ਲੁਧਿਆਣਾ: ਸਾਬਕਾ ਕੇਂਦਰੀ ਮੰਤਰੀ ਤੇ ਪੁਰਾਣੇ ਕਵੀਸ਼ਰ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੀ ਤਾਜ਼ਾ ਫੇਰੀ ਦੌਰਾਨ ਲੁਧਿਆਣਾ ਚ ਲੋਕ ਵਿਰਾਸਤ ਅਕਾਡਮੀ ਦੇ ਮੈਂਬਰਾਂ ਨਾਲ ਸ਼ਹੀਦ ਭਗਤ ਸਿੰਘ ਨਗਰ ਚ ਗੈਰ ਰਸਮੀ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਸਾਡੇ ਪੰਜਾਬੀ ਭਰਾ ਹੋਰ ਜ਼ਬਾਨਾਂ ਰਾਹੀਂ ਆਪਣੀ ਹਸਤੀ ਉਚਿਆਉਣ ਦੇ ਤਰਲੇ ਲੈ ਰਹੇ ਹਨ ਪਰ ਮਾਂ ਬੋਲੀ ਦੀ ਸ਼ਕਤੀ ਸਰਬ ਉੱਤਮ ਹੈ। ਇਹ ਵਿਰਸੇ ਦਾ ਉਹ ਖ਼ਜ਼ਾਨਾ ਸਾਨੂੰ ਸੌਪਦੀ ਹੈ ਜੋ ਸਾਰੀ ਉਮਰ ਖ਼ਰਚ ਕੇ ਨਹੀਂ ਮੁੱਕਦਾ। ਉਨ੍ਹਾਂ ਕਿਹਾ ਕਿ ਪੜ੍ਹਨ ਲਿਖਣ ਤੇ ਬੋਲਣ ਦੀ ਤਿੰਨ ਤਰਫ਼ੀ ਲਿਆਕਤ ਨਾਲ ਹੀ ਪੰਜਾਬੀ ਜ਼ਬਾਨ ਬਚੇਗੀ।ਸਾਨੂੰ ਆਪਣਾ ਘਰ ਸੰਭਾਲਣ ਲਈ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਉਮਰ ਭਰ ਸੁਣਨ ਤੇ ਕਹਿਣ ਦਾ ਪੱਲੜਾ ਸਾਵਾਂ ਰੱਖੀਏ।
ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਦੀਆਂ ਸੰਸਥਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਅਕਾਡਮੀ ਵੱਲੋਂ ਅਸੀਂ ਇਸ ਸਾਲ ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸ ਪੁਸਤਕਾਂ ਗੁਰੂ ਨਾਨਕ ਦੇਵ ਜੀ, ਗੁਰਬਾਣੀ ਤੇ ਇਤਿਹਾਸ ਬਾਰੇ ਪ੍ਰਕਾਸ਼ਿਤ ਕਰ ਰਹੇ ਹਾਂ। ਇਹ ਸੈੱਟ ਨਵੰਬਰ ਚ ਲੋਕ ਅਰਪਨ ਕੀਤਾ ਜਾਵੇਗਾ। ਇਸ ਕਾਰਜ ਲਈ ਅਕਾਡਮੀ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਪੰਜਾਬ ਦੇ ਖ਼ੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਜੀ ਨੇ ਦਿੱਤੀ ਹੈ। ਮਾਸਟਰ ਤਾਰਾ ਸਿੰਘ ਜੀ ਦੀਆਂ ਸੱਤ ਸਾਹਿੱਤਕ ਕਿਰਤਾਂ ਨੂੰ ਵੀ ਨੇੜ ਭਵਿੱਖ ਚ ਪ੍ਰਕਾਸ਼ਿਤ ਕਰਾਂਗੇ ਜਿਸ ਲਈ ਪੰਜਾਬ ਦੇ ਸਹਿਕਾਰਤਾ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜ ਲੱਖ ਰੁਪਏ ਭੇਜੇ ਹਨ।
ਭਾਸ਼ਾ ਵਿਕਾਸ ਨਾਲ ਸਬੰਧਿਤ ਮਸਲਿਆਂ ਨਾਲ ਗੋਸ਼ਟੀਆਂ ਤੋਂ ਇਲਾਵਾ ਸ: ਜਸਵੰਤ ਸਿੰਘ ਕੰਵਲ, ਅੰਮ੍ਰਿਤਾ ਪ੍ਰੀਤਮ, ਗੁਰਦੇਵ ਸਿੰਘ ਮਾਨ ਤੇ ਸ: ਈਸ਼ਰ ਸਿੰਘ ਸੋਬਤੀ ਜਨਮ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ।
ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੋਕ ਮਨ ਵਿੱਚ ਤਬਦੀਲੀ ਵਾਸਤੇ ਵਿਆਹ ਸ਼ਾਦੀ ਮੌਕੇ ਮਠਿਆਈ ਵੰਡਣ ਦੀ ਥਾਂ ਡਾ: ਪਰਮਜੀਤ ਕੌਰ ਨੂਰ ਦੀ ਸੰਪਾਦਿਤ ਪੁਸਤਕ ਸ਼ਗਨਾਂ ਵੇਲਾ ਵਰਗੀ ਪੁਸਤਕ ਦਾ ਪ੍ਰਕਾਸ਼ਨ ਕੀਤਾ ਹੈ। ਪੰਜਾਬ ਚ ਜਗਬੀਰ ਸਿੰਘ ਸੋਖੀ ਆਪਣੀ ਧੀ ਦੇ ਵਿਆਹ ਵੇਲੇ ਤੇ ਹਰਿਆਣਾ ਦੇ ਕੁਰੂਕਸ਼ੇਤਰ ਚ ਸ: ਰ ਸ ਨੱਤ ਤੇ ਪਾਨਾਗੜ੍ਹ(ਪੱਛਮੀ ਬੰਗਾਲ) ਚ ਜਤਿੰਦਰ ਸਿੰਘ ਚਾਹਲ ਨੇ ਆਪਣੇ ਪੁੱਤਰਾਂ ਦੀਆਂ ਸ਼ਾਦੀਆਂ ਤੇ ਸਾਡੀ ਪ੍ਰੇਰਨਾ ਨਾਲ ਸੁਹਾਗ ,ਘੋੜੀਆਂ ਤੇ ਲੰਮੀ ਹੇਕ ਦੇ ਗੀਤਾਂ ਦੀਆਂ ਹਜ਼ਾਰਾਂ ਇਹ ਕਿਤਾਬਾਂ ਵੰਡੀਆ ਹਨ।
ਇਸ ਤੋਂ ਇਲਾਵਾ ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆ ਚ ਕਮਲਜੀਤ ਖੇਡਾਂ ਵਿੱਚ ਸ: ਪਿਰਥੀਪਾਲ ਸਿੰਘ ਦੀ ਅਗਵਾਈ ਹੇਠ ਪਿਛਲੇ ਦਸ ਸਾਲ ਤੋਂ ਖਿਡਾਰੀਆਂ ਨੂੰ ਨਕਦ ਇਨਾਮਾਂ ਤੋਂ ਇਲਾਵਾ ਤਿੰਨ ਕਿਤਾਬਾਂ ਦਾ ਸੈੱਟ ਵੀ ਭੇਂਟ ਕੀਤਾ ਜਾਂਦਾ ਹੈ। ਸ: ਰਾਮੂਵਾਲੀਆ ਨੇ ਸ਼ਲਾਘ ਕੀਤੀ ਤੇ ਇਸ ਨੂੰ ਹੋਰ ਪਿੰਡਾਂ ਚ ਲਾਗੂ ਕਰਨ ਲਈ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਪੰਜਾਬ ਰਾਜ ਬਿਜਲੀ ਮਹਿਕਮੇ ਦੇ ਉਪ ਮੁੱਖ ਇੰਜਨੀਅਰ ਤੇ ਲੇਖਕ ਪਰਮਜੀਤ ਸਿੰਘ ਧਾਲੀਵਾਲ, ਤਰਲੋਚਨ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ ਤੇ ਪਿੰਡ ਦਾਦ (ਲੁਧਿਆਣਾ)ਦੇ ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਭਾਸ਼ਾ, ਸਾਹਿੱਤ ਤੇ ਸਭਿਆਚਾਰ ਦੇ ਵਿਕਾਸ ਲਈ ਸਰਗਰਮ ਹੋਣਗੇ। ਜਗਦੀਸ਼ਪਾਲ ਸਿੰਘ ਗਰੇਵਾਲ ਨੇ ਆਪਣੇ ਪਰਿਵਾਰ ਵੱਲੋਂ ਸੁਰਗਵਾਸੀ ਮਾਤਾ ਜੀ ਗੁਰਚਰਨ ਕੌਰ ਗਰੇਵਾਲ ਦੀ ਯਾਦ ਚ ਇਕੱਤੀ ਹਜ਼ਾਰ ਰੁਪਏ ਪੁਸਤਕ ਸਭਿਆਚਾਰ ਦੀ ਉਸਾਰੀ ਲਈ ਲੋਕ ਵਿਰਾਸਤ ਅਕਾਡਮੀ ਨੂੰ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਰੇ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਸਨਮਾਨਿਤ ਕੀਤਾ ਗਿਆ।