ਨਵੀਂ ਦਿੱਲੀ – ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਅੱਜ ਨਵੀਂ ਪੰਥਕ ਪਾਰਟੀ ਹੋਂਦ ਵਿਚ ਆਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੁਸਾਇਟੀ ਐਕਟ ਤਹਿਤ ਰਜਿਸਟਰਡ ਹੋਈ ਇਸ ਨਵੀਂ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਹੋਣਗੇ। ਇਸ ਦਾ ਐਲਾਨ ਪਾਰਟੀ ਦੇ ਸਰਪ੍ਰਸਤ ਅਤੇ ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ: ਹਰਮੀਤ ਸਿੰਘ ਨੇ ਕੀਤਾ। ਜਦੋਂ ਕਿ ਹਰਮੀਤ ਸਿੰਘ ਨੂੰ ਸਰਪ੍ਰਸਤ ਐਲਾਨਣ ਦਾ ਕੰਮ ਬਜ਼ੁਰਗ ਸਿੱਖ ਆਗੂ ਬਲਬੀਰ ਸਿੰਘ ਕੋਹਲੀ ਨੇ ਕੀਤਾ। ਗ੍ਰੰਥੀ ਸਾਹਿਬ ਨੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ (ਪਹਾੜੀ ਵਾਲਾ) ਗ੍ਰੇਟਰ ਕੈਲਾਸ਼ ਵਿਖੇ ਹੋਏ ਪ੍ਰਭਾਵਸ਼ਾਲੀ ਵਿਸ਼ੇਸ਼ ਇਕੱਠ ਦੌਰਾਨ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਗੁਰਬਾਣੀ ਕੀਰਤਨ ਉਪਰੰਤ ਅਰਦਾਸ ਵਿਚ ਪਾਰਟੀ ਦੇ ਨਾਮ ਦੀ ਘੋਸ਼ਣਾ ਕੀਤੀ। ਪਾਰਟੀ ਦਾ ਨਾਮ ਜਾਗੋ – ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਜੀਕੇ ਨੇ ਦੱਸਿਆ ਕਿ ਪਾਰਟੀ ਵਿੱਚ ਜਲਦ ਹੀ ਯੂਥ ਵਿੰਗ, ਮਹਿਲਾ ਵਿੰਗ, ਧਾਰਮਿਕ ਵਿੰਗ ਅਤੇ ਬੁੱਧੀਜੀਵੀ ਵਿੰਗ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਜਦੋਂ ਕਿ ਵਿਦਿਆਰਥੀ ਵਿੰਗ ਦੀ ਪ੍ਰਧਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਤਰਨਪ੍ਰੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਨਾਲ ਹੀ ਪਾਰਟੀ ਦੀ ਇਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਉੱਘੇ ਪੇਸ਼ੇਵਰ ਪੰਥ ਨੂੰ ਸੇਧ ਦੇਣਗੇ। ਸੰਗਠਨ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੇ 