ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਪ੍ਰਤੀ ਫੈਸਲੇ / ਵਿਚਾਰ ਨੂੰ ਮਾਨਵੀ ਅਧਾਰ ‘ਤੇ ਤਿਆਗ ਦੇਣ ਦੀ ਮਰਹੂਮ ਮੁਖ ਮੰਤਰੀ ਬੇਅੰਤ ਸਿੰਘ ਪਰਿਵਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਵਿਧਾਇਕ ਗੁਰਕੀਰਤ ਸਿੰਘ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਈ ਰਾਜੋਆਣਾ ਦੇ ਮਾਮਲੇ ਨੂੰ ਕੇਵਲ ਰਾਜਨੀਤਿਕ ਪਖੋਂ ਹੀ ਨਹੀਂ ਲਿਆ ਜਾਣਾ ਚਾਹੀਦਾ। ਉਹ ਨਾ ਕੇਵਲ 23 ਸਾਲ ਜੇਲ ਕੱਟ ਚੁਕਿਆ ਹੈ ਸਗੋਂ ਇਹ ਮਾਮਲਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਵੀ ਜੁੜੀਆਂ ਹੋਈਆਂ ਹਨ। ਕੇਂਦਰ ਦੇ ਫੈਸਲੇ ਨਾਲ ਉਸ ਦੇ ਪਰਿਵਾਰ ਨੇ ਹੀ ਨਹੀਂ ਸਗੋਂ ਸਿੱਖ ਕੌਮ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੇਂਦਰ ਵਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਗਈਆਂ ਬੇਇਨਸਾਫੀਆਂ ਦੇ ਚਲਦਿਆਂ ਜੋ ਕੁਝ ਵਾਪਰਿਆ ਉਹ ਬਹੁਤ ਲੰਮੀ ਦੁਖਦਾਈ ਅਤੇ ਖੂਨ ਡੋਲਵੀਂ ਸੀ। ਜਿਸ ਦੌਰਾਨ ਝਲਿਆ ਸੰਤਾਪ ਦਾ ਪ੍ਰਛਾਵਾਂ ਹੁਣ ਤਕ ਦੇਖਿਆ ਜਾ ਸਕਦਾ ਹੈ। ਸਮੇਂ ਦੇ ਬੀਤਣ ਨਾਲ ਕੇਂਦਰ ਸਰਕਾਰ ਵਲੋਂ ਉਕਤ ਪ੍ਰਤੀ ਕੋਈ ਵਡੀ ਨਜ਼ਰਸਾਨੀ ਕੀਤੀ ਜਾ ਰਹੀ ਹੈ ਤਾਂ ਉਸ ਦਾ ਹਰੇਕ ਨੂੰ ਸਵਾਗਤ ਕਰਨਾ ਬਣਦਾ ਹੈ। ਦੇਸ਼ ‘ਚ ਇਕ ਚੰਗਾ ਮਾਹੌਲ ਸਿਰਜਣ ਲਈ ਸਿੱਖ ਭਾਈਚਾਰੇ ਵਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਪ੍ਰਤੀ ਕੇਂਦਰ ਵਲੋਂ ਸਾਰਥਿਕ ਪਹੰੁਚ ਅਪਣਾਉਦਿਆਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਮਾਨਵੀ ਅਤੇ ਸਦਭਾਵਨਾ ਪਖੋਂ ਭਾਈ ਰਾਜੋਆਣੀ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲੀ ਜਾਂਦਾ ਹੈ ਅਤੇ 8 ਹੋਰ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਦੇਸ਼ ਅਤੇ ਰਾਜ ਦੇ ਮਾਹੌਲ ‘ਤੇ ਚੰਗਾ ਅਸਰ ਦੇਖਣ ਨੂੰ ਅਵਸ਼ ਮਿਲੇਗਾ। ਇਸ ਨਾਲ ਪੰਜਾਬ ਜਾਂ ਮੁਲਕ ਦੀ ਅਮਨ ਸ਼ਾਂਤੀ ਨੂੰ ਕੋਈ ਖਤਰਾ ਜਾਂ ਨੁਕਸਾਨਦੇਹ ਨਹੀਂ ਹੋਵੇਗਾ। ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਬੇਅੰਤ ਸਿੰਘ ਦੀ ਧੀ ਬੀਬਾ ਗੁਰਕਮਲ ਕੌਰ ਵਲੋਂ ਪਹਿਲਾਂ 2007 ਅਤੇ ਫਿਰ 2012 ਦੌਰਾਨ ਭਾਈ ਰਾਜੋਆਣਾ ਦੀ ਫਾਂਸੀ ਰੋਕਣ ‘ਤੇ ਪੰਜਾਬ ਦੇ ਮਾਹੌਲ ਨੂੰ ਸਾਜ਼ਗਾਰ ਬਣਾਈ ਰਖਣ ਅਤੇ ਮਾਨਵੀ ਅਧਾਰ ‘ਤੇ ਕੀਤੀ ਗਈ ਵਕਾਲਤ ਅਤੇ ਹੁਣ ਫਿਰ ਉਸ ਦੀ ਫਾਂਸੀ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੇ ਮੁਦੇ ਨੂੰ ਸਿਆਸਤ ਤੋਂ ਦੂਰ ਰਖਣ ਦੀ ਗਲ ਕਹਿੰਦਿਆਂ ਇਸ ਪ੍ਰਤੀ ਕੋਈ ਇਤਰਾਜ਼ ਨਾ ਹੋਣਾ ਵਡੇ ਦਿਲ ਦੀ ਨਿਸ਼ਾਨੀ ਤੇ ਸ਼ਘਾਲਾਯੋਗ ਹੈ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੇ ਕਾਨੂੰਨ ਦਾ ਸਾਹਮਣਾ ਕਰਦਿਆਂ ਆਪਣੇ ਆਪ ਨੂੰ ਬਚਾਉਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਅਤੇ ਆਪਣੀਆਂ ਅੱਖਾਂ, ਗੁਰਦੇ, ਦਿੱਲ ਅਤੇ ਹੋਰ ਸਰੀਰਕ ਅੰਗ ਦਾਨ ਕਰਦਿਆਂ ਮਾਨਵੀ ਪਹੁੰਚ ਅਪਣਾਈ ਗਈ ਹੈ। ਅਖੀਰ ‘ਚ ਉਹਨਾਂ ਕਿਹਾ ਕਿ ਜਿਥੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ‘ਚ ਫਾਂਸੀ ਦੀ ਸਜ਼ਾ ਖਤਮ ਕੀਤੀ ਜਾ ਰਹੀ ਹੈ ਉਥੇ ਭਾਈ ਰਾਜੋਆਣਾ ਦੇ ਮਾਮਲੇ ਦਾ ਵਿਰੋਧ ਸਿੱਖ ਵਿਰੋਧੀ ਮਾਨਸਿਕਤਾ ਹੀ ਸਮਝਿਆ ਜਾਵੇਗਾ। ਇਸ ਲਈ ਬੇਅੰਤ ਸਿੰਘ ਪਰਿਵਾਰ ਨੂੰ ਭਾਈ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੇ ਖਿਲਾਫ ਸੁਪਰੀਮ ਕੋਰਟ ਜਾਣ ਦਾ ਵਿਚਾਰ ਤਿਆਗ ਦੇਣ ਦੀ ਉਨਾਂ ਸਲਾਹ ਦਿਤੀ।