ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਬਾਰੇ ਕਿਸੇ ਪੰਜਾਬੀ ਮਾਂ ਬੋਲੀ ਦੇ ਪੁੱਤਰ ਨੂੰ ਦੱਸਣ ਦੀ ਲੋੜ ਨਹੀਂ। ਪੰਜਾਬੀ ਮਾਂ ਬੋਲੀ ਨਾਲ਼ ਮਾੜੀ-ਮੋਟੀ ਮੱਸ ਰੱਖਣ ਵਾਲ਼ਾ ਹਰ ਪੰਜਾਬੀ ਉਸ ਦੇ ਨਾਂ ਤੋਂ ਵਾਕਿਫ਼ ਹੋਵੇਗਾ। ਜਿਸ ਨੇ ਜੱਗੀ ਕੁੱਸਾ ਦੇ ਨਾਵਲ, ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਅਤੇ ਤਵੀ ਤੋਂ ਤਲਵਾਰ ਤੱਕ ਪੜ੍ਹੇ ਨੇ, ਉਹ ਭਲੀ-ਭਾਂਤ ਜਾਣਦੇ ਨੇ ਕਿ ਜੱਗੀ ਕੁੱਸਾ ਨੇ ਕਿੰਨੀ ਬੇਬਾਕੀ ਨਾਲ਼ ਲਿਖਿਆ ਹੈ। “ਸੱਜਰੀ ਪੈੜ ਦਾ ਰੇਤਾ“ ਨਾਵਲ ਵਿੱਚ ਇੱਕ ਇੰਗਲੈਂਡ ਵਿੱਚ ਵਸਦੀ ਕੱਚੀ ਉਮਰ ਦੀ ਪੰਜਾਬਣ ਕੁੜੀ ਕਿਵੇਂ ਇੱਕ ਮੁਸਲਮਾਨ ਮੁੰਡੇ ਦੇ ਪ੍ਰੇਮ-ਜਾਲ਼ ਵਿੱਚ ਫ਼ਸ ਕੇ ਉਸ ਨਾਲ਼ ਵਿਆਹ ਕਰਵਾਉਣ ਲਈ ਪਾਕਿਸਤਾਨ ਚਲੀ ਜਾਂਦੀ ਹੈ, ਅਤੇ ਜਬਰੀ ਕਿਵੇਂ ਉਸ ਬੱਚੀ ਨੂੰ ਵੇਸਵਾਗਿਰੀ ਲਈ ਇੱਕ ‘ਕੋਠੇ‘ ਉਪਰ ਬਿਠਾ ਦਿੱਤਾ ਜਾਂਦਾ ਹੈ, ਫ਼ਿਰ ਉਸ ਨੂੰ ਲੜਕੀ ਨੂੰ ਇੱਕ ਭਲਾ ਮੁਸਲਮਾਨ ਵਿਅਕਤੀ ਹੀ ਉਸ ਨਰਕ ਵਿੱਚੋਂ ਕਿਵੇਂ ਕੱਢ ਕੇ ਲਿਆਉਂਦਾ ਹੈ? ਸਮੁੱਚੇ ਘਟਨਾਕ੍ਰਮ ਨੂੰ ਬਿਆਨਦੇ ਪੰਜਾਬੀ ਨਾਵਲ “ਸੱਜਰੀ ਪੈੜ ਦਾ ਰੇਤਾ“ ਦਾ ਅੰਗਰੇਜ਼ੀ ਅਨੁਵਾਦ “ਦ ਲੌਸਟ ਫੁਟਪਰਿੰਟਸ“ ਵੀ ਤਿਆਰ ਹੋ ਚੁੱਕਾ ਹੈ। ਹੁਣ ਇੱਕ ਅੰਗਰੇਜ਼ੀ ਪਬਲਿਸ਼ਿੰਗ ਕੰਪਨੀ ਨੇ ਜੱਗੀ ਕੁੱਸਾ ਦੇ ਨਾਵਲਾਂ ਦੇ ਵਿਸ਼ਿਆਂ ਬਾਰੇ ਸੁਣ ਕੇ ਉਸ ਦੇ ਨਾਵਲਾਂ ਦੇ ਅੰਗਰੇਜ਼ੀ ਅਨੁਵਾਦ ਛਾਪਣੇ ਸ਼ੁਰੂ ਕੀਤੇ ਹਨ। ਜੱਗੀ ਕੁੱਸਾ ਦਾ ਕਹਿਣਾ ਹੈ ਕਿ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ 1984 ਦੇ ਤਮਾਮ ਮਸਲਿਆਂ ਬਾਰੇ ਜਾਣੂੰ ਕਰਵਾਉਣਾ ਚਾਹੁੰਦੇ ਹੋ, ਤਾਂ ਉਕਤ ਨਾਵਲ ਆਪਣੇ ਇੱਥੋਂ ਦੇ ਜੰਮਪਲ ਬੱਚਿਆਂ ਨੂੰ “ਦ ਸਟਰਗਲ ਫਾਰ ਆਨਰ“ ਅਤੇ “ਆਊਟਸਾਈਡ, ਸਮਵੇਅਰ ਏ ਲੈਂਪ ਬਰਨਜ਼“ ਜ਼ਰੂਰ ਪੜ੍ਹਾਓ! ਇਹ ਨਾਵਲ ਹਰ ਦੇਸ਼ ਦੇ “ਐਮਾਜ਼ੋਨ“ ‘ਤੇ ਵੀ ਉਪਲਬਧ ਹਨ।
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲ ਹੁਣ ਅੰਗਰੇਜ਼ੀ ਵਿੱਚ ਵੀ ਉਪਲਬਧ
This entry was posted in ਸਰਗਰਮੀਆਂ.