46 ਵਾਰਡਾਂ ਨੂੰ 5 ਜ਼ਿਲ੍ਹਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਦਾ ਨਾਂਅ 5 ਸਿੱਖ ਜਰਨੈਲਾਂ ਦੇ ਨਾਮ ‘ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ 1783 ਵਿਚ ਦਿੱਲੀ ਨੂੰ ਫਤਹਿ ਕੀਤਾ ਸੀ। ਕਮੇਟੀ ਦੇ ਹਰੇਕ ਜ਼ਿਲ੍ਹੇ ਵਿੱਚ 9-10 ਵਾਰਡ ਹੋਣਗੇ। ਪੂਰਵੀ ਦਿੱਲੀ ਜ਼ਿਲ੍ਹੇ ਦਾ ਨਾਮ ਬਾਬਾ ਬਘੇਲ ਸਿੰਘ ਦੇ ਨਾਂਅ ਤੇ ਰੱਖਿਆ ਜਾਵੇਗਾ ਜਦੋਂ ਕਿ ਮੱਧ-ਪੱਛਮੀ ਦਿੱਲੀ ਜ਼ਿਲ੍ਹੇ ਦਾ ਨਾਂਅ ਬਾਬਾ ਜੱਸਾ ਸਿੰਘ ਆਹਲੂਵਾਲੀਆ, ਪੱਛਮੀ ਦਿੱਲੀ ਜ਼ਿਲ੍ਹਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਦੱਖਣੀ ਦਿੱਲੀ ਜ਼ਿਲ੍ਹੇ ਦਾ ਨਾਂਅ ਜਥੇਦਾਰ ਮਹਾਂ ਸਿੰਘ ਸ਼ੁਕਰਾਕੀਆ ਅਤੇ ਉੱਤਰੀ ਦਿੱਲੀ ਜ਼ਿਲ੍ਹੇ ਦਾ ਨਾਮ ਜਥੇਦਾਰ ਤਾਰਾ ਸਿੰਘ ਘੇਬਾ ਦੇ ਨਾਮ ‘ਤੇ ਰੱਖਿਆ ਗਿਆ ਹੈ।
ਜੀਕੇ ਨੇ ਕਿਹਾ ਕਿ ਪੰਥਕ ਪਾਰਟੀ ਹੋਣ ਦੇ ਨਾਤੇ ਪਾਰਟੀ ਦਾ ਕਾਰਜ ਖੇਤਰ ਭਾਰਤ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀ ਆਵਾਜ਼ ਬਣ ਕੇ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਾ ਹੋਵੇਗਾ। ਮੰਗ ਅਤੇ ਸਹੂਲਤ ਦੇ ਅਨੁਸਾਰ ਪਾਰਟੀ ਦੀਆਂ ਇਕਾਈਆਂ ਦੀ ਸਥਾਪਨਾ ਭਾਰਤ ਅਤੇ ਵਿਦੇਸ਼ਾਂ ਵਿੱਚ ਕੀਤੀ ਜਾ ਸਕਦੀ ਹੈ। ਜੀਕੇ ਨੇ ਮੀਡੀਆ ਸਾਹਮਣੇ ਪਾਰਟੀ ਦਾ ਲੋਗੋ ਵੀ ਜਾਰੀ ਕੀਤਾ। ਜਿਸ ਵਿਚ ਪਾਰਟੀ ਦੀ ਟੈਗ ਲਾਈਨ ”ਨੀਹਾਂ ਤੋਂ ਲੀਹਾਂ ਤਕ” ਲਿਖੀਂ ਹੋਈ ਸੀ। ਜਿਸਦਾ ਅਰਥ ਹੈ ਕਿ ਸਿੱਖ ਗੁਰੂਆਂ ਵਲੋਂ ਪੰਥ ਦੀ ਰੱਖੀ ਗਈ ਨੀਂਹ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਦਰਸਾਈ ਗਈ ਸਿਧਾਂਤਕ ਅਤੇ ਅਧਿਆਤਮਿਕ ਲਕੀਰ ‘ਤੇ ਚੱਲਦਿਆਂ ਸਿੱਖ ਭਾਈਚਾਰੇ ਦੀ ਅਵਾਜ਼ ਬਣਿਆ ਜਾ ਸਕੇ। ਜੀਕੇ ਨੇ ਕਿਹਾ ਕਿ 1950 ਤੋਂ ਦਿੱਲੀ ਦੀ ਸੰਗਤ ਨੇ ਨਿਰੰਤਰ ਮੇਰੇ ਪਰਿਵਾਰ ‘ਤੇ ਭਰੋਸਾ ਦਿਖਾਇਆ ਹੈ। ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਅਤੇ ਮੇਰੇ ਵਲੋਂ ਕੌਮੀ ਭਾਵਨਾਵਾਂ ਅਤੇ ਉਮੀਦਾਂ ਨੂੰ ਸਮਝਦੇ ਹੋਏ ਮਹੱਤਵਪੂਰਣ ਕੰਮ ਕੀਤੇ ਗਏ ਹਨ। ਪਰ ਇਸ ਸਮੇਂ ਦਿੱਲੀ ਦੀ ਸੰਗਤ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਕਿਉਂਕਿ ਰਾਜਨੀਤਿਕ ਜਾਲਾਂ ਅਤੇ ਸਾਜਿਸ਼ਾਂ ਦੇ ਤਹਿਤ ਮੈਨੂੰ ਰਾਜਨੀਤਿਕ ਤੌਰ ‘ਤੇ ਬੇਦਖਲ ਕੀਤਾ ਗਿਆ ਸੀ। ਪਰ ਹੁਣ ਹਰ ਕੋਈ ਸਮਝ ਗਿਆ ਹੈ ਕਿ ਅਸਲੀਅਤ ਕੀ ਹੈ।
ਜੀਕੇ ਨੇ ਕਿਹਾ ਕਿ ਹੁਣ ਸੰਗਤ ਖੁਦ ਗੁਰੂ ਚਰਨਾਂ ਵਿਖੇ ਮੇਰੀ ਅਗਵਾਈ ਲਈ ਅਰਦਾਸਾਂ ਕਰ ਰਹੀ ਹੈ। ਇਸ ਲਈ ਸੰਗਤਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਕ ਨਵੀਂ ਪਾਰਟੀ ਬਣਾਈ ਗਈ ਹੈ। ਨਾਲ ਹੀ, ਦਿੱਲੀ ਵਿਚ 10000 ਸਰਗਰਮ ਮੈਂਬਰ ਬਣਾਉਣ ਦੀ ਪ੍ਰਕਿਰਿਆ ਨੂੰ ਆਫਲਾਈਨ ਅਤੇ ਆੱਨਲਾਇਨ ਦੋਵਾਂ ‘ਤੇ ਸ਼ੁਰੂ ਕੀਤਾ ਜਾਵੇਗਾ। ਜਿਸਦੇ ਲਈ ਪਾਰਟੀ ਦੀ ਵੈਬਸਾਈਟ, ਫੇਸਬੁੱਕ, ਵਟਸਐਪ, ਟਵਿੱਟਰ, ਇੰਸਟਾਗ੍ਰਾਮ ਅਤੇ ਯੂ-ਟਯੂਬ ਲਈ ਸੋਸ਼ਲ ਮੀਡੀਆ ਅਕਾਉਂਟ ਬਣਾਏ ਗਏ ਹਨ। ਪਾਰਟੀ ਦਾ ਮੁੱਖ ਦਫਤਰ ਪੂਸਾ ਰੋਡ ‘ਤੇ ਹੋਵੇਗਾ। ਜੀਕੇ ਨੇ ਕਿਹਾ ਕਿ ਅਸੀਂ ਉਸਾਰੂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਗੇਂ। ਅਸੀਂ ਕਮੇਟੀ ਦੇ ਚੰਗੇ ਕੰਮਾਂ ‘ਤੇ ਸ਼ਾਬਾਸ਼ੀ ਦੇਵਾਂਗੇ ਅਤੇ ਗਲਤ ਕੰਮਾਂ ‘ਤੇ ਵੀ ਸਖਤ ਖਿੱਚ ਪਾਵਾਂਗੇ। ਜੀਕੇ ਨੇ ਤਾਹਨੇ ਮਾਰਦੇ ਹੋਇਆ ਕਿਹਾ ਕਿ ਸੰਗਤਾਂ ਦੀ ਵੱਡੀ ਗਿਣਤੀ ਦੱਸਦੀ ਹੈ ਕਿ ਮੈਂ ਸੰਗਤ ਦਾ ਮੁਖੀ ਹਾਂ, ਪਰ ਉਹ ਮੈਂਬਰਾਂ ਦਾ ਪ੍ਰਧਾਨੁ ਹੈ। ਜੀਕੇ ਨੇ ਇਸ ਮੌਕੇ ਦਿੱਲੀ ਦੇ ਪੁਰਾਣੇ ਸਿੱਖ ਆਗੂਆਂ ਨੂੰ ਵੀ ਯਾਦ ਕੀਤਾ।