ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਉੱਦਮਾਂ ਸਦਕਾ ਪੰਜਾਬੀ ਸੱਥ ਦਾ ਆਯੋਜਨ ਪ੍ਰਧਾਨ ਦਿਲਾਵਰ ਸਿੰਘ, ਸਕੱਤਰ ਦਲਜੀਤ ਸਿੰਘ ਦਿਲਬਰ ਦੀ ਅਗਵਾਈ ਵਿੱਚ ਕੀਤਾ ਗਿਆ। ਵਰਿ੍ਹਆਂ ਤੋਂ ਜੁੜਦੀ ਆ ਰਹੀ ਇਸ ਸੱਥ ਵਿੱਚ ਵੱਖ ਵੱਖ ਤਬਕਿਆਂ, ਵੱਖ ਵੱਖ ਵਿਧਾਵਾਂ ਨਾਲ ਜੁੜੀਆਂ ਹਸਤੀਆਂ ਸ਼ਾਮਿਲ ਹੁੰਦੀਆਂ ਹਨ। ਬੀਤੇ ਦਿਨੀਂ ਆਯੋਜਿਤ ਹੋਈ ਸੱਥ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਪਹਿਲੇ ਦੌਰ ਵਿੱਚ ਜਿੱਥੇ ਕਸ਼ਮੀਰ ਦੇ ਅਜੋਕੇ ਹਾਲਾਤਾਂ ਉੱਪਰ ਚਰਚਾ ਕੀਤੀ ਗਈ, ਉੱਥੇ ਗੁਰਦਾਸ ਮਾਨ ਨਾਲ ਜੁੜੇ ਸਮੁੱਚੇ ਘਟਨਾਕ੍ਰਮ ਉੱਪਰ ਵੀ ਗੰਭੀਰ ਵਿਚਾਰ ਚਰਚਾ ਕੀਤੀ ਗਈ। ਬੁਲਾਰਿਆਂ ਨੇ ਹਿੰਦੀ ਦਾ ਗਲਬਾ ਸਥਾਪਿਤ ਕਰਨ ਦੇ ਬਿਆਨਾਂ ਨੂੰ ਆਮ ਲੋਕਾਈ ਦਾ ਕਸ਼ਮੀਰ ਮਸਲੇ ਵੱਲੋਂ ਧਿਆਨ ਭਟਕਾਉਣਾ ਕਰਾਰ ਦਿੰਦਿਆਂ ਕਿਹਾ ਕਿ ਸਿਆਸਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ, ਸਗੋਂ ਹਰ ਘਟਨਾ, ਹਰ ਬਿਆਨ ਪਹਿਲਾਂ ਤੋਂ ਹੀ ਵਿਉਂਤਿਆ ਹੁੰਦਾ ਹੈ। ਬੇਸ਼ੱਕ ਗੁਰਦਾਸ ਮਾਨ ਦੇ ਬਿਆਨ ਦੀ ਮਨਸ਼ਾ ਹੋਰ ਹੋਵੇ, ਪਰ ਉਸ ਦੇ ਬਿਆਨ ਦੀ ਸਮਾਂ ਚੋਣ ਅਤੇ ਬਾਅਦ ਵਿੱਚ ਅਭੱਦਰ ਸ਼ਬਦਾਵਲੀ ਬੋਲਣਾ ਪੰਜਾਬੀ ਪ੍ਰੇਮੀਆਂ ਨੂੰ ਚੁਭਣਾ ਲਾਜ਼ਮੀ ਸੀ। ਇਸ ਦੌਰਾਨ ਮਰਹੂਮ ਕਵੀ ਓਮ ਪ੍ਰਕਾਸ਼ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸੱਥ ਦੇ ਦੂਜੇ ਦੌਰ ਵਿੱਚ ਪਾਕਿਸਤਾਨੀ ਮੂਲ ਦੇ ਸਿਆਸਤਦਾਨ ਤੇ ਸ਼ਾਇਰ ਖਾਲਿਦ ਜਾਵਿਦ, ਮੁਹੰਮਦ ਅਜਹਰ, ਦਲਜੀਤ ਸਿੰਘ, ਜਗਦੀਸ਼ ਸਿੰਘ, ਤਰਲੋਚਨ ਸਿੰਘ, ਹਿੰਮਤ ਖੁਰਮੀ, ਹਰਜੀਤ ਦੁਸਾਂਝ, ਇਮਤਿਆਜ਼ ਅਲੀ ਗੌਹਰ, ਅਮਰ ਮੀਨੀਆਂ, ਕਿਰਨ ਪ੍ਰਕਾਸ਼, ਸੰਤੋਖ ਸਿੰਘ, ਸਲੀਮ ਰਜ਼ਾ, ਮਨਦੀਪ ਖੁਰਮੀ, ਦਿਲਬਾਗ ਸੰਧੂ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਂਹੀਂ ਹਾਜ਼ਰੀ ਲਗਵਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ: ਇੰਦਰਜੀਤ ਸਿੰਘ, ਸੁਖਦੇਵ ਰਾਹੀ, ਕੁਲਦੀਪ ਕੌਰ, ਕੀਰਤ ਖੁਰਮੀ, ਗੁਰਮੀਤ ਹਿੰਮਤਪੁਰਾ, ਅਜੀਤ ਸਿੰਘ ਨੈਣੇਵਾਲ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਗਲਾਸਗੋ ‘ਚ ਜੁੜੀ ਪੰਜਾਬੀ ਸੱਥ ਵਿੱਚ ਪਹੁੰਚੇ ਦੋਵੇਂ ਪੰਜਾਬਾਂ ਦੇ ਅਦੀਬ ਸਾਹਿਤ ਅਤੇ ਸਿਆਸਤ ਨਾਲ ਜੁੜੇ ਮੁੱਦਿਆਂ ‘ਤੇ ਹੋਈ ਵਿਚਾਰ
This entry was posted in ਅੰਤਰਰਾਸ਼ਟਰੀ.