ਫ਼ਤਹਿਗੜ੍ਹ ਸਾਹਿਬ -“ਜਦੋਂ ਬਰਗਾੜੀ ਵਿਖੇ ਸਿੱਖ ਕੌਮ ਦਾ ਆਪਣੀਆ ਵਿਧਾਨਿਕ ਤੇ ਜਾਇਜ ਮੰਗਾਂ ਦੀ ਪੂਰਤੀ ਤੇ ਇਨਸਾਫ਼ ਪ੍ਰਾਪਤ ਕਰਨ ਲਈ ਮੋਰਚਾ ਲਗਾਇਆ ਗਿਆ ਸੀ, ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤਇੰਦਰ ਸਿੰਘ ਬਾਜਵਾ ਬਤੌਰ ਵਜ਼ੀਰ ਤੇ ਨੁਮਾਇੰਦਿਆ ਦੇ ਤੌਰ ਤੇ ਬਰਗਾੜੀ ਵਿਚ ਹਜ਼ਾਰਾਂ ਦੀ ਗਿਣਤੀ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਆਏ ਹੋਏ ਸਨ । ਉਸ ਸਮੇਂ ਉਪਰੋਕਤ ਦੋਵਾਂ ਕੈਬਨਿਟ ਵਜ਼ੀਰਾਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਨੁਮਾਇੰਦਿਆ ਨੇ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਉਣ ਦੇ ਬਚਨ ਕੀਤੇ ਸਨ, ਉਥੇ ਉਨ੍ਹਾਂ ਨੇ 25-25 ਸਾਲਾ ਤੋਂ ਜ਼ਬਰੀ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਦੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਉਤਸਵ ਤੇ ਰਿਹਾਅ ਕਰਨ ਦਾ ਬਚਨ ਵੀ ਕੀਤਾ ਸੀ । ਲੇਕਿਨ ਉਸ ਵਾਅਦੇ ਉਤੇ ਅਮਲ ਕਰਦੇ ਹੋਏ ਕੇਵਲ ਹੁਣ ਤੱਕ 8 ਸਿੱਖਾਂ ਨੂੰ ਹੀ ਰਿਹਾਅ ਕੀਤਾ ਗਿਆ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ ਉਮਰਕੈਦ ਵਿਚ ਤਬਦੀਲ ਕੀਤਾ ਹੈ, ਜੋ ਕਿ ਅੱਛੀ ਕਾਰਵਾਈ ਹੋਈ ਹੈ । ਲੇਕਿਨ ਕੀਤੇ ਵਾਅਦੇ ਅਨੁਸਾਰ ਸਮੁੱਚੇ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਗਈ। ਜੋ ਕਿ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਦੁੱਖ ਪਹੁੰਚਾਉਣ ਦੇ ਨਾਲ-ਨਾਲ ਆਪਣੇ ਬਚਨਾਂ ਤੋਂ ਮੁੰਨਕਰ ਹੋਣ ਦੇ ਦੁੱਖਦਾਇਕ ਅਮਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਵੱਲੋਂ ਬਰਗਾੜੀ ਮੋਰਚੇ ਵਿਚ ਭੇਜੇ ਆਪਣੇ ਨੁਮਾਇੰਦਿਆ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤਇੰਦਰ ਸਿੰਘ ਬਾਜਵਾ ਵੱਲੋਂ ਸਿੱਖ ਕੌਮ ਨਾਲ ਜਨਤਕ ਤੌਰ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ-ਨਾਜ਼ਰ ਸਮਝਕੇ ਜੋ ਬਚਨ ਕੀਤਾ ਸੀ, ਉਸ ਨੂੰ ਸਰਕਾਰ ਵੱਲੋਂ ਪੂਰਨ ਨਾ ਕਰਨ ਉਤੇ ਗਹਿਰਾ ਦੁੱਖ ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੇ ਜਨਤਾ ਦੇ ਸਾਹਮਣੇ ਵੱਡੇ ਇਕੱਠ ਵਿਚ ਗੁਟਕਾ ਸਾਹਿਬ ਹੱਥ ਵਿਚ ਫੜ੍ਹਕੇ ਸੌਹ ਖਾਂਦੀ ਸੀ ਅਤੇ ਇਕਰਾਰਨਾਮਾ ਕੀਤਾ ਸੀ ਕਿ ਸਿੱਖ ਕੌਮ ਨਾਲ ਹੋਈ ਬੇਇਨਸਾਫ਼ੀ ਨੂੰ ਉਹ ਹਰ ਕੀਮਤ ਤੇ ਖ਼ਤਮ ਕਰਨਗੇ, ਦੋਸ਼ੀਆਂ ਨੂੰ ਫੜ੍ਹਕੇ ਸਜ਼ਾਵਾਂ ਦੇਣਗੇ ਅਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਗੇ । ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ ਨੂੰ ਵਿਧਾਨ ਦੀ ਧਾਰਾ 161 ਰਾਹੀ ਮਿਲੇ ਵਿਸੇਸ਼ ਉਨ੍ਹਾਂ ਅਧਿਕਾਰਾਂ ਜਿਨ੍ਹਾਂ ਦੀ ਗਵਰਨਰ ਵਰਤੋਂ ਕਰਕੇ ਕਿਸੇ ਵੀ ਬੰਦੀ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਸਕਦੇ ਹਨ, ਉਸਦੀ ਸਜ਼ਾ ਘੱਟ ਕਰ ਸਕਦੇ ਹਨ ਅਤੇ ਪੂਰਨ ਤੌਰ ਤੇ ਉਸਦੀ ਸਜ਼ਾ ਨੂੰ ਮੁਆਫ਼ ਕਰ ਸਕਦੇ ਹਨ, ਉਸਦੀ ਸਿਫ਼ਾਰਿਸ਼ ਕਰਕੇ ਗਵਰਨਰ ਰਾਹੀ ਇਸ ਕੌਮੀ ਮਸਲੇ ਨੂੰ ਤੁਰੰਤ ਹੱਲ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਵਿਧਾਨ ਦੀ ਧਾਰਾ 72 ਰਾਹੀ ਪ੍ਰੈਜੀਡੈਟ ਇੰਡੀਆ ਨੂੰ ਵੀ ਉਪਰੋਕਤ ਗਵਰਨਰ ਦੀ ਤਰ੍ਹਾਂ ਅਜਿਹੇ ਅਮਲ ਕਰਨ ਦੇ ਅਧਿਕਾਰ ਹਾਸਿਲ ਹਨ । ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਪ੍ਰੈਜੀਡੈਟ ਇੰਡੀਆ ਨੂੰ ਵੀ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕਰਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਸਕਦੇ ਹਨ ।
ਸ. ਮਾਨ ਨੇ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਚੇਚੇ ਤੌਰ ਤੇ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਉਪਰੋਕਤ ਕੌਮੀ ਵਿਸ਼ੇ ਦੇ ਸੰਬੰਧ ਵਿਚ ਉਹ ਵੀ ਆਪਣਾ ਇਕ ਵਫ਼ਦ ਗਵਰਨਰ ਪੰਜਾਬ ਕੋਲ ਅਤੇ ਇਕ ਵਫ਼ਦ ਪ੍ਰੈਜੀਡੈਟ ਇੰਡੀਆ ਕੋਲ ਉਪਰੋਕਤ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੰਤ ਭੇਜਣ ਦਾ ਪ੍ਰਬੰਧ ਕਰਨ ਅਤੇ ਇਸਦੇ ਨਾਲ ਹੀ ਜੋ ਸਿੱਖ ਕੌਮ ਵੱਲੋਂ ਆਪਣੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ, ਉਸਦੇ ਵੱਡੇ ਕੌਮੀ ਮਕਸਦ ਦੀ ਪ੍ਰਾਪਤੀ ਲਈ ਉਹ ਆਪਣੀਆ ਧਾਰਮਿਕ ਜ਼ਿੰਮੇਵਾਰੀਆ ਨੂੰ ਪੂਰਨ ਕਰਨ ਲਈ ਤਿਆਰੀਆ ਵਿਚ ਜੁੱਟ ਜਾਣ । ਤਾਂ ਕਿ ਸਿੱਖ ਕੌਮ ਇਸ ਮਹਾਨ ਦਿਹਾੜੇ ਤੇ ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ, ਸਿਧਾਂਤ ਅਤੇ ਅਮਲਾਂ ਨੂੰ ਦੁਨੀਆਂ ਦੇ ਹਰ ਕੋਨੇ, ਕੌਮ ਤੇ ਧਰਮ ਵਿਚ ਪਹੁੰਚਾਉਦੀ ਹੋਈ ਆਪਣੀ ਅਗਲੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵੱਧ ਸਕੇ ।
ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਬੇਅੰਤ ਸਿੰਘ ਦੇ ਪਰਿਵਾਰਿਕ ਮੈਬਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਨੂੰ ਤੋੜਨ ਉਤੇ ਜੋ ਵਿਵਾਦਿਤ ਬਿਆਨਬਾਜੀ ਸੁਰੂ ਕੀਤੀ ਗਈ ਹੈ, ਉਸ ਸੰਬੰਧੀ ਬੇਅੰਤ ਸਿੰਘ ਦੇ ਪਰਿਵਾਰਿਕ ਮੈਬਰਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸਿੱਖ ਕੌਮ ਉਤੇ ਹੁਕਮਰਾਨਾਂ ਨੇ ਬਹੁਤ ਅਸਹਿ ਅਤੇ ਅਕਹਿ ਜ਼ਬਰ-ਜੁਲਮ ਕੀਤੇ ਹਨ ਅਤੇ ਅੱਜ ਵੀ ਹੋ ਰਹੇ ਹਨ, ਹੁਣ ਬੀਤੇ ਸਮੇਂ ਦੇ ਕੌੜੇ ਅਤੇ ਅਣਮਨੁੱਖੀ ਅਮਲਾਂ ਨੂੰ ਸਾਹਮਣੇ ਰੱਖਦੇ ਹੋਏ, ਸਿੱਖ ਧਰਮ ਦੇ ‘ਦਿਆ’ ਵਾਲੇ ਗੁਣ ਨੂੰ ਮੁੱਖ ਰੱਖਕੇ ਹੁਣ ਅਜਿਹਾ ਅਮਲ ਕਰਨ ਜਿਸ ਨਾਲ ਸਿੱਖ ਕੌਮ ਦੇ ਤੜਫਦੇ ਮਨਾਂ ਨੂੰ ਸ਼ਾਂਤ ਕੀਤਾ ਜਾ ਸਕੇ ਅਤੇ ਪੰਜਾਬ ਸੂਬੇ, ਪੰਜਾਬੀਆਂ, ਸਮੁੱਚੀ ਸਿੱਖ ਕੌਮ ਨੂੰ ਹਰ ਖੇਤਰ ਵਿਚ ਅੱਗੇ ਵਧਾਉਣ ਵਿਚ ਰੋਲ ਅਦਾ ਕੀਤਾ ਜਾ ਸਕੇ । ਅਜਿਹਾ ਤਦ ਹੀ ਹੋਵੇਗਾ, ਜੇਕਰ ਉਹ ਬੀਤੇ ਸਮੇਂ ਦੇ ਦੁਖਾਂਤ ਦੀਆਂ ਕੜੀਆ ਨੂੰ ਉਧੇੜਨ ਦੀ ਬਜਾਇ, ਬੇਅੰਤ ਸਿੰਘ ਪਰਿਵਾਰ ਵੱਡਾ ਦਿਲ ਰੱਖਕੇ ਪੰਜਾਬ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਵਿਚ ਹਾਂਪੱਖੀ ਭੂਮਿਕਾ ਨਿਭਾਅ ਸਕਣ ।