ਲੁਧਿਆਣਾ : ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਵੀਰ ਲੁਧਿਆਣਵੀ ਨੇ ਸਾਂਝੇ ਬਿਆਨ ਵਿਚ ਆਖਿਆ ਕਿ ਭਾਸ਼ਾਵਾਂ ਕਿਸੇ ਧਾਰਮਿਕ ਦਾਇਰੇ ਨਾਲੋਂ ਧਰਤੀ ਦੀਆਂ ਵੱਧ ਹੁੰਦੀਆਂ ਹਨ। ਪਿਛਲੇ ਦਿਨੀਂ ਪੰਜਾਬ ਅਤੇ ਹਿੰਦੁਸਤਾਨ ਦੇ ਕਈ ਪ੍ਰਾਤਾਂ ਵਿਚ ਬੋਲੀ ਤੇ ਪੜ੍ਹੀ ਜਾਣ ਵਾਲੀ ਭਾਸ਼ਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਦੇਸ਼ੀ ਭਾਸ਼ਾਵਾਂ ਵਿਚ ਸ਼ਾਮਲ ਕਰਕੇ ਸਾਡੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਹ ਗੱਲ ਭਾਸ਼ਾਵਾਂ ਬਾਰੇ ਪਿਛਲੇ ਦਿਨਾਂ ’ਚ ਹਿੰਦੀ ਤੇ ਪੰਜਾਬੀ ਸੰਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਛੇੜੇ ਵਿਵਾਦ ਦੇ ਸੰਦਰਭ ਵਿਚ ਦੇਖਣੀ ਬਣਦੀ ਹੈ। ਲੋਕਾਂ ਦੀਆਂ ਬੋਲੀਆਂ ਲੋਕਾਂ ਨੂੰ ਪਿਆਰੀਆਂ ਹੁੰਦੀਆਂ ਹੀ ਹਨ ਤੇ ਇਹ ਭਾਸ਼ਾ ਵਿਗਿਆਨੀਆਂ ਵਲੋਂ ਪ੍ਰਵਾਨਿਆ ਅਤੇ ਪ੍ਰਮਾਣਿਆ ਤੱਥ ਹੈ ਕਿ ਆਪਣੀ ਬੋਲੀ ਵਿਚ ਲੋਕ ਆਪਣੀ ਗੱਲ ਵਧੇਰੇ ਬੇਹਤਰ ਤਰੀਕੇ ਨਾਲ ਰੱਖ ਸਕਦੇ ਹਨ। ਸਿਰਜਣਾਤਮਿਕ ਪਹਿਲੂ ਤੋਂ ਵੀ ਭਾਸ਼ਾਵਾਂ ਵਿਚ ਬੇਲੋੜਾ ਵਿਵਾਦ ਛੇੜਣਾ ਸਮਾਜ ਲਈ ਸਿਹਤਮੰਦ ਰੁਝਾਨ ਨਹੀਂ ਹੈ। ਕੇਂਦਰ ਸਰਕਾਰ ਅਤੇ ਕਾਰਪੋਰੇਟ ਜਗਤ ਭਾਸ਼ਾਵਾਂ ਨੂੰ ਆਪਣੇ ਮਤਲਬ ਲਈ ਤਾਂ ਵਰਤਦਾ ਹੈ ਪਰ ਭਾਸ਼ਾ ਨੀਤੀ ਵਜੋਂ ਕਈ ਵਾਰ ਸੌੜੇ ਹਿੱਤਾਂ ਲਈ ਵਰਤ ਜਾਂਦਾ ਹੈ। ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾਵਾਂ ਵਿਚ ਸ਼ਾਮਲ ਕਰਨਾ ਜਿੱਥੇ ਇਕ ਘੱਟ ਗਿਣਤੀ ’ਤੇ ਹਮਲਾ ਹੈ ਉਥੇ ਲੋਕ ਵਿਰੋਧੀ ਪੈਂਤੜਾ ਵੀ ਹੈ। ਸੋ ਇਸ ਗੱਲ ਦੀ ਜਿੰਨੀ ਨਿੰਦਾ ਕੀਤੀ ਜਾ ਸਕੇ ਥੋੜ੍ਹੀ ਹੈ।
ਨਿੰਦਾ ਕਰਨ ਵਾਲਿਆਂ ਵਿਚ ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਭਗਵਾਨ ਢਿੱਲੋਂ, ਡਾ. ਕੁਲਵਿੰਦਰ ਕੌਰ ਮਿਨਹਾਸ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਪਰਮਜੀਤ ਮਹਿਕ, ਕੁਲਵਿੰਦਰ ਕਿਰਨ, ਬਲਕੌਰ ਸਿੰਘ ਗਿੱਲ, ਬਲਵਿੰਦਰ ਗਲੈਕਸੀ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸਤਨਾਮ ਸਿੰਘ, ਇੰਜ. ਸੁਰਜਨ ਸਿੰਘ, ਹਰਬੰਸ ਮਾਲਵਾ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਅਮਨਦੀਪ ਦਰਦੀ, ਸਿਮਰਨ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਸਨ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵਲੋਂ ਉਰਦੂ ਭਾਸ਼ਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਵਿਦੇਸ਼ੀ ਭਾਸ਼ਾ ਕਰਾਰ ਦੇਣ ਵਿਰੁੱਧ ਰੋਸ
This entry was posted in ਪੰਜਾਬ.