ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀਆਂ ਸਮੁੱਚੀਆਂ ਫੁੱਟਬਾਲ ਕਲੱਬਾਂ ਵਿੱਚ ਗਲਾਸਗੋ ਸਥਿਤ ਰੇਂਜਰਜ ਫੁੱਟਬਾਲ ਕਲੱਬ ਦਾ ਅਹਿਮ ਸਥਾਨ ਹੈ। ਬੀਤੇ ਦਿਨੀਂ ਰੇਂਜਰਜ ਵੱਲੋਂ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ਨਾਲ ਦੋ ਸਾਲਾ ਸਮਝੌਤਾ ਨੇਪਰੇ ਚੜਿ੍ਹਆ ਹੈ। ਰੇਂਜਰਜ਼ ਸਟੇਡੀਅਮ ਦੇ ਪ੍ਰੈੱਸ ਕਾਨਫਰੰਸ ਹਾਲ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਅਤੇ ਬੈਂਗਲੁਰੂ ਦੇ ਚੀਫ ਐਗਜੈਕਟਿਵ ਮੈਨਡਰ ਤਮਹਾਨੇ ਨੇ ਦੋਵੇਂ ਕਲੱਬਾਂ ਦਰਮਿਆਨ ਹੋਏ ਖੇਡ ਸਮਝੌਤੇ ਦਾ ਰਸਮੀ ਐਲਾਨ ਕੀਤਾ। ਇਸ ਸਮੇਂ ਏਸ਼ੀਅਨ ਭਾਈਚਾਰੇ ਦੀ ਤਰਫੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਅਨਸ ਸਰਵਰ (ਐੱਮ ਐੱਸ ਪੀ), ਸਾਬਕਾ ਕੌਂਸਲਰ ਤੇ ਬਿਜਨਸਮੈਨ ਸੋਹਣ ਸਿੰਘ ਰੰਧਾਵਾ, ਪ੍ਰੇਮ ਬਾਠ, ਸੱਤੀ ਸਿੰਘ, ਕੈਸ਼ ਟਾਂਕ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਇਸ ਸਾਂਝ ਨੂੰ ਇਤਿਹਾਸਕ ਦੱਸਦਿਆਂ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਲਈ ਸੁਭਕਾਮਨਾਵਾਂ ਭੇਂਟ ਕੀਤੀਆਂ। ਸੋਹਣ ਸਿੰਘ ਰੰਧਾਵਾ ਨੇ ਰੇਂਜਰਜ਼ ਨਾਲ ਬੈਂਗਲੁਰੂ ਕਲੱਬ ਦੀ ਪਈ ਗਲਵੱਕੜੀ ਨੂੰ ਭਾਰਤੀ ਫੁੱਟਬਾਲ ਲਈ ਸ਼ੁਭ ਸ਼ਗਨ ਦੱਸਦਿਆਂ ਕਿਹਾ ਕਿ ਸਮੁੱਚੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਸਾਂਝ ਦੇ ਪਲ ਦਰ ਪਲ ਹੋਰ ਗੂੜ੍ਹੀ ਹੁੰਦੇ ਰਹਿਣ ‘ਤੇ ਟਿਕੀਆਂ ਰਹਿਣਗੀਆਂ। ਜਿਕਰਯੋਗ ਹੈ ਕਿ ਜਿੱਥੇ ਬੈਂਗਲੁਰੂ ਫੁੱਟਬਾਲ ਕਲੱਬ ਦਾ ਜਨਮ ਮਹਿਜ 2013 ਵਿੱਚ ਹੀ ਹੋਇਆ ਸੀ ਉੱਥੇ ਰੇਂਜਰਜ ਕਲੱਬ 1872 ‘ਚ ਸਥਾਪਿਤ ਹੋਈ ਸੀ। ਰੇਂਜਰਜ ਕਲੱਬ ਨੂੰ ਮਾਣ ਹੈ, ਜਿਸਨੇ ਲੀਗ ਖਿਤਾਬ 54 ਵਾਰ, ਸਕਾਟਿਸ਼ ਕੱਪ 33 ਵਾਰ, ਸਕਾਟਿਸ਼ ਲੀਗ ਕੱਪ ‘ਤੇ 27 ਵਾਰ ਜਿੱਤ ਹਾਸਲ ਕਰ ਚੁੱਕੀ ਹੈ। ਰੇਂਜਰਜ਼ ਦੇ ਕਮਰਸ਼ੀਅਲ ਤੇ ਮਾਰਕੀਟਿੰਗ ਡਾਇਰੈਕਟਰ ਜੇਮਜ਼ ਬਿਸਗਰੋਵ ਅਤੇ ਸੌਸਰ ਸਕੂਲਜ਼ ਮੈਨੇਜਰ ਗੈਰੀ ਗਿਬਸਨ ਨੇ ਇਸ ਭਾਈਵਾਲੀ ਰਾਂਹੀ ਫੁੱਟਬਾਲ ਜਗਤ ਨਾਲ ਜੁੜੇ ਵਪਾਰ ‘ਚ ਬਿਹਤਰ ਕਾਰਜ ਕਰਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਧੀਆ ਖੇਡ ਪ੍ਰਦਰਸ਼ਨ ਕਰਨ ਦੀ ਮਨਸ਼ਾ ਜਾਹਿਰ ਕੀਤੀ।
ਸਕਾਟਲੈਂਡ ਦੀ ਰੇਂਜਰਜ਼ ਤੇ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ‘ਚ ਹੋਇਆ ਖੇਡ ਸਮਝੌਤਾ
This entry was posted in ਅੰਤਰਰਾਸ਼ਟਰੀ.