨੱਚਦੀ ਹੈ।