ਰਿਆਦ – ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਪੂਰਾ ਵਿਸ਼ਵ ਈਰਾਨ ਨੂੰ ਰੋਕਣ ਲਈ ਸਾਡੇ ਨਾਲ ਨਾ ਆਇਆ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ੳਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਈਰਾਨ ਦੇ ਖਿਲਾਫ਼ ਕਾਰਵਾਈ ਵਿੱਚ ਸ਼ਾਮਿਲ ਹੋਣਾ ਹੋਵੇਗਾ, ਨਹੀਂ ਤਾਂ ਸੱਭ ਦੇ ਹਿੱਤਾਂ ਦਾ ਨੁਕਸਾਨ ਹੋਵੇਗਾ। ਹਾਲ ਹੀ ਵਿੱਚ ਸਾਊਦੀ ਦੀ ਤੇਲ ਕੰਪਨੀ ਅਰਾਮਕੋ ਦੀ ਦੋ ਰਿਫਾਈਨਰੀਆਂ ਤੇ ਡਰੋਨ ਅਤੇ ਮਿਸਾਈਲ ਅਟੈਕ ਹੋਏ ਸਨ। ਯਮਨ ਦੇ ਹੂਤੀ ਵਿਦਰੋਹੀਆਂ ਨੇ ਇਨ੍ਹਾਂ ਹਮਲਿਆਂ ਦੀ ਜਿੰਮੇਵਾਰੀ ਲਈ ਸੀ, ਪਰ ਅਮਰੀਕਾ ਅਤੇ ਸਾਊਦੀ ਅਰਬ ਨੇ ਇਸ ਦੇ ਲਈ ਈਰਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਪ੍ਰਿੰਸ ਸਲਮਾਨ ਨੇ ਪਹਿਲੀ ਵਾਰ ਇਸ ਮੁੱਦੇ ਤੇ ਕੋਈ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਦੇ ਕਾਰਣ ਤੇਲ ਦੀ ਸਪਲਾਈ ਵਿੱਚ ਵਿਘਨ ਪਵੇਗਾ ਅਤੇ ਤੇਲ ਦੀਆਂ ਕੀਮਤਾਂ ਏਨੀਆਂ ਉਪਰ ਪਹੁੰਚ ਜਾਣਗੀਆਂ ਕਿ ਅਸਾਂ ਇਹ ਆਪਣੇ ਪੂਰੇ ਜੀਵਨ ਵਿੱਚ ਵੀ ਨਾ ਵੇਖੀਆਂ ਹੋਣਗੀਆਂ।
ਪ੍ਰਿੰਸ ਸਲਮਾਨ ਨੇ ਅਮਰੀਕੀ ਚੈਨਲ ਸੀਬੀਐਸ ਨੂੰ ਦਿੱਤੇ ਇੰਟਰਵਿਯੂ ਵਿੱਚ ਕਿਹਾ ਕਿ ਸਾਊਦੀ ਅਰਬ ਦੀਆਂ ਤੇਲ ਰੀਫਾਈਨਰੀਆਂ ਤੇ ਹਮਲਾ ਈਰਾਨ ਵੱਲੋਂ ਯੁੱਧ ਦੀ ਸ਼ੁਰੂਆਤ ਸੀ। ਇਸ ਸੱਭ ਦੇ ਬਾਵਜੂਦ ਵੀ ਅਸੀਂ ਈਰਾਨ ਦੇ ਨਾਲ ਵਿਵਾਦ ਨਹੀਂ ਬਲਿਕ ਰਾਜਨੀਤਕ ਹਲ ਚਾਹੁੰਦੇ ਹਾਂ, ਕਿਉਂਕਿ ਯੁੱਧ ਦੇ ਨਾਲ ਪੂਰੀ ਦੁਨੀਆਂ ਦੀ ਅਰਥਵਿਵਸਥਾ ਤੇ ਬੁਰਾ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮਿਲ ਕੇ ਨਵੀਂ ਪ੍ਰਮਾਣੂੰ ਸੰਧੀ ਬਾਰੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਈਰਾਨ ਦੇ ਪ੍ਰਭਾਵ ਨੂੰ ਮੱਧਪੂਰਬ ਵਿੱਚ ਸੀਮਤ ਕੀਤਾ ਜਾ ਸਕੇ। ਸਾਊਦੀ ਅਰਬ ਦਾ ਕਹਿਣਾ ਹੈ ਕਿ ਏਨੇ ਆਧੁਨਿਕ ਹੱਥਿਆਰ ਹੂਤੀ ਵਿਦਰੋਹੀ ਚਲਾ ਹੀ ਨਹੀਂ ਸਕਦੇ, ਜਦੋਂ ਕਿ ਈਰਾਨ ਇਨ੍ਹਾਂ ਹਮਲਿਆਂ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕਰਦਾ ਆਇਆ ਹੈ। ਸਾਊਦੀ ਨੇ ਇਨ੍ਹਾਂ ਹਮਲਿਆਂ ਪਿੱਛੇ ਈਰਾਨ ਦੇ ਸਬੰਧ ਹੋਣ ਬਾਰੇ ਦੱਸਣ ਲਈ ਹੱਥਿਆਰਾਂ ਦੀ ਇੱਕ ਪ੍ਰਦਰਸ਼ਨੀ ਵੀ ਰੱਖੀ ਸੀ।