ਫ਼ਤਹਿਗੜ੍ਹ ਸਾਹਿਬ – “ਅਰੁਣਾਚਲ ਪ੍ਰਦੇਸ਼ ਜਿਸ ਨੂੰ ਚੀਨ ਆਪਣੇ ਮੁਲਕ ਦਾ ਹਿੱਸਾ ਤੇ ਮਲਕੀਅਤ ਮੰਨਦਾ ਹੈ, ਉਥੇ ਅਕਸਰ ਹੀ ਉਹ ਆਪਣੀਆ ਫ਼ੌਜੀ ਕਾਰਵਾਈਆ ਕਰਕੇ ਆਪਣੀ ਮਲਕੀਅਤ ਨੂੰ ਕਈ ਵਾਰ ਜ਼ਾਹਰ ਕਰ ਚੁੱਕਿਆ ਹੈ ਅਤੇ ਇੰਡੀਆ ਵੱਲੋਂ ਅਰੁਣਾਚਲ ਵਿਚ ਚੀਨ ਦੇ ਦਖ਼ਲ ਦਾ ਕਦੀ ਵੀ ਜੁਆਬ ਨਹੀਂ ਦਿੱਤਾ ਗਿਆ । ਉਥੇ ਇੰਡੀਆ ਦੀ ਫ਼ੌਜ ਵੱਲੋਂ ਫ਼ੌਜੀ ਮਸਕਾ ਸੁਰੂ ਕੀਤੀਆ ਗਈਆ ਹਨ ਤਾਂ ਕਿ ਚੀਨ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਇਹ ਇਲਾਕਾ ਇੰਡੀਅਨ ਅਧਿਕਾਰਿਤ ਖੇਤਰ ਵਾਲਾ ਹੈ । ਜਦੋਂਕਿ ਚੀਨ ਇਸ ਇਲਾਕੇ ਨੂੰ ਆਪਣੀ ਮਲਕੀਅਤ ਪ੍ਰਵਾਨ ਕਰਦੇ ਹੋਏ ਆਪਣੇ ਚੀਨ ਦੇ ਨਕਸੇ ਵਿਚ ਅਰੁਣਾਚਲ ਨੂੰ ਦਿਖਾ ਰਿਹਾ ਹੈ । ਹੁਣ ਇੰਡੀਆ ਵੱਲੋਂ ਅਰੁਣਾਚਲ ਵਿਚ ਫ਼ੌਜੀ ਮਸਕਾ ਸੁਰੂ ਕਰਨ ਦੀ ਗੱਲ ਨੂੰ ਮੁੱਖ ਰੱਖਕੇ ਚੀਨ ਦੇ ਸਦਰ ਸ੍ਰੀ ਸੀ ਜਿਨਪਿਗ ਨੇ ਵੱਡਾ ਰੋਸ ਦਰਜ ਕਰਦੇ ਹੋਏ ਆਪਣੇ ਇੰਡੀਆ ਦੌਰੇ ਨੂੰ ਰੱਦ ਕਰ ਦਿੱਤਾ ਹੈ । ਜੋ ਏਸੀਆ ਖਿੱਤੇ ਅਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਦੇ ਅਮਨ-ਚੈਨ ਲਈ ਵੱਡੇ ਖ਼ਤਰੇ ਦੀ ਘੰਟੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਰੁਣਾਚਲ ਪ੍ਰਦੇਸ਼ ਦੇ ਖਿੱਤੇ ਨੂੰ ਲੈਕੇ ਚੀਨ ਅਤੇ ਇੰਡੀਆ ਵੱਲੋਂ ਆਪੋ-ਆਪਣੀ ਮਲਕੀਅਤ ਦਾ ਦਾਅਵਾ ਕਰਨ ਵਾਲੇ ਅਮਲਾਂ ਅਤੇ ਦੋਨਾਂ ਮੁਲਕਾਂ ਦੀ ਖਿੱਚੋਤਾਣ ਦੀ ਬਦੌਲਤ ਸਿੱਖ ਵਸੋਂ ਵਾਲੇ ਇਲਾਕਿਆ ਵਿਚ ਜੰਗੀ ਮਾਹੌਲ ਉਸਾਰਨ ਦੀਆਂ ਹੋਈਆ ਕਾਰਵਾਈਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਪਾਨ ਦੇ ਸਮੁੰਦਰ ਵਿਚ ਅਮਰੀਕਾ, ਆਸਟ੍ਰੇਲੀਆ, ਜਪਾਨ ਨੇ ਸਾਂਝੀਆ ਫ਼ੌਜੀ ਮਸਕਾ ਸੁਰੂ ਕਰ ਦਿੱਤੀਆ ਹਨ । ਅਜਿਹੇ ਅਮਲ ਵੀ ਚੀਨ ਵਰਗੇ ਵੱਡੇ ਮੁਲਕ ਨੂੰ ਚਿੜਾਉਣ ਵਾਲੀ ਕਾਰਵਾਈ ਹੈ । ਦੂਸਰੇ ਪਾਸੇ ਚੀਨ ਦੇ ਦੋਸਤ ਮੁਲਕ ਰੂਸ ਵੱਲੋਂ ਚੀਨ ਨੂੰ 35-ਐਸ.ਯੂ. ਲੜਾਕੂ ਜਹਾਜ਼ ਤਿੰਨ ਦਰਜਣ (36) ਦਿੱਤੇ ਗਏ ਹਨ । ਜੋ ਕਿ ਬਹੁਤ ਵੱਡੀ ਜੰਗੀ ਤਾਕਤ ਦੇ ਮਾਲਕ ਹਨ । ਜਦੋਂਕਿ ਇੰਡੀਆ ਕੋਲ 30-ਐਸ.ਯੂ. ਰਸੀਅਨ ਲੜਾਕੂ ਜਹਾਜ਼ ਹਨ। ਇਨ੍ਹਾਂ ਰਸੀਅਨ 35-ਐਸ.ਯੂ. ਦਾ ਮੁਕਾਬਲਾ ਕੇਵਲ ਸਵੀਡਨ ਦੇ ਜੱਸ-39 ਗ੍ਰੀਪਨ ਹੀ ਕਰ ਸਕਦੇ ਹਨ । ਜੋ ਕਿ ਇੰਡੀਆ ਕੋਲ ਨਹੀਂ ਹਨ । ਫਿਰ ਪਾਕਿਸਤਾਨ, ਚੀਨ ਦੀ ਡੂੰਘੀ ਦੋਸਤੀ ਹੈ, ਚੀਨ ਅਤੇ ਰੂਸ ਵੀ ਆਪਸ ਵਿਚ ਦੋਸਤ ਹਨ । ਫਿਰ ਇੰਡੀਆ ਵੱਲੋਂ ਜੰਗੀ ਮਾਹੌਲ ਉਸਾਰਕੇ ਚੀਨ, ਪਾਕਿਸਤਾਨ ਅਤੇ ਰੂਸ ਨੂੰ ਸਾਂਝੀ ਚੁਣੋਤੀ ਦੇਣ ਦੀ ਕਾਰਵਾਈ ਕਰਕੇ ਕੀ ਸਾਬਤ ਕਰਨਾ ਚਾਹੁੰਦਾ ਹੈ ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਇੰਡੀਆ, ਚੀਨ ਅਤੇ ਪਾਕਿਸਤਾਨ ਵਿਰੁੱਧ ਜੰਗੀ ਫ਼ੌਜੀ ਮਸਕਾ ਦੀ ਗੁਸਤਾਖੀ ਕਰਕੇ ਏਸੀਆ ਖਿੱਤੇ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਵਿਚ ਝੋਕਣ ਦੀ ਬਜਰ ਗੁਸਤਾਖੀ ਕਰ ਰਹੇ ਹਨ । ਜਦੋਂਕਿ ਸਿੱਖ ਕੌਮ ਦੀ ਤਾਂ ਕਿਸੇ ਵੀ ਮੁਲਕ, ਕੌਮ, ਫਿਰਕੇ ਆਦਿ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਨਹੀਂ । ਦੁਸ਼ਮਣੀ ਤਾਂ ਮੁਸਲਿਮ-ਹਿੰਦੂ ਅਤੇ ਪਾਕਿ-ਇੰਡੀਆ ਦੀ ਹੈ । ਫਿਰ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਮਨਸੂਬੇ ਕਿਉਂ ਬਣਾਏ ਜਾ ਰਹੇ ਹਨ ? ਦੂਸਰਾ ਇੰਡੀਆ ਦੇ ਵਜ਼ੀਰ-ਏ-ਆਜ਼ਮ ਦੀ ਕੈਬਨਿਟ ਦੀ ਸੁਰੱਖਿਆ ਕਮੇਟੀ ਹੀ ਇਸ ਤਰ੍ਹਾਂ ਦੇ ਵੱਡੇ ਫੈਸਲੇ ਕਰਨ ਦਾ ਹੱਕ ਰੱਖਦੀ ਹੈ । ਇਸ ਕਮੇਟੀ ਵਿਚ ਸਿੱਖ ਕੌਮ ਦਾ ਕੋਈ ਨੁਮਾਇੰਦਾ ਨਹੀਂ । ਫਿਰ ਸਿੱਖ ਕੌਮ ਦੀ ਸਲਾਹ-ਮਸਵਰੇ ਤੋਂ ਬਿਨ੍ਹਾਂ ਸਿੱਖ ਕੌਮ ਉਤੇ ਜੰਗ ਕਿਵੇ ਥੋਪੀ ਜਾ ਸਕਦੀ ਹੈ ? ਸ. ਮਾਨ ਨੇ ਯੂ.ਐਨ. ਸਕਿਊਰਟੀ ਕੌਂਸਲ ਨੂੰ ਇਹ ਕੌਮਾਂਤਰੀ ਨਿਯਮਾਂ ਅਤੇ ਮਨੁੱਖੀ ਹੱਕਾਂ ਤੇ ਅਧਾਰਿਤ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਵੱਸਣ ਵਾਲੇ ਸਿੱਖਾਂ ਤੇ ਪੰਜਾਬੀਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਫਿਰ ਹਿੰਦ ਅਤੇ ਪਾਕਿ ਸਾਨੂੰ ਜੰਗ ਵਿਚ ਜ਼ਬਰੀ ਧਕੇਲਣ ਦੀਆਂ ਕਾਰਵਾਈਆ ਕਰ ਰਹੇ ਹਨ । ਇਸ ਲਈ ਯੂ.ਐਨ. ਤੁਰੰਤ ਫੈਸਲਾ ਕਰਕੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਇਲਾਕੇ ਨੂੰ ਨੋ ਫਲਾਈ ਜੋਨ (No Fly Zone) ਐਲਾਨਣ ਤਾਂ ਕਿ ਨਿਰਦੋਸ਼ ਅਤੇ ਕਿਸੇ ਨਾਲ ਵੀ ਵੈਰ-ਵਿਰੋਧ ਨਾ ਰੱਖਣ ਵਾਲੀ ਸਿੱਖ ਕੌਮ ਦਾ ਇਹ ਦੋਵੇ ਦੁਸ਼ਮਣ ਮੁਲਕ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਕਰ ਸਕਣ ।