ਵਿਆਹ ਸ਼ਾਦੀ ਇੱਕ ਪਵਿੱਤਰ ਬੰਧਨ ਹੈ। ਗੁਰੂ ਦੀ ਹਜ਼ੂਰੀ ‘ਚ ਜਨਮਾਂ ਜਨਮਾਂ ਦਾ ਸਾਥ ਨਿਭਾਉਣ ਦੇ ਕੀਤੇ ਕੌਲ ਕਰਾਰ। ਪਰ ਅਸੀਂ ਲੋਕਾਂ ਨੇ ਇਸ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਾਡੇ ਲੋਕ ਪਹਿਲਾਂ ਸਿੱਧੇ ਪੁੱਠੇ ਤਰੀਕੇ ਆਪਣੇ ਮੁੰਡਿਆਂ ਨੂੰ ਵਿਦੇਸ਼ਾਂ ‘ਚ ਭੇਜਦੇ ਹਨ। ਕਈ ਵਾਰੀ ਏਜੰਟਾਂ ਨੂੰ ਇਸ ਕੰਮ ਲਈ ਮੋਟੀਆਂ ਰਕਮਾਂ ਦਿੱਤੀਆਂ ਜਾਂਦੀਆਂ ਹਨ। ਫਿਰ ਵਰਕ ਪਰਮਿਟ ਦੁਆਣ ਲਈ ਵੀ ਵਕੀਲ ਦਲਾਲੀਆਂ ਲੈਂਦੇ ਹਨ। ਫਿਰ ਪੀ.ਆਰ. ਬਨਣ ਲਈ ਕਈ ਪਾਪੜ ਵੇਲੇ ਜਾਂਦੇ ਹਨ। ਉਸ ਲਈ ਇੱਕ ਸੌਖਾ ਤਰੀਕਾ ਸਾਡੇ ਪੰਜਾਬੀਆਂ ਨੇ ਲੱਭਿਆ ਹੈ ਕਿ- ਕਿਸੇ ਕੁੜੀ ਨੂੰ ਪੈਸੇ ਦੇ ਕੇ, ਪੇਪਰ ਮੈਰਿਜ ਕਰਵਾ ਲਈ ਜਾਵੇ। ਪੱਕਾ ਹੋਣ ਬਾਅਦ, ਤਲਾਕ ਦੇ ਦਿੱਤਾ ਜਾਵੇ ਤੇ ਫਿਰ ਅਸਲੀ ਮੈਰਿਜ ਆਪਣੀ ਬਰਾਦਰੀ ਵਿੱਚ ਕੀਤੀ ਜਾਵੇ। ਆਪਣੇ ਲੋਕ ਉਸ ਨੂੰ ਕੱਚਾ ਵਿਆਹ ਵੀ ਕਹਿ ਦਿੰਦੇ ਹਨ। ਅੱਗੇ ਤਾਂ ਲੋਕ ਇਸ ਦਾ ਲੁਕੋਅ ਰੱਖਦੇ ਸਨ, ਪਰ ਹੁਣ ਤਾਂ ਬੜੇ ਫਖਰ ਨਾਲ ਦੱਸਣ ਲੱਗ ਪਏ ਹਨ। ਇਹ ਕੱਚੇ ਵਿਆਹ ਕਈ ਵਾਰੀ, ਆਪਣੀ ਹੀ ਨੇੜੇ ਦੀ ਰਿਸ਼ਤੇਦਾਰੀ ਵਿੱਚ ਲਗਦੇ ਭੈਣ-ਭਰਾਵਾਂ ਦੇ ਵੀ ਆਪਸ ਵਿੱਚ ਕੀਤੇ ਜਾਂਦੇ ਹਨ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਇਹਨਾਂ ਵਿਆਹਾਂ ਦੀ ਸਾਰਥਕਤਾ ਕੀ ਹੈ? ਇਹ ਕੱਚੇ ਵਿਆਹਾਂ ਵਾਲੇ ਜੋੜੇ ਨੂੰ ਵੀ ਕਨੂੰਨ ਮੁਤਾਬਕ ਕੁੱਝ ਸਮਾਂ ਤਾਂ ਮੀਆਂ-ਬੀਵੀ ਵਾਂਗ ਇੱਕੱਠੇ ਰਹਿਣਾ ਹੀ ਪੈਂਦਾ ਹੈ- ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਫਿਰ ਇਸ ਦੌਰਾਨ ਉਹਨਾਂ ਦੇ ਸਰੀਰਕ ਸਬੰਧ ਬਨਣੇ ਵੀ ਕੁਦਰਤੀ ਹਨ। ਇਸ ਅਰਸੇ ਦੌਰਾਨ ਕਈ ਵਾਰੀ ਬੱਚਿਆਂ ਦੇ ਜਨਮ ਵੀ ਹੋ ਜਾਂਦੇ ਹਨ। ਕੁੱਝ ਦੇਰ ਬਾਅਦ ਆਪਣੇ ਆਪ ਜਾਂ ਮਾਪਿਆਂ ਦੇ ਜ਼ੋਰ ਦੇਣ ਤੇ, ਉਸ ਕੱਚੇ ਵਿਆਹ ਵਾਲੀ ਲੜਕੀ ਨੂੰ ਤਲਾਕ ਦੇ ਦਿੱਤਾ ਜਾਂਦਾ ਹੈ ਤੇ ਨਵੇਂ ਵਿਆਹ ਦੀ ਤਿਆਰੀ ਅਰੰਭ ਕਰ ਦਿੱਤੀ ਜਾਂਦੀ ਹੈ। ਮੈਂਨੂੰ ਲਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ, ਇਨਸਾਨ ਨਹੀਂ- ਖਿਡੌਣੇ ਸਮਝਦੇ ਹਾਂ। ਹੁਣ ਕੱਚੇ ਵਿਆਹ ਵਾਲੀ ਦੇ ਬੱਚਿਆਂ ਦਾ ਕੀ ਕਸੂਰ- ਜਿਸ ਨੂੰ ਜਬਰਦਸਤੀ ਬਾਪ ਦੇ ਪਿਆਰ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਫਿਰ ਜੋ ਆਦਮੀ ਹੋਰ ਕਿਸੇ ਦਾ ਪਤੀ ਰਹਿ ਚੁੱਕਾ ਹੋਵੇ, ਉਹ ਆਪਣੀ ਦੂਸਰੀ ਬੀਵੀ ਪ੍ਰਤੀ ਕਿੰਨਾ ਕੁ ਵਫਾਦਾਰ ਹੋ ਸਕਦਾ ਹੈ?- ਇਹ ਵੀ ਨਿਸ਼ਚੇ ਨਾਲ ਨਹੀ ਕਿਹਾ ਜਾ ਸਕਦਾ। ਇਸ ਤਰ੍ਹਾਂ ਦੋ ਬੇੜੀਆਂ ਦੇ ਸਵਾਰ ਕਈ ਵਾਰੀ ਡੁੱਬ ਵੀ ਜਾਂਦੇ ਹਨ। ਮਾਪਿਆਂ ਦੀ ਇਸ ਸਕੀਮ ਨਾਲ ਕਈ ਵਾਰੀ, ਇੱਕ ਨਹੀਂ ਕਈ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ।
ਇੱਕ ਸਾਡੇ ਵਾਕਫਕਾਰ ਹਨ ਇੰਡੀਆਂ ਵਿੱਚ। ਉਹਨਾਂ ਕਿਸੇ ਏਜੰਟ ਰਾਹੀਂ ਮੁੰਡਾ ਅਮਰੀਕਾ ਭੇਜਿਆ। ਫਿਰ ਗੋਰੀ ਨਾਲ ਕੱਚਾ ਵਿਆਹ ਕੀਤਾ- ਪੱਕਾ ਹੋਣ ਲਈ। ਉਹ ਗੋਰੀ ਉਸ ਨੂੰ ਮਿਸਟਰ ਸਿੰਘ ਕਹਿੰਦੀ ਤੇ ਸੱਚਾ ਪਿਆਰ ਕਰਦੀ। ਉਸ ਲੜਕੇ ਨੂੰ ਵੀ ਉਹ ਬਹੁਤ ਚੰਗੀ ਲਗਦੀ। ਉਹਨਾਂ ਦਾ ਇੱਕ ਖੂਬਸੂਰਤ ਲੜਕਾ ਵੀ ਹੋ ਗਿਆ। ਉਹ 8 ਸਾਲ ਇੰਡੀਆ ਨਾ ਆਇਆ। ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਜਾਇਦਾਦ ਬਹੁਤ ਸੀ। ਉਸ ਦੇ ਮਾਪੇ ਬਾਰ ਬਾਰ ਗੋਰੀ ਨੂੰ ਤਲਾਕ ਦੇਣ ਲਈ ਪ੍ਰੇਰਦੇ, ਤਾਂ ਕਿ ਉਹ ਆਪਣੀ ਬਰਾਦਰੀ ਵਿੱਚ, ਆਪਣੀ ਮਨਪਸੰਦ ਲੜਕੀ ਨਾਲ ਗੱਜ ਵੱਜ ਕੇ ਵਿਆਹ ਕਰ ਸਕਣ। ਉਸ ਨੇ ਕੋਸ਼ਿਸ਼ ਕੀਤੀ ਕਿ- ਉਸ ਦੇ ਮਾਪੇ ਹੁਣ ਉਸ ਅੰਗਰੇਜ਼ ਕੁੜੀ ਨੂੰ ਹੀ ਆਪਣੀ ਬਹੂ ਮੰਨ ਲੈਣ- ਪਰ ਬਾਪ ਨੇ ਤਾਂ ਉਸ ਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ। ਬੱਸ ਇਹੀ ਕਹਿਣ- ‘ਜਿੰਨਾ ਪੈਸਾ ਮੰਗਦੀ ਆ ਮੱਥੇ ਮਾਰ ਤੇ ਛੱਡ ਦੇਹ’। ਗੋਰੀ ਨੇ ਉਸ ਨਾਲ ਕਈ ਵਾਰ ਇੰਡੀਆ ਜਾਣ ਅਤੇ ਉਸ ਦੇ ਮਾਂ-ਬਾਪ ਨੂੰ ਮਿਲਣ ਦੀ ਇੱਛਾ ਪਰਗਟ ਕੀਤੀ, ਪਰ ਉਹ ਟਾਲਮਟੋਲ ਕਰਦਾ ਰਿਹਾ। ਅਖੀਰ ਉਸ ਨੂੰ ਮਾਂ-ਬਾਪ ਦੀ ਜ਼ਿੱਦ ਅੱਗੇ ਝੁਕਣਾ ਪਿਆ। ਉਸ ਨੇ ਪਹਿਲੀ ਬੀਵੀ ਨੂੰ ਤਲਾਕ ਦੇ ਕੇ, ਦੂਜਾ ਵਿਆਹ ਕਰਾ ਤਾਂ ਲਿਆ- ਪਰ ਉਹ ਦੂਸਰੀ ਬੀਵੀ ਨਾਲ ਇਨਸਾਫ ਨਾ ਸਕਿਆ। ਭਾਵੇਂ ਉਸ ਦੇ ਦੂਸਰੀ ਤੋਂ ਵੀ ਦੋ ਬੱਚੇ- ਲੜਕਾ ਤੇ ਲੜਕੀ, ਹੋ ਗਏ। ਪਰ ਪਤਾ ਨਹੀਂ- ਉਸ ਦੀ ਜ਼ਮੀਰ ਨੇ ਉਸ ਨੂੰ ਲਾਹਨਤਾਂ ਪਾਈਆਂ- ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਜਿਸ ਤੋਂ ਬਚਣ ਲਈ ਉਹ ਨਸ਼ਿਆਂ ਵਿੱਚ ਡੁੱਬ ਗਿਆ ਤੇ ਉਸ ਨੂੰ ਵੀ ਛੱਡ ਕੇ ਇਕੱਲਾ ਰਹਿਣ ਲੱਗਾ। ਇਸੇ ਕਸ਼ਮਕਸ਼ ਵਿੱਚ ਦੂਸਰੀ ਬੀਵੀ ਨੂੰ ਇੱਕ ਨਾਮੁਰਾਦ ਬੀਮਾਰੀ ਚੰਬੜ ਗਈ। ਉਸ ਵਿਚਾਰੀ ਦੇ ਬੱਚੇ ਛੋਟੇ ਸਨ- ਪੇਕਾ ਪਰਿਵਾਰ ਇੰਡੀਆ ਸੀ- ਕੌਣ ਬਾਤ ਪੁੱਛੇ ਪਰਦੇਸਾਂ ਵਿੱਚ? ਉਸ ਕੱਚੇ ਵਿਆਹ ਵਾਲੀ ਗੋਰੀ ਨੇ ਉਸ ਵੇਲੇ ਉਸ ਦਾ ਇਲਾਜ ਕਰਵਾਇਆ, ਉਸ ਦੇ ਬੱਚੇ ਸੰਭਾਲੇ। ਸੋਚਦੀ ਹਾਂ ਕਿ- ਪਤਾ ਨਹੀਂ ਕਿਉਂ ਆਪਣੇ ਲੋਕ ਅਕਸਰ ਹੀ ਕਹਿ ਦਿੰਦੇ ਹਨ ਕਿ- ਇਹ ਲੋਕ ਵਫਾਦਾਰ ਨਹੀਂ ਹੁੰਦੇ। ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹਣਾ ਵੀ ਠੀਕ ਨਹੀਂ। ਸਾਡੇ ਲੋਕਾਂ ਵਿੱਚ ਧੋਖੇ ਕਿਤੇ ਘੱਟ ਹੁੰਦੇ ਹਨ? ਹੁਣ ਤੁਸੀਂ ਆਪ ਹੀ ਸੋਚੋ ਕਿ- ਕੀ ਖੱਟਿਆ ਮਾਪਿਆਂ ਨੇ ਇਸ ਕੱਚੇ ਪੱਕੇ ਵਿਆਹ ਤੋਂ? ਆਪਣੇ ਬੇਟੇ ਦੀ ਹੀ ਨਹੀਂ- ਸਗੋਂ ਉਹਨਾਂ ਦੋਹਾਂ ਔਰਤਾਂ ਤੇ ਤਿੰਨਾਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਕੀ ਪ੍ਰਾਪਤ ਹੋਇਆ ਆਖਿਰ ਉਹਨਾਂ ਨੂੰ?
ਇਸੇ ਤਰ੍ਹਾਂ ਇੱਕ ਹੋਰ ਲੜਕਾ ਸੀ- ਵਿਆਹਿਆ ਵਰਿਆ ਹੋਇਆ- ਦੋ ਬੱਚਿਆਂ ਦਾ ਬਾਪ- ਚੰਗੀ ਜ਼ਮੀਨ ਜਾਇਦਾਦ ਦਾ ਮਾਲਕ। ਇੰਡੀਆ ‘ਚ ਸੁਹਣਾ ਕੰਮ ਸੀ ਖੇਤੀ ਬਾੜੀ ਦਾ। ਬੱਸ ਭੂਤ ਸਵਾਰ ਹੋ ਗਿਆ ਕਨੇਡਾ ਦਾ। ਪਰਿਵਾਰ ‘ਚੋਂ ਇੱਕ ਭਰਜਾਈ ਲਗਦੀ, ਨਾਲ ਕੱਚਾ ਵਿਆਹ ਕੀਤਾ- ਤੇ ਆਪਣੀ ਪਰੀਆਂ ਵਰਗੀ ਬੀਵੀ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਲਾਰਾ ਲਾ- ਕਨੇਡਾ ਪਹੁੰਚ ਗਿਆ। ਇੱਧਰ ਆ ਕੇ ਟਰੱਕ ਚਲਾਉਣ ਲੱਗਾ- ਤੇ ਉਸ ਫਰਜ਼ੀ ਵਿਆਹ ਵਾਲੀ ਨੂੰ ਪੱਕਾ ਹੋਣ ਲਈ ਤੇ ਤਲਾਕ ਦੇਣ ਲਈ ਕਮਾਈ ਦੇਣ ਲੱਗਾ। ਉਸ ਔਰਤ ਨੂੰ ਵਾਹਵਾ ਕਮਾਈ ਆਉਣ ਲੱਗ ਪਈ- ਤੇ ਉਹ ਭਲਾ ਕਿਉਂ ਤਲਾਕ ਦੇਵੇ? ਉਹ ਦੋ ਬੇੜੀਆਂ ਦਾ ਸਵਾਰ ਹੁਣ ਅੱਧ ਵਿਚਕਾਰੇ ਲਟਕ ਰਿਹਾ ਹੈ। ਆਪਣੇ ਬੀਵੀ ਬੱਚੇ ਮੰਗਵਾ ਨਹੀਂ ਸਕਦਾ- ਬੱਸ ਕਦੇ ਕਦਾਈਂ ਮਿਲ ਆਉਂਦਾ ਹੈ।
ਸਾਡੇ ਲੋਕਾਂ ਦੀ ਮਾਨਸਿਕਤਾ ਵਿੱਚ ਇੱਕ ਇਹ ਵੀ ਗੱਲ ਬੈਠੀ ਹੋਈ ਹੈ ਕਿ- ਵਿਆਹ ਆਪਣੀ ਬਰਾਦਰੀ ਵਿੱਚ ਹੀ ਹੋਣਾ ਚਾਹੀਦਾ। ਭਾਈ- ਜੇ ਸਾਡੇ ਬੱਚੇ ਮਲਟੀਕਲਚਰਲ ਦੇਸ਼ ਵਿੱਚ ਜੱੰਮੇ ਪਲੇ ਹਨ, ਉਹਨਾਂ ਨੂੰ ਇਹ ਹੱਕ ਹੈ ਕਿ- ਉਹ ਜਿਸ ਨੂੰ ਪਸੰਦ ਕਰਨ ਉਸ ਨੂੰ ਜੀਵਨ ਸਾਥੀ ਚੁਨਣ। ਸਾਨੂੰ ਜ਼ਿਦ ਕਰਕੇ, ਆਪਣਾ ਤੇ ਬੱਚਿਆਂ ਦਾ ਜੀਵਨ ਨਰਕ ਨਹੀਂ ਬਨਾਉਣਾ ਚਾਹੀਦਾ। ਕਈ ਵਾਰੀ ਆਪਣੀ ‘ਈਗੋ’ ਕਾਰਨ, ਅਸੀਂ ਆਪਣੇ ਬੱਚਿਆਂ ਦੇ ਪਿਆਰ ਤੋਂ ਵਾਂਝੇ ਹੋ ਜਾਂਦੇ ਹਾਂ। ਕਈ ਮਾਪੇ ਇਹ ਵੀ ਕਹਿੰਦੇ ਸੁਣੇ ਹਨ ਕਿ-‘ਕੋਈ ਗੱਲ ਨਹੀਂ, ਤੂੰ ਉਸ ਨੂੰ ਵੀ ਦੋਸਤ ਬਣਾਈ ਰੱਖ- ਪਰ ਪੱਕਾ ਵਿਆਹ ਤਾਂ ਆਪਾਂ ਇੰਡੀਆ ਜਾ ਕੇ ਹੀ ਕਰਾਂਗੇ’। ਇੰਡੀਆ ਵਾਲੇ ਭੋਲੇ ਭਾਲੇ ਮਾਪੇ ਵਿਚਾਰੇ ਬਿਨਾ ਪੁੱਛ ਪੜਤਾਲ ਕੀਤੇ, ਅਪਣੀ ਮਲੂਕ ਜਿਹੀ ਕੁੜੀ ਦਾ ਵਿਆਹ ਕਰ ਦਿੰਦੇ ਹਨ। ਪਰ ਉਸ ਵਿਚਾਰੀ ਨੂੰ ਪਤਾ ਉਦੋਂ ਲਗਦਾ- ਜਦ ਪਾਣੀ ਸਿਰੋਂ ਲੰਘ ਚੁੱਕਾ ਹੁੰਦਾ।
ਕਈ ਵਾਰੀ ਵਿਆਹ ਪੱਕਾ ਹੀ ਹੁੰਦਾ ਹੈ, ਪਰ ਸਮਾਜ ਨੂੰ ਹਜ਼ਮ ਨਹੀਂ ਹੁੰਦਾ। ਕਿਉਂਕਿ ਸਾਡੇ ਦਿਮਾਗਾਂ ਵਿੱਚ ਬੈਠਾ ਹੋਇਆ ਹੈ ਕਿ- ਦੂਸਰੀ ਕਮਿਊਨਿਟੀ ਵਿੱਚ ਵਿਆਹ ਕੇਵਲ ਪੱਕੇ ਹੋਣ ਲਈ ਕੀਤਾ ਜਾਂਦਾ ਹੈ, ਪਰ ਇਹ ਅਸਲੀ ਨਹੀਂ ਹੁੰਦਾ। ਮੇਰੀ ਇੱਕ ਸਹੇਲੀ ਦਾ ਬੇਟਾ ਗਰੈਜੁਏਸ਼ਨ ਕਰ ਕੇ ਇੰਗਲੈਂਡ ਚਲਾ ਗਿਆ। ਉਸ ਨੇ 5-7 ਸਾਲ ਮਿਹਨਤ ਕਰਕੇ ਚੰਗੀ ਕਮਾਈ ਕਰ ਲਈ। ਪਰ ਕਨੂੰਨ ਸਖਤ ਹੋਣ ਕਾਰਨ ਪੱਕਾ ਨਾ ਹੋਵੇ, ਵਰਕ ਪਰਮਿਟ ਹੀ ਮਿਲੀ ਜਾਵੇ। ਹੁਣ ਪਿੱਛੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਵਿਆਹ ਦੀ ਉਮਰ ਸੀ- ਮਾਪੇ ਸ਼ਾਦੀ ਕਰਨਾ ਚਾਹੁੰਦੇ ਸਨ। ਪਰ ਇੰਡੀਆ ਦੀ ਕੁੜੀ ਉੱਧਰ ਜਾ ਨਹੀਂ ਸੀ ਸਕਦੀ। ਉਸ ਮਾਪਿਆਂ ਨਾਲ ਸਲਾਹ ਕੀਤੀ ਕਿ- ‘ਉਸ ਦੇ ਮਿਹਨਤੀ ਸੁਭਾਅ ਤੋਂ ਇੱਕ ਗੋਰੀ ਲੜਕੀ ਬਹੁਤ ਪ੍ਰਭਾਵਤ ਹੈ। ਉਹ ਉਸ ਨੂੰ ਪਸੰਦ ਵੀ ਕਰਦੀ ਹੈ ਤੇ ਸ਼ਾਦੀ ਦੀ ਪੇਸ਼ਕਸ਼ ਵੀ ਕਰ ਚੁੱਕੀ ਹੈ। ਸੋ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਉਸ ਨੂੰ ਹਾਂ ਕਰ ਦੇਵਾਂ ਤੇ ਪੱਕਾ ਵੀ ਹੋ ਜਾਵਾਂ?’ ਮਾਪੇ ਸਿਆਣੇ ਸਨ- ਉਹਨਾਂ ਹਾਂ ਕਰ ਦਿੱਤੀ। ਉੱਧਰ ਹੀ ਸ਼ਾਦੀ ਹੋ ਗਈ, ਇੱਕ ਬੇਟੀ ਵੀ ਹੋ ਗਈ। ਦੋ ਕੁ ਸਾਲ ਦੀ ਬੇਟੀ ਨੂੰ ਤੇ ਗੋਰੀ ਬੀਵੀ ਨੂੰ ਲੈ ਕੇ ਉਹ ਇੰਡੀਆ ਆਇਆ। ਮਾਪਿਆਂ ਨੇ ਰੀਸੈਪਸ਼ਨ ਰੱਖ ਦਿੱਤੀ। ਪੈਸੇ ਦੀ ਕਮੀ ਨਹੀਂ ਸੀ ਮੁੰਡੇ ਕੋਲ। ਸ਼ਹਿਰ ਦਾ ਸਭ ਤੋਂ ਮਹਿੰਗਾ ਪੈਲੇਸ ਕੀਤਾ ਗਿਆ-ਸਭ ਰਿਸ਼ਤੇਦਾਰ, ਦੋਸਤ ਮਿੱਤਰ ਸੱਦੇ ਗਏ। ਜਦੋਂ ਉਹ ਦਰਮਿਆਨੇ ਕੱਦ ਤੇ ਕਣਕਵੰਨੇ ਰੰਗ ਦਾ ਲੜਕਾ- ਇੱਕ ਉੱਚੀ ਲੰਮੀ ਗੋਰੀ ਨਿਸ਼ੋਹ ਮੇਮ ਦਾ ਹੱਥ ਫੜੀ, ਇੱਕ ਦੋ ਕੁ ਸਾਲ ਦੀ ਪਿਆਰੀ ਜਿਹੀ ਬੱਚੀ- ਜੋ ਸਭ ਨੂੰ ਮੁਸਕਰਾ ਕੇ ਹਾਏ-ਬਾਏ ਕਰ ਰਹੀ ਸੀ- ਨਾਲ ਸਟੇਜ ਵੱਲ ਆਇਆ ਤਾਂ ਲੋਕ ਹੈਰਾਨ ਰਹਿ ਗਏ।
ਸਭ ਹੈਰਾਨੀ ਨਾਲ ਮੂੰਹ ‘ਚ ਉਂਗਲਾਂ ਪਾਈ ਗੱਲਾਂ ਕਰ ਰਹੇ ਸਨ-‘ਅੱਛਾ..! ਇਹ ਪੱਕਾ ਵਿਆਹ ਸੀ..ਅਸੀਂ ਤਾਂ ਸੋਚਿਆ ਕਿ ਕੱਚਾ ਹੀ ਹੋਏਗਾ!’
ਮੈਂ ਵੀ ਉਸ ਪੰਡਾਲ ਵਿੱਚ ਸ਼ਾਮਲ ਸਾਂ। ਮੈਂ ਕਈਆਂ ਨੂੰ ਕਿਹਾ ਕਿ-‘ਪੱਕਾ ਹੈ ਤਾਂ ਹੀ ਤਾਂ ਰੀਸੈਪਸ਼ਨ ਕੀਤੀ ਹੈ, ਜੇ ਕੱਚਾ ਹੁੰਦਾ ਤਾਂ ਲੁਕੋਅ ਲੈਣਾ ਸੀ’।
‘ਲੈ..ਰੀਸੈਪਸ਼ਨ ਦਾ ਕੀ ਆ..ਸ਼ਗਨ ਇਕੱਠੇ ਕਰਨ ਲਈ ਕਰ ਲਈ ਹੋਣੀ ਆਂ..ਕੋਈ ਦੇਖਿਆ- ਏਦਾਂ ਪੋਤਾ ਪੋਤੀ ਹੋ ਜਾਣ ਬਾਅਦ ਰੀਸੈਪਸ਼ਨ ਕਰਦਾ..?’ ਕਿਸੇ ਹੋਰ ਨੇ ਕਿਹਾ।
ਵੈਸੇ ਵੀ ਅਸੀਂ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋਣਾ ਤਾਂ ਸਿੱਖਿਆ ਹੀ ਨਹੀਂ। ਬੱਸ ਸੜਨਾ ਹੀ ਆਉਂਦਾ ਸਾਡੇ ਲੋਕਾਂ ਨੂੰ। ਗੱਲ ਕੀ- ਸਮਾਜ ਨੂੰ ਇਹ ਪੱਕਾ ਵਿਆਹ ਵੀ ਹਜ਼ਮ ਹੀ ਨਹੀਂ ਸੀ ਹੋ ਰਿਹਾ!
ਮੇਰੀ ਤਾਂ ਮਾਪਿਆਂ ਨੂੰ ਇਹੀ ਅਪੀਲ ਹੈ ਕਿ- ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ, ਕਿਰਤ ਕਰਨ ਦੀ ਵੀ ਆਦਤ ਪਾਓ। ਕਈ ਕਿੱਤਿਆਂ ਦੇ ਮਾਹਰ ਬਣਾਓ, ਨਵੀਂ ਟੈਕਨੌਲੌਜੀ ਸਿਖਾਓ। ਤਾਂ ਕਿ ਉਹ ਆਪਣੀ ਕਾਬਲੀਅਤ ਨਾਲ ਏਥੇ ਪੱਕੇ ਹੋਣ, ਨਾ ਕਿ ਕੱਚੇ ਵਿਆਹ ਦਾ ਸਹਾਰਾ ਲੈ ਕੇ। ਇਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਵੀ ਵਧੇਗਾ। ਵਿਆਹ ਵਰਗੇ ਪਵਿੱਤਰ ਬੰਧਨ ਨਾਲ ਕੱਚਾ- ਪੱਕਾ ਸ਼ਬਦ ਜੋੜ ਕੇ ਇਸ ਨੂੰ ਕੱਖੋਂ ਹੌਲਾ ਨਾ ਕਰੋ। ਇਹ ਦੋ ਰੂਹਾਂ ਦਾ ਮੇਲ ਹੁੰਦਾ ਹੈ- ਦੋ ਜ਼ਿੰਦਗੀਆਂ ਦਾ ਸਵਾਲ ਹੁੰਦਾ ਹੈ। ਇਸ ਨੂੰ ਨਾਟਕ ਨਾ ਸਮਝੋ। ਇਹ ਚਾਹੇ ਕਿਸੇ ਧਰਮ, ਜ਼ਾਤ- ਗੋਤ ‘ਚ ਹੋਵੇ, ਪਰ ਬਹੁਤ ਸੋਚ ਸਮਝ ਕੇ, ਮਾਪਿਆਂ ਤੇ ਬੱਚਿਆਂ ਦੀ ਸਲਾਹ ਨਾਲ- ਇੱਕੋ ਹੀ ਹੋਣਾ ਚਾਹੀਦਾ ਹੈ। ਜੋ ਜੀਵਨ ਭਰ ਦਾ ਸਾਥ ਨਿਭਾਉਣ ਦਾ ਇਕਰਾਰਨਾਮਾ ਹੋਵੇ ਤੇ ਜਿਸ ਲਈ ਦੋਵੇਂ ਵਚਨਬੱਧ ਹੋਣ। ਗੁਰਬਾਣੀ ਵਿੱਚ ਵੀ ਆਉਂਦਾ ਹੈ-
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ (ਅੰਗ 788)
ਪਰਿਵਾਰ ਸਮਾਜ ਦੀ ਇੱਕ ਇਕਾਈ ਹੈ। ਪਰਿਵਾਰਾਂ ਨੂੰ ਜੋੜ ਕੇ ਹੀ ਸਮਾਜ ਬਣਦਾ ਹੈ। ਜੇ ਸਾਡੇ ਪਰਿਵਾਰ ਖੁਸ਼ਹਾਲ ਨਹੀਂ ਹੋਣਗੇ, ਤਾਂ ਸਮਾਜ ਵਿੱਚ ਯਕੀਨਨ ਬਦਅਮਨੀ ਫੈਲੇਗੀ। ਇਸੇ ਲਈ ਸਾਨੂੰ ਜ਼ਿੰਦਗੀ ਦੇ ਇਸ ਅਹਿਮ ਪੜਾਅ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ- ਤਾਂ ਹੀ ਅਸੀਂ ਇਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।
ਫੈਸਲਾ ਸਾਡੇ ਆਪਣੇ ਹੱਥ ਹੈ!