ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਭਾਰਤੀ ਹਾਈ ਕਮਿਸ਼ਨਰ ਲੰਡਨ ਅਤੇ ਭਾਰਤ ਦੇ ਕੌਂਸਲੇਟ ਜਨਰਲ ਐਡਿਨਬਰਗ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਆਰਗੇਨਾਈਜੇਸ਼ਨਜ਼ (ਏ ਆਈ ਓ) ਦੇ ਵਿਸ਼ੇਸ਼ ਸਹਿਯੋਗ ਨਾਲ ਗਲਾਸਗੋ ਦੇ ਵੁੱਡਸਾਈਡ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸੰਬੰਧੀ ਸਮਾਗਮ ਕਰਵਾਇਆ ਗਿਆ। ਬੇਸ਼ੱਕ ਗਲਾਸਗੋ ਗੁਰਦੁਆਰਾ ਕੌਂਸਲ ਵੱਲੋਂ ਜਾਰੀ ਕੀਤੇ ਪ੍ਰੈੱਸ ਬਿਆਨ ਰਾਹੀਂ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ ਪਰ ਉਕਤ ਸਮਾਗਮ ਵਿੱਚ ਗੁਰਦੁਆਰਾ ਕੌਂਸਲ ਦੇ ਮੈਂਬਰ ਚਾਰ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਵਿੱਚੋਂ ਸੈਂਟਰਲ ਗੁਰਦੁਆਰਾ ਸਾਹਿਬ ਅਤੇ ਗੁਰੁ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਲਗਭਗ ਤਿੰਨ ਸੈਂਕੜੇ ਮਹਿਮਾਨਾਂ ਦੀ ਹਾਜਰੀ ਵਾਲੇ ਇਸ ਸਮਾਗਮ ਵਿੱਚ ਸਾਬਕਾ ਕੌਂਸਲਰ ਅਤੇ ਏ ਆਈ ਓ ਆਗੂ ਸੋਹਣ ਸਿੰਘ ਰੰਧਾਵਾ ਵੱਲੋਂ ਮੁੱਖ ਮਹਿਮਾਨਾਂ ਦੀ ਹਾਜਰੀਨ ਨਾਲ ਜਾਣ ਪਹਿਚਾਣ ਕਰਵਾਉਣ ਉਪਰੰਤ ਪ੍ਰਧਾਨਗੀ ਲਈ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਰੁਚੀ ਘਨਸ਼ਿਆਮ ਨੂੰ ਬੁਲਾਵਾ ਦਿੱਤਾ। ਜਿੱਥੇ ਸਮਾਗਮ ਦਾ ਆਗ਼ਾਜ਼ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਵਿਸ਼ੇਸ਼ ਪ੍ਰਦਰਸ਼ਨੀ ਨਾਲ ਹੋਇਆ ਉੱਥੇ ਇਸ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸਿੱਖੀ ਦੇ ਸੰਕਲਪ ਬਾਰੇ ਦਸਤਾਵੇਜ਼ੀ ਫਿਲਮ ਵੀ ਦਿਖਾਈ ਗਈ। 550ਵੇਂ ਜਨਮ ਸਮਾਰੋਹ ਸੰਬੰਧੀ ਸੈਮੀਨਾਰ ਦੇ ਮੁੱਖ ਬੁਲਾਰਿਆਂ ਵਿੱਚ ਕੌਂਸਲੇਟ ਜਨਰਲ ਐਡਿਨਬਰਗ ਸ੍ਰੀਮਤੀ ਅੰਜੂ ਰੰਜਨ, ਇਮਾਮ ਮੌਲਾਨਾ ਫਾਰੂਕ ਕਾਦਰੀ, ਸ੍ਰੀ ਏ ਆਰ ਘਨਸ਼ਿਆਮ, ਡਾ: ਸਰਜਿੰਦਰ ਸਿੰਘ, ਸੈਂਟਰਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਆਫਿਸ ਆਫ ਆਰਚਬਿਸ਼ਪ ਵੱਲੋਂ ਇਜਾਬੈੱਲ ਸਮਾਈਥ, ਅਚਾਰੀਆ ਮੇਧਿਨੀ ਪਤੀ ਮਿਸ਼ਰਾ ਨੇ ਵੱਖ ਵੱਖ ਧਰਮਾਂ ਦੇ ਨੁਮਾਇੰਦਿਆਂ ਵਜੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਗੁਣਗਾਣ ਆਪੋ ਆਪਣੇ ਧਰਮ ਦੇ ਨਜਰੀਏ ਤੋਂ ਕਰਦਿਆਂ ਉਹਨਾਂ ਨੂੰ ਮਾਨਵਤਾ ਦੇ ਗੁਰੁ ਹੋਣ ਦੀ ਗੱਲ ਆਖੀ। ਇਜਾਬੈੱਲ ਸਮਾਈਥ ਨੇ ਸਿੱਖ ਭਾਈਚਾਰੇ ਵੱਲੋਂ ਗੁਰੁ ਸਾਹਿਬ ਦੀ ਸਿੱਖਿਆ ਦੇ ਪਾਲਣ ਵਜੋਂ 550 ਰੁੱਖ ਲਗਾਏ ਜਾਣ ਦੀ ਪਿਰਤ ਦੀ ਸਰਾਹਨਾ ਕਰਦਿਆਂ ਹੋਰਨਾਂ ਭਾਈਚਾਰਿਆਂ ਨੂੰ ਵੀ ਇਸ ਪਿਰਤ ਦੇ ਰਾਹੀ ਬਣਨ ਦੀ ਬੇਨਤੀ ਕੀਤੀ। ਸੁਰਜੀਤ ਸਿੰਘ ਚੌਧਰੀ ਵੱਲੋਂ ਆਪਣੇ ਸੰਬੋਧਨ ਦੌਰਾਨ ਹਾਈ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਢਾਹ-ਢੁਹਾਈ ਨੂੰ ਰੋਕਣ ਅਤੇ ਇਤਿਹਾਸਕ ਸਥਾਨਾਂ ਨੂੰ ਧਰੋਹਰ ਵਜੋਂ ਸਾਂਭ ਕੇ ਰੱਖਣ ਲਈ ਸਰਕਾਰ ਨੂੰ ਅਪੀਲ ਕਰਨ। ਆਪਣੇ ਸੰਬੋਧਨ ਦੌਰਾਨ ਬੁਲਾਰਿਆਂ ਨੇ ਸ੍ਰੀ ਗੁਰੁ ਨਾਨਕ ਦੇਵ ਜੀ ਵੱਲੋਂ ਸਮੇਂ ਸਮੇਂ ‘ਤੇ ਪਾਖੰਡਵਾਦ ਦੇ ਕੀਤੇ ਵਿਰੋਧ ਬਾਰੇ ਵੀ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਇਸ ਸਮਾਗਮ ਦੇ ਬਾਈਕਾਟ ਦੀਆਂ ਸੁਰਾਂ ਉੱਠਣ ਤੋਂ ਬਾਅਦ ਕਾਫੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਨਿਵੇਕਲੇ ਅੰਦਾਜ਼ ‘ਚ ਹੋਇਆ ਇਹ ਸਮਾਗਮ ਸਰਬ ਧਰਮ ਸੰਮੇਲਨ ਦਾ ਰੂਪ ਧਾਰ ਗਿਆ ਲਗਦਾ ਸੀ, ਜਿਸ ਵਿੱਚ ਵੱਖ ਵੱਖ ਭਾਈਚਾਰਿਆਂ, ਧਰਮਾਂ, ਰੰਗਾਂ ਦੇ ਲੋਕ ਸਿਰਫ ਤੇ ਸਿਰਫ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਗੁਣਗਾਣ ਹੀ ਕਰ ਰਹੇ ਸਨ। ਸਮਾਗਮ ਦੇ ਅੰਤਲੇ ਦੌਰ ਵਿੱਚ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਜਸਮਿੰਦਰ ਸਿੰਘ (ਰਾਮਪੁਰ ਦੋਰਾਹਾ) ਦੇ ਜੱਥੇ ਵੱਲੋਂ ਸ਼ਬਦ ਗਾਇਨ ਕਰਕੇ ਹਾਜ਼ਰੀ ਭਰੀ ਗਈ। ਅੰਤ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਰੁਚੀ ਘਨਸ਼ਿਆਮ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਭਾਈਚਾਰਿਆਂ ਦੇ ਲੋਕਾਂ ਨੂੰ ਹਾਰਦਿਕ ਵਧਾਈ ਪੇਸ਼ ਕਰਦਿਆਂ ਕਿਹਾ ਕਿ ਗੁਰੁ ਨਾਨਕ ਦੇਵ ਜੀ ਸਮੁੱਚੀ ਲੋਕਾਈ ਲਈ ਸਤਿਕਾਰਤ ਹਨ ਅਤੇ ਭਾਰਤ ਸਰਕਾਰ ਉਹਨਾਂ ਦੇ ਸਨਮਾਨ ‘ਚ ਪੂਰਾ ਸਾਲ ਸਮਾਗਮ ਕਰਨ ਲਈ ਵਚਨਬੱਧ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਬੀ ਭੱਟਾਮਿਸ਼ਰਾ, ਡਾ: ਡੀਪੀ ਸਿੰਘ, ਕਿਰਨ ਗੋਲਡਸਮਿਥ, ਕਨੈਕਟ ਟੂ ਯੂਅਰ ਰੂਟਸ ਦੇ ਕੋਆਰਡੀਨੇਟਰ ਵਰਿੰਦਰ ਖਹਿਰਾ, ਏ ਪੀ ਕੌਸ਼ਿਕ, ਏ ਆਈ ੲ ਦੀ ਸਕੱਤਰ ਸ੍ਰੀਮਤੀ ਮਰਦੁਲਾ ਚੱਰਬਰਤੀ, ਪ੍ਰਧਾਨ ਅਮ੍ਰਿਤਪਾਲ ਕੌਸ਼ਲ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਬਰ੍ਹਮੀਂ, ਵਿਵੇਕ ਆਨੰਦਾ, ਮਰਦਾਨਾ ਸਿੰਘ, ਕਮਲਜੀਤ ਸਿੰਘ ਭੁੱਲਰ, ਅਮਨਪ੍ਰੀਤ ਸਿੰਘ ਛੀਨਾ, ਪਰਮਜੀਤ ਸਿੰਘ ਸਮਰਾ (ਸਪਾਈਸ ਆਫ ਲਾਈਫ), ਸ਼ਰਨਦੀਪ ਸਿੰਘ, ਸੁਮੀਤ ਝਾਅ, ਸੋਢੀ ਬਾਗੜੀ ਆਦਿ ਨੇ ਹਾਜ਼ਰੀ ਭਰੀ। ਮੰਚ ਸੰਚਾਲਕ ਦੇ ਫਰਜ਼ ਸੋਹਣ ਸਿੰਘ ਰੰਧਾਵਾ ਨੇ ਨਿਭਾਏ।
ਭਾਰਤੀ ਸਫ਼ਾਰਤਖਾਨੇ ਵੱਲੋਂ ਗਲਾਸਗੋ ‘ਚ ਕਰਵਾਇਆ 550ਵਾਂ ਪੁਰਬ ਸਮਾਗਮ ਸਰਬ ਧਰਮ ਸੰਮੇਲਨ ਹੋ ਨਿੱਬੜਿਆ
This entry was posted in ਅੰਤਰਰਾਸ਼ਟਰੀ